ਅਸ਼ੋਕ ਵਰਮਾ
ਬਠਿੰਡਾ, 19 ਅਪ੍ਰੈਲ 2020 - ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਕਣਕ ਦੀ ਸਰਕਾਰੀ ਖਰੀਦ, ਰਾਸ਼ਨ ਦੀ ਵੰਡ, ਸਿਹਤ ਸੇਵਾਵਾਂ ਦਾ ਸਰਕਾਰੀਕਰਨ ਕਰਨ ਲਈ ਅਤੇ ਹੋਰ ਮੰਗਾਂ ਨੂੰ ਲਾਗੂ ਕਰਾਉਣ ਲਈ 16 ਕਿਸਾਨ, ਮਜ਼ਦੂਰ, ਮੁਲਾਜ਼ਮ, ਨੌਜਵਾਨਾਂ ਦੀਆਂ ਜਥੇਬੰਦੀਆਂ ਦੇ ਸੱਦੇ ਤੇ 25 ਅਪ੍ਰੈਲ ਨੂੰ ਸਵੇਰੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਕੋਠਿਆਂ ਉੱਪਰ ਚੜ ਕੇ ਸਖਤ ਰੋਸ ਪ੍ਰਦਰਸ਼ਨ ਕਰਨ ਲਈ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜਿਲਾ ਬਠਿੰਡਾ ਦੀ ਮੀਟਿੰਗ ਰਾਜਵਿੰਦਰ ਰਾਜੂ ਦੀ ਪ੍ਰਧਾਨਗੀ ਹੇਠ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਿੰਦਰ ਬਿੰਦੂ ਨੇ ਕਿਹਾ ਕਿ ਮੰਗਾਂ ਨੂੰ ਹੱਲ ਕਰਾਉਣ ਲਈ 25 ਅਪ੍ਰੈਲ ਨੂੰ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਦੀ ਸਫਲਤਾ ਵਾਸਤੇ ਧੁਰ ਪਿੰਡਾਂ ਤੱਕ ਜੋਰਦਾਰ ਤਿਆਰੀ ਕੀਤੀ ਜਾਵੇਗੀ । ਉਨਾਂ ਆਖਿਆ ਕਿ ਕਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ, ਟੈਸਟ ਕਰਨ, ਮਰੀਜ਼ਾਂ ਦੀ ਭਾਲ ਕਰਨ, ਇਲਾਜ ਦੇ ਪ੍ਰਬੰਧ ਕਰਨ ਅਤੇ ਸੰਕਟ ਮੂੰਹ ਆਏ ਲੋਕਾਂ ਦੀ ਖਾਦ ਖੁਰਾਕ ਅਤੇ ਹੋਰ ਬਿਮਾਰੀਆਂ ਦੇ ਇਲਾਜ ਦੀਆਂ ਲੋੜਾਂ ਦੀ ਪੂਰਤੀ ਕਰਨ ਲਈ ਕੇਂਦਰ ਅਤੇ ਪੰਜਾਬ ਸਰਕਾਰ ਬੁਰੀ ਤਰਾਂ ਫੇਲ ਹੋ ਚੁੱਕੀ ਹੈ ।
ਉਨਾਂ ਆਖਿਆ ਕਿ ਲੋਕਾਂ ਵਿੱਚ ਬਿਮਾਰੀ ਬਾਰੇ ਚੇਤਨਾ ਲਿਜਾਣ ਦੀ ਬਜਾਏ ਪੁਲਿਸ ਦੇ ਹੱਥ ਡਾਂਗ ਫੜਾਈ ਗਈ ਜੋਕਿ ਗੈਰ ਲੋਕਤੰਤਰੀ ਹੈ। ਉਨਾਂ ਦੋਸ਼ ਲਾਇਆ ਪੰਜਾਬ ਅਤੇ ਕੇਂਦਰ ਸਰਕਾਰ ਕਰੋਨਾ ਬਿਮਾਰੀ ਦੇ ਨਾਂ ਹੇਠ ਨਿੱਜੀਕਰਨ ਦੀਆਂ ਨੀਤੀਆਂ ਨੂੰ ਤੇਜੀ ਨਾਲ ਲਾਗੂ ਕਰਨ ਲੱਗੀ ਹੋਈ ਹੈ ਅਤੇ ਲੋਕਾਂ ਤੇ ਖਰਚ ਕਰਨ ਦੀ ਥਾਂ ਕੇਂਦਰ ਸਰਕਾਰ ਵੱਲੋਂ ਹਥਿਆਰ ਖਰੀਦੇ ਜਾ ਰਹੇ ਹਨ ਜਦੋਂ ਕਿ ਸਰਕਾਰੀ ਖਜ਼ਾਨੇ ਦਾ ਮੂੰਹ ਲੋਕਾਂ ਦੀ ਖਾਦ ਖੁਰਾਕ ਲਈ ਖੋਲਣਾ ਚਾਹੀਦਾ ਹੈ। ਪੰਜਾਬ ਸਰਕਾਰ ਦੇ ਕਣਕ ਖਰੀਦਣ ਦੇ ਪ੍ਰਬੰਧਾਂ ਦੀ ਫੂਕ ਨਿਕਲ ਚੁੱਕੀ ਹੈ ਜਿਸ ਕਾਰਨ ਕਿਸਾਨ ਅਤੇ ਕਣਕ ਮੰਡੀਆਂ ਵਿੱਚ ਰੁਲ ਰਹੇ ਹਨ ।
ਉਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੇ ਘਰਾਂ ਚੋਂ ਹੀ ਕਣਕ ਖਰੀਦਣ ਨੂੰ ਯਕੀਨੀ ਬਣਾਇਆ ਜਾਵੇ, 48 ਘੰਟਿਆਂ ਵਿੱਚ ਅਦਾਇਗੀ ਕੀਤੀ ਜਾਵੇ। ਮਜਦੂਰਾਂ ਨੂੰ ਜਨਤਕ ਵੰਡ ਪ੍ਰਣਾਲੀ ਰਾਂਹੀ ਘਰ ਘਰ ਰਾਸ਼ਨ ਪਹੁੰਚਾਇਆ ਜਾਵੇ ਅਤੇ ਫਿਰਕਾਪ੍ਰਸਤੀ ਫੈਲਾਉਣੀ ਬੰਦ ਕੀਤੀ ਜਾਵੇ। ਪ੍ਰੋਫੈਸਰਾਂ, ਬੁੱਧੀਜੀਵੀਆਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ । ਰੋਸ ਪ੍ਰਦਰਸ਼ਨ ਕਰਨ ਵੇਲੇ ਪੂਰੀਆਂ ਸਾਵਧਾਨੀਆਂ ਦਾ ਖਿਆਲ ਰੱਖਦਿਆਂ ਮੂੰਹ ਬੰਨ ਕੇ, 2 ਮੀਟਰ ਦੀ ਦੂਰੀ ਬਣਾ ਕੇ ਪੂਰਾ ਇਤਿਆਤ ਵਰਤਣ ਲਈ ਕਿਹਾ।ਮੀਟਿੰਗ ਵਿੱਚ ਆਗੂ ਵਰਕਰ ਗੁਲਾਬ ਸਿੰਘ ਜਿਉਂਦ, ਸੁਖਜੀਤ ਸਿੰਘ ਕੋਠਾਗੁਰੂ, ਜਗਸੀਰ ਸਿੰਘ ਝੁੰਬਾ, ਰਾਮ ਸਿੰਘ ਕੋਟਗੁਰੂ, ਅਜੇਪਾਲ ਘੁੱਦਾ, ਜੱਗਾ ਸਿੰਘ ਜੋਗੇਵਾਲ ਸ਼ਾਮਲ ਸਨ