ਅਸ਼ੋਕ ਵਰਮਾ
ਬਠਿੰਡਾ, 8 ਅਪ੍ਰੈਲ 2020 - ਪੰਜਾਬ ਵਿੱਚ ਕਣਕ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ ਪਰ ਪੰਜਾਬ ਸਰਕਾਰ ਨੇ ਕਣਕ ਦੀ ਖ਼ਰੀਦ ਸ਼ੁਰੂ ਕਰਨ ਲਈ ਅਜੇ ਤੱਕ ਕੋਈ ਵੀ ਪ੍ਰਬੰਧ ਨਹੀਂ ਕੀਤੇ ਹਨ। ਬੇਸ਼ੱਕ ਪੰਜਾਬ ਸਰਕਾਰ ਦਾ ਐਲਾਨ ਸੀ ਕਿ ਪੰਦਰਾਂ ਅਪਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕਰ ਲਈ ਜਾਵੇਗੀ ਪਰ ਨਾ ਤਾਂ ਅਜੇ ਤੱਕ ਮੰਡੀਆਂ ਦੀ ਸਫਾਈ ਹੋਈ ਹੈ ਨਾ ਹੀ ਕੋਈ ਮਜ਼ਦੂਰਾਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਨਾ ਹੀ ਜ਼ਰੂਰੀ ਸੁਵਿਧਾਵਾਂ ਜਿਵੇਂ ਪਾਣੀ ਸ਼ੈੱਡ ਪਖਾਨੇ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ।
ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਜਗਸੀਰ ਸਿੰਘ ਜੀਦਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕੀਤਾ। ਉਨ੍ਹਾਂ ਮੰਗ ਕੀਤੀ ਕਿ ਜਿੱਥੇ ਉਪਰੋਕਤ ਸਾਰੇ ਪ੍ਰਬੰਧ ਕੀਤੇ ਜਾਣੇ ਜ਼ਰੂਰੀ ਹਨ ਉੱਥੇ ਪਿੰਡਾਂ ਵਿੱਚੋਂ ਹੀ ਲੇਬਰ ਦਾ ਪ੍ਰਬੰਧ ਕੀਤਾ ਜਾਣਾ, ਸੈਨੀਟਾਈਜ਼ਰ ਵਾਲੇ ਕੈਬਿਨ ਦਾ ਪ੍ਰਬੰਧ ਕਰਨਾ, ਮੰਡੀ ਵਿੱਚ ਮਜਦੂਰਾਂ ਦੀ ਡਾਕਟਰੀ ਜਾਂਚ ਲਈ ਡਾਕਟਰ ਦਾ ਪ੍ਰਬੰਧ ਕਰਨਾ ਆਦਿ ਵੀ ਬਹੁਤ ਜ਼ਰੂਰੀ ਲੋੜਾਂ ਵਿੱਚ ਸ਼ਾਮਿਲ ਹਨ ਹੈ।
ਉਨ੍ਹਾਂ ਮੰਗ ਕੀਤੀ ਕਿ ਜੋ ਕਿਸਾਨ ਮਈ ਮਹੀਨੇ ਵਿੱਚ ਕਣਕ ਵੇਚਦਾ ਹੈ ਉਸ ਨੂੰ ਘੱਟੋ ਘੱਟ ਦੋ ਸੌ ਰੁਪਏ ਪ੍ਰਤੀ ਕੁਇੰਟਲ ਅਤੇ ਜੋ ਇੱਕ ਜੂਨ ਤੋਂ ਪੰਦਰਾਂ ਜੂਨ ਤੱਕ ਕਣਕ ਵੇਚਦਾ ਹੈ ਉਸ ਨੂੰ ਚਾਰ ਸੌ ਰੁਪਏ ਪ੍ਰਤੀ ਕੁਵਿੰਟਲ ਬੋਨਸ ਮਿਲਣਾ ਚਾਹੀਦਾ ਹੈ ਤਾਂ ਜੋ ਕਿਸਾਨ ਨੂੰ ਕੋਈ ਆਰਥਿਕ ਘਾਟਾ ਨਾ ਪਵੇ। ਇਸ ਤੋਂ ਇਲਾਵਾ ਜੋ ਸਰਕਾਰ ਵੱਲੋਂ ਸਿਰਫ਼ ਅੱਠ ਘੰਟੇ ਹੀ ਕੰਬਾਈਨਾਂ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਉਹ ਗ਼ਲਤ ਫ਼ੈਸਲਾ ਹੈ ਕਿਉਂਕਿ ਕਣਕ ਦੀ ਕਟਾਈ ਦਿਨ ਰਾਤ ਲਗਾਤਾਰ ਮਸ਼ੀਨਾਂ ਚਲਾ ਕੇ ਹੀ ਕੀਤੀ ਜਾ ਸਕਦੀ ਹੈ। ਜੇਕਰ ਕਣਕ ਲੇਟ ਹੁੰਦੀ ਹੈ ਤਾਂ ਬਿਜਲੀ ਦੀਆਂ ਤਾਰਾਂ ਤੋਂ ਅੱਗ ਲੱਗਣ ਦੇ ਹਾਦਸੇ ਬਹੁਤ ਜ਼ਿਆਦਾ ਵੱਧ ਜਾਣਗੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪਾਵਰ ਕਾਰਪੋਰੇਸ਼ਨ ਦੇ ਮੁਲਾਜ਼ਮ ਨੀਵੀਆਂ ਤਾਰਾਂ ਨੂੰ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਹੋਏ ਜਲਦੀ ਠੀਕ ਕਰਨ ਤਾਂ ਜੋ ਕੋਈ ਅੱਗ ਦੀ ਦੁਰਘਟਨਾ ਨਾ ਵਾਪਰੇ।