ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 1 ਮਈ 2020 - ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਸੂਬੇ ਵਿੱਚ ਲਗਾਏ ਗਏ ਕਰਫਿਊ/ਲਾਕਡਾਊਨ ਕਾਰਨ ਪੰਜਾਬ ਵਿੱਚ ਫਸੇ ਵਿਅਕਤੀਆਂ ਦੇ ਆਪਣੇ ਪਿਤਰੀ ਰਾਜ ਵਾਪਸ ਜਾਣ ਸਬੰਧੀ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ (ਐਸ.ਓ.ਪੀ.) ਜਾਰੀ ਕਰ ਦਿੱਤਾ ਗਿਆ ਹੈ।। ਇਸ ਬਾਰੇ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਨੇ ਦੱਸਿਆ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਵਿੱਚ ਫਸੇ ਵਿਅਕਤੀਆਂ ਦੇ ਆਪਣੇ ਪਿਤਰੀ ਰਾਜ ਵਾਪਸ ਜਾਣ ਦੀ ਪ੍ਰਕਿਰਿਆ 5 ਮਈ, 2020 ਨੂੰ ਸ਼ੁਰੂ ਹੋਵੇਗੀ।। ਉਨਾਂ ਦੱਸਿਆ ਕਿ ਜੋ ਵਿਅਕਤੀ ਆਪਣੇ ਰਾਜ ਜਾਣਾ ਚਾਹੁੰਦੇ ਹਨ ਉਹ ਆਨ ਲਾਈਨ ਇਹ ਪ੍ਰੋਫਾਰਮਾ www.covidhelp.punjab.gov.in ਤੇ ਉਪਲੱਬਧ ਹੈ, ਤੁਰੰਤ ਭਰਨ।ਉਨਾਂ ਕਿਹਾ ਕਿ ਇੱਕ ਵਾਰ ਜਦੋਂ ਕੋਈ ਵਿਅਕਤੀ ਆਪਣੇ ਪਰਿਵਾਰ / ਸਮੂਹ ਲਈ ਲਿੰਕ 'ਤੇ ਪ੍ਰੋਫਾਰਮਾ ਭਰਦਾ ਹੈ ਤਾਂ ਉਸਨੂੰ ਪੂਰੇ ਪਰਿਵਾਰ / ਸਮੂਹ ਲਈ ਇੱਕ ਸਿਸਟਮ ਦੁਆਰਾ ਜਨਰੇਟ ਆਈ.ਡੀ. ਮਿਲੇਗੀ। ਆਪਣੇ ਪਿਤਰੀ ਰਾਜ ਜਾਣ ਦੇ ਇਛੁੱਕ ਵਿਅਕਤੀਆਂ ਦੁਆਰਾ ਦਿੱਤੇ ਹੋਏ ਲਿੰਕ 'ਤੇ ਮੁਕੰਮਲ ਜਾਣਕਾਰੀ 03-05-2020 ਨੂੰ ਸਵੇਰੇ 09:00 ਵਜੇ ਤੱਕ ਭਰ ਦਿੱਤੀ ਜਾਣੀ ਚਾਹੀਦੀ ਹੈ।
ਉਨਾਂ ਦੱਸਿਆ ਕਿ ਵਾਪਸ ਜਾਣ ਦੇ ਇੱਛੁੱਕ ਵਿਅਕਤੀਆਂ ਦੀ ਸਿਹਤ ਦੀ ਜਾਂਚ ਲਈ ਹੈਲਥ ਚੈਕਅੱਪ ਕੈਂਪ ਲਗਾਇਆ ਜਾਵੇਗਾ।। ਇੱਕ ਕੈਂਪ ਵਿੱਚ ਇਕੋ ਪਰਿਵਾਰ ਦੇ ਮੈਂਬਰਾਂ/ਸਮੂਹ ਦੀ ਸਕਰੀਨਿੰਗ ਕੀਤੀ ਜਾਵੇਗੀ।। ਜਦੋਂ ਕਿਸੇ ਵਿਅਕਤੀ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਉਸ ਵਿੱਚ ਕੋਈ ਲੱਛਣ ਨਹੀਂ ਪਾਏ ਜਾਂਦੇ ਤਾਂ ਉਸਨੂੰ ਸਿਹਤ ਟੀਮ ਦੁਆਰਾ ਐਫ ਦੇ ਰੂਪ ਵਿੱਚ ਇੱਕ ਸਰਟੀਫਿਕੇਟ ਦਿੱਤਾ ਜਾਵੇਗਾ।।
ਉਨਾਂ ਕਿਹਾ ਕਿ ਵਿਅਕਤੀਆਂ ਦੀ ਵਾਪਸੀ ਸਬੰਧੀ ਆਵਾਜਾਈ 5 ਮਈ, 2020 ਤੋਂ ਸ਼ੁਰੂ ਹੋਵੇਗੀ। ਬੱਸਾਂ ਜਾਂ ਆਵਾਜਾਈ ਦੇ ਹੋਰ ਸਾਧਨ ਜੋ ਇਨਾਂ ਵਿਅਕਤੀਆਂ ਨੂੰ ਲਿਜਾਣ ਲਈ ਜਾਣਗੇ, ਦੀ ਗਿਣਤੀ ਅਤੇ ਹੋਰ ਵੇਰਵੇ ਡੀਸੀਜ਼ ਨਾਲ ਵੱਖਰੇ ਤੌਰ 'ਤੇ ਸਾਂਝੇ ਕੀਤੇ ਜਾਣਗੇ।