← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ, 08 ਜੂਨ 2020: ਕੋਵਿਡ ਮਹਾਂਮਾਰੀ ਦੇ ਚੱਲਦਿਆਂ ਦੇਸ਼ ਭਰ ਵਿੱਚ ਲੱਗੇ ਲਾਕਡਾਊਨ ਨੇ ਕੰਮ ਕਰਨ ਦੇੇ ਢੰਗ ਨੂੰ ਪੂਰੀ ਤਰਾਂ ਬਦਲ ਦਿੱਤਾ ਹੈ ਅਤੇ ਕਾਰਪੋਰੇਟ ਜਗਤ ਦੀਆਂ ਮੰਨੀਆਂ ਪ੍ਰਮੰਨੀਆਂ ਕੰਪਨੀਆਂ ਵੀ ਪਲੇਸਮੈਂਟ ਕਰਨ ਲਈ ਅਜਿਹੇ ਹੀ ਨਵੇਂ ਰਾਹ ਅਪਣਾ ਰਹੀਆਂ ਹਨ। ਇਸੇ ਲੜੀ ਤਹਿਤ ਹੀ ਭਾਰਤ ਦੀ ਸਭ ਤੋਂ ਵੱਡੀ ਐਜ਼ੂਕੇਸ਼ਨਲ ਕੰਪਨੀ ਥਿੰਕ ਐਂਡ ਲਰਨ ਪ੍ਰਾ. ਲਿਮ. (ਬਾਇਯੂਜ ਦ ਲਰਨਿੰਗ ਐਪ) ਨੇ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਐਮ.ਬੀ.ਏ. (ਬੈਚ 2018-20) ਦੇ ਵਿਦਿਆਰਥੀ ਗੁਰਪਿੰਦਰ ਸਿੰਘ ਨੂੰ 10 ਲੱਖ ਸਾਲਾਨਾ ਦੇ ਪੈਕੇਜ ’ਤੇ ਨੌਕਰੀ ਲਈ ਚੁਣ ਲਿਆ। ਕੰਪਨੀ ਅਧਿਕਾਰੀਆਂ ਨੇ ਚੋਣ ਪ੍ਰਕਿਰਿਆ ਦੌਰਾਨ ਵਿਦਿਆਰਥੀ ਦੀ ਵੱਖ-ਵੱਖ ਗੇੜਾਂ ਰਾਹੀ ਆਨਲਾਈਨ ਇੰਟਰਵਿਊ ਕੀਤੀ। ਵਿਦਿਆਰਥੀ ਦੀ ਸੰਚਾਰ ਭਾਸ਼ਾ, ਵਪਾਰ ਜਗਤ ਬਾਰੇ ਸਮਝ ਅਤੇ ਪੇਸ਼ੇਵਰ ਪਹੁੰਚ ਸਦਕਾ ਕੰਪਨੀ ਦੇ ਅਧਿਕਾਰੀ ਬਹੁਤ ਪ੍ਰਭਾਵਿਤ ਹੋਏ ਅਤੇ ਉਨਾਂ ਨੇ ਵਿਦਿਆਰਥੀ ਗੁਰਪਿੰਦਰ ਸਿੰਘ ਨੂੰ ਬਿਜ਼ਨਸ ਡਿਵੈਲਪਮੈਂਟ ਟਰੇਨੀ ਦੇ ਅਹੁਦੇ ਲਈ ਚੁਣ ਲਿਆ। ਇਸ ਪ੍ਰਾਪਤੀ ’ਤੇ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਪਿ੍ਰੰਸੀਪਲ ਡਾ. ਜੈ ਅਸੀਸ ਸੇਠੀ ਅਤੇ ਫੈਕਲਟੀ ਮੈਂਬਰਾਂ ਨੇ ਕਿਹਾ ਕਿ ਸਾਨੂੰ ਇਸ ਗੱਲ ਦੀ ਬਹੁਤ ਖ਼ੁਸ਼ੀ ਹੈ ਕਿ ਇਸ ਹੋਣਹਾਰ ਵਿਦਿਆਰਥੀ ਗੁਰਪਿੰਦਰ ਸਿੰਘ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਵਿਸ਼ਵ ਪੱਧਰ ਦੀ ਮੋਹਰੀ ਐਜ਼ੂਕੇਸ਼ਨਲ ਕੰਪਨੀ ਬਾਇਯੂਜ ਤੋਂ ਕੀਤੀ ਹੈ । ਉਨਾਂ ਨੇ ਚੁਣੇ ਗਏ ਵਿਦਿਆਰਥੀ ਨੂੰ ਇਸ ਵੱਡੀ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ । ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਨੌਕਰੀ ਲਈ ਚੁਣੇ ਗਏ ਵਿਦਿਆਰਥੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਲਾਕਡਾਊਨ ਦੇ ਮੌਜੂਦਾ ਸੰਕਟਮਈ ਸਮੇਂ ਦੌਰਾਨ ਬੇਰੁਜ਼ਗਾਰੀ ਦੇ ਇਸ ਦੌਰ ਵਿੱਚ ਬੀ.ਐਫ.ਜੀ.ਆਈ. ਦੇ ਵਿਦਿਆਰਥੀ ਦੀ ਚੰਗੇ ਪੈਕੇਜ ’ਤੇ ਪਲੇਸਮੈਂਟ ਦਾ ਹੋਣਾ ਬਹੁਤ ਹੀ ਖ਼ੁਸ਼ੀ ਤੇ ਮਾਣ ਵਾਲੀ ਗੱਲ ਹੈ। ਉਨਾਂ ਨੇ ਦੱਸਿਆ ਕਿ ਸਾਡਾ ਮੁੱਖ ਉਦੇਸ਼ ਇੰਡਸਟਰੀ ਦੀਆਂ ਮੰਗਾਂ ਅਤੇ ਲੋੜਾਂ ਅਨੁਸਾਰ ਆਪਣੇ ਵਿਦਿਆਰਥੀਆਂ ਨੂੰ ਸਿਖਲਾਈ ਅਤੇ ਹੁਨਰ ਪ੍ਰਦਾਨ ਕਰਨਾ ਹੈ ਜਿਸ ਲਈ ਸੰਸਥਾ ਦੇ ਮਿਹਨਤੀ ਅਧਿਆਪਕ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਲਈ ਭਰਪੂਰ ਯੋਗਦਾਨ ਪਾ ਰਹੇ ਹਨ। ਉਨਾਂ ਨੇ ਦੱਸਿਆ ਕਿ ਬੀ.ਐਫ.ਜੀ.ਆਈ. ਵਿਖੇ ਨਵੀਨ ਅਧਿਆਪਨ ਢੰਗਾਂ ਤਹਿਤ ਵਿਦਿਆਰਥੀਆਂ ਦੀ ਸਮੁੱਚੀ ਸ਼ਖ਼ਸੀਅਤ ਉਸਾਰੀ ਕੀਤੀ ਜਾਂਦੀ ਹੈ ਜਿਸ ਦੀ ਬਦੌਲਤ ਸਮੁੱਚੇ ਰੂਪ ਵਿੱਚ ਵਿਦਿਆਰਥੀਆਂ ਦੀ ਪਲੇਸਮੈਂਟ ਵੱਖ-ਵੱਖ ਖੇਤਰਾਂ ਦੀਆਂ ਪ੍ਰਸਿੱਧ ਬਹੁਕੌਮੀ ਕੰਪਨੀਆਂ ਵਿੱਚ ਬਹੁਤ ਹੀ ਚੰਗੇ ਪੈਕੇਜਾਂ ’ਤੇ ਹੋ ਰਹੀ ਹੈ। ਉਨਾਂ ਨੇ ਸੰਸਥਾ ਦੇ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਦੁਆਰਾ ਕੀਤੇ ਜਾ ਰਹੇ ਸਾਰਥਿਕ ਯਤਨਾਂ ਦੀ ਸ਼ਲਾਘਾ ਕਰਦਿਆਂ ਨੌਕਰੀ ਲਈ ਚੁਣੇ ਗਏ ਵਿਦਿਆਰਥੀ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।
Total Responses : 267