ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 9 ਮਈ 2020 - ਹਜ਼ੂਰ ਸਾਹਿਬ ਨਾਂਦੇੜ ਰਾਜਸਥਾਨ ਅਤੇ ਹੋਰ ਸੂਬਿਆਂ ਤੋਂ ਜ਼ਿਲ੍ਹੇ ਨਾਲ ਸੰਬੰਧਿਤ ਲੋਕਾਂ ਨੂੰ ਫਰੀਦਕੋਟ ਵਾਪਸ ਲਿਆਉਣ ਵਾਲੇ ਪੀ.ਆਰ.ਟੀ.ਸੀ ਡੀਪੂ ਫਰੀਦਕੋਟ ਦੇ 24 ਡਰਾਈਵਰਾਂ ਦੀ ਰਿਪੋਰਟ ਨੈਗਟਿਵ ਆਈ ਹੈ। ਪਿਛਲੇ ਦਿਨੀਂ ਪੀ.ਆਰ.ਟੀ.ਸੀ ਡੀਪੂ ਫਰੀਦਕੋਟ ਦੇ 24 ਡਰਾਇਵਰਾਂ ਨੂੰ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਸਕੂਲ ਪੁਰਾਣੀ ਪਿਪਲੀ ਵਿਖੇ ਇਕਾਂਤਵਾਸ ਕਰਕੇ ਇਨ੍ਹਾਂ ਦੇ ਸੈਂਪਲ ਲਏ ਗਏ ਸਨ।
ਸੈਂਪਲਾਂ ਦੀ ਰਿਪੋਰਟ ਨੈਗਟਿਵ ਆਉਣ ਤੋ ਬਾਅਦ ਅਤੇ ਇਨ੍ਹਾਂ ਦੇ ਡਾਕਟਰੀ ਮੁਆਇਨੇ ਤੋ ਬਾਅਦ ਸਾਰੇ ਡਰਾਈਵਰਾਂ ਦੀ ਸਿਹਤ ਬਿਲਕੁਲ ਠੀਕ ਪਾਈ ਗਈ ਹੈ। ਐਸ.ਡੀ.ਐਮ ਫਰੀਦਕੋਟ ਸ.ਪਰਮਜੀਤ ਸਿੰਘ ਬਰਾੜ ਆਦਿ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਉਪਰੋਕਤ ਸਾਰੇ ਡਰਾਈਵਰਾਂ ਨੂੰ ਅੱਜ ਸਰਕਾਰੀ ਸਕੂਲ ਪੁਰਾਣੀ ਪਿਪਲੀ ਦੇ ਇਕਾਂਤਵਾਸ ਕੇਦਰਾਂ ਤੋਂ ਘਰ ਭੇਜ ਦਿੱਤਾ ਗਿਆ। ਡੀ.ਪੀ.ਆਰ.ਓ ਦੀ ਖ਼ਬਰ ਮੁਤਾਬਿਕ ਨਵੀਂ ਪਿਪਲੀ ਦੇ ਸਰਕਾਰੀ ਸਕੂਲ ਵਿਖੇ ਡਰਾਇਵਰਾਂ ਨੂੰ ਰੱਖਿਆ ਗਿਆ ਸੀ।
ਬਾਬੂਸ਼ਾਹੀ ਵਿੱਚ ਲੱਗੀ ਖ਼ਬਰ ਨਸ਼ਰ ਹੋਣ ਤੋ ਬਾਅਦ ਪੀਆਰਟੀਸੀ ਦੇ ਡਰਾਇਵਰ ਲਖਵਿੰਦਰ ਸਿੰਘ ਨੇ ਫੋਨ ਤੇ ਜਾਣਕਾਰੀ ਦਿੰਦਿਆਂ ਦੱਸਿਆ ਸਾਨੂੰ ਨਵੀਂ ਪਿਪਲੀ ਦੇ ਸਰਕਾਰੀ ਸਕੂਲ ਨਹੀ ਸਗੋਂ ਪੁਰਾਣੀ ਪਿਪਲੀ ਦੇ ਸਰਕਾਰੀ ਸਕੂਲ ਵਿਖੇ ਰੱਖਿਆ ਗਿਆ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ, "ਅਸੀਂ ਸੱਚਖੰਡ ਸ਼੍ਰੀ ਹਜੂਰ ਸਾਹਿਬ ਤੋ ਸੰਗਤ ਨੂੰ ਨਹੀਂ, ਸਗੋਂ ਰਾਜਸਥਾਨ ਤੋ ਮਜਦੂਰਾਂ ਨੂੰ ਲੈ ਕੇ ਆਏ ਹਾਂ।" ਡਰਾਇਵਰ ਲਖਵਿੰਦਰ ਸਿੰਘ ਮੁਤਾਬਿਕ ਪੁਰਾਣੀ ਪਿਪਲੀ ਦੇ ਸਰਪੰਚ ਇਕਬਾਲ ਸਿੰਘ ਗਿੱਲ ਨੇ ਉਨ੍ਹਾਂ ਦੀ ਰੋਟੀ ਪਾਣੀ ਦੀ ਸੇਵਾ ਪਹਿਲੇ ਦਿਨ ਤੋਂ ਬਹੁਤ ਵਧੀਆ ਢੰਗ ਨਾਲ ਕੀਤੀ।