ਅਸ਼ੋਕ ਵਰਮਾ
ਬਠਿੰਡਾ, 16 ਅਪਰੈਲ 2020 - ਬਠਿੰਡਾ ਵਿਖੇ ਬਿਜਲੀ ਮੁਲਾਜਮਾਂ ਨੇ ਸੋਸਲ ਡਿਸਟੈਂਸ ਦੀ ਪਾਲਣਾ ਕਰਦੇ ਹੋਏ ਇੱਕ ਦੂਜੇ ਤੋਂ ਦੂਰੀ ਬਣਾ ਕੇ ਮੈਨੇਜਮੈਂਟ ਖਿਲਾਫ ਰੋਸ ਰੈਲੀ ਕਰਕੇ ਕਾਲਾ ਦਿਵਸ ਮਨਾਇਆ। ਇਸ ਤੋਂ ਪਹਿਲਾਂ ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ:49) ਭੰਗਲ, (ਪੱਛਮ ਜੋਨ) ਬਠਿੰਡਾ ਦੀ ਫੋਨ ਰਾਹੀਂ ਮੀਟਿੰਗ ਹੋਈ। ਇਥੇ ਸਬ ਡਵੀਜਨ ਟੈਕਨੀਕਲ 2 ਅਤੇ ਸਿਰਕੀ ਬਜਾਰ ਦਫਤਰ ਵਿਖੇ ਰੋਸ ਰੈਲੀ ਸਮੇਂ ਮੀਤ ਪ੍ਰਧਾਨ ਹੇਮ ਰਾਜ, ਨਰਿੰਦਰ ਕੁਮਾਰ ਅਤੇ ਜਗਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਇਸ ਦਿਨ ਸਰਕਾਰ ਨੇ ਬਿਜਲੀ ਮਹਿਕਮੇ ਨੂੰ ਤੋੜ ਕੇ ਵੱਖ ਵੱਖ ਭਾਗਾਂ ਵਿੱਚ ਵੰਡ ਦਿੱਤਾ ਸੀ ਜਿਸ ਦੇ ਰੋਸ ਵਜੋਂ ਹਰ ਸਾਲ ਕਾਲਾ ਦਿਵਸ ਮਨਾਇਆ ਜਾਂਦਾ ਹੈ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਮੱਦੇਨਜਰ ਸਰਕਾਰ ਨੇ ਉਨਾਂ ਨੂੰ ਕੋਈ ਵੀ ਸਹੂਲਤ ਨਹੀਂ ਦਿੱਤੀ ਸਗੋਂ ਉਨਾਂ ਦੀਆਂ ਤਨਖਾਹਾਂ ’ਤੇ ਕੱਟ ਲਗਾ ਕੇ ਉਨਾਂ ਦੇ ਦਿਲਾਂ ’ਤੇ ਵੱਡੀ ਸੱਟ ਮਾਰੀ ਹੈ ਜਦੋ ਕਿ ਉਹ ਦੂਹਰੇ ਰਿਸਕ ਵਿੱਚ ਆਪਣੀ ਜਾਨ ਜੋਖਮ ’ਚ ਪਾ ਕੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇ ਰਹੇ ਹਨ।
ਉਨਾਂ ਨੇ ਮੰਗ ਕੀਤੀ ਕਿ ਇਸ ਮਹਾਂਮਾਰੀ ਦੌਰਾਨ ਬਿਜਲੀ ਕਾਮਿਆਂ ਨੂੰ ਮਾਸਕ, ਸੈਨੇਟਾਈਜਰ,ਦਸਤਾਨੇ ਅਤੇ ਟੂਲ ਕਿੱਟਾਂ ਆਦਿ ਸਹੂਲਤਾਂ ਤਰੁੰਤ ਦਿੱਤੀਆਂ ਜਾਣ, ਮੈਨੇਜਮੈਂਟ ਵੱਲੋਂ 40% ਤਨਖਾਹ ਕਟੌਤੀ ਵਾਪਸ ਬਿਜਲੀ ਕਾਮਿਆਂ ਦੇ ਬੈਂਕ ਖਾਤਿਆਂ ਪਾ ਕੇ ਮੈਨੇਜਮੈਂਟ ਆਪਣਾ ਕੀਤਾ ਵਾਅਦਾ ਪੂਰਾ ਕਰੇ , ਜਨਵਰੀ, ਫਰਵਰੀ, ਅਤੇ ਮਾਰਚ ਮਹੀਨਿਆਂ ’ਚ ਰਿਟਾਇਰਮੈਂਟ ਹੋਏ ਬਿਜਲੀ ਕਾਮਿਆਂ ਅਤੇ ਇਹਨਾਂ ਮਹੀਨਿਆਂ ਦੌਰਾਨ ਵਿੱਛੜ ਚੁੱਕੇ ਬਿਜਲੀ ਕਾਮਿਆਂ ਦੇ ਪ੍ਰੀਵਾਰਾਂ ਦੇ ਰੁਕੇ ਹੋਏ ਬੈਨੀਫਿੱਟ ਅਤੇ ਬਿਮਾਰ ਚੱਲ ਰਹੇ ਬਿਜਲੀ ਕਾਮਿਆਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਰੁਕੇ ਹੋਏ ਮੈਡੀਕਲ ਬਿੱਲਾਂ ਆਦਿ ਨੂੰ ਜਾਰੀ ਕੀਤਾ ਜਾਵੇ । ਇਸ ਤੋਂ ਇਲਾਵਾ ਆਗੂਆਂ ਨੇ ਮੁਲਾਜਮਾਂ ਦਾ ਮਨੋਬਲ ਵਧਾਉਣ ਲਈ ਐਂਮਰਜੰਸੀ ਡਿਊਟੀ ਭੱਤਾ ਦੇਣ ਅਤੇ 50 ਲੱਖ ਦਾ ਬੀਮਾ ਕਰਨ ਦੀ ਵੀ ਮੰਗ ਕੀਤੀ।