ਅਸ਼ੋਕ ਵਰਮਾ
ਬਠਿੰਡਾ, 30 ਅਪ੍ਰੈਲ 2020 - ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਆਪਣੀ ਜਥੇਬੰਦੀ ਵੱਲੋਂ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪ੍ਰੈੱਸ ਦੇ ਨਾਮ ਜਾਰੀ ਪ੍ਰੈੱਸ ਬਿਆਨ ਵਿਚ ਕਿਹਾ ਕਿ ਕੋਰੋਨਾ ਵਾਇਰਸ ਤੋਂ ਪਹਿਲਾਂ ਅਤੇ ਹੁਣ ਮੌਜੂਦਾ ਹਾਲਤਾਂ ਦੌਰਾਨ ਦੇਸ਼ ਦੀ ਵੱਡੀ ਗਿਣਤੀ ਆਬਾਦੀ ਆਰਥਿਕ ਮੰਦਹਾਲੀ ਤੋਂ ਭੁੱਖਮਰੀ ਵੱਲ ਧੱਕੀ ਜਾ ਰਹੀ ਹੈ।
ਉਨ੍ਹਾਂ ਕਿਹਾ ਇਸ ਮੌਕੇ ਭਾਵੇਂ ਇਸ ਭਿਆਨਕ ਮੰਦਹਾਲੀ ਦਾ ਸ਼ਿਕਾਰ ਸਭ ਤੋਂ ਜ਼ਿਆਦਾ ਫੌਰੀ ਤੌਰ ‘ਤੇ ਗੈਰ ਜਥੇਬੰਦਕ ਖੇਤਰ ਦਾ ਮਜ਼ਦੂਰ ਹੋਇਆ ਹੈ, ਜਿਨ੍ਹਾਂ ਦਾ ਪਿਛੋਕੜ ਖੇਤੀ ਖੇਤਰ ਪੇਂਡੂ ਇਲਾਕਾ ਹੈ, ਪਰ ਪੇਂਡੂ ਇਲਾਕੇ ਦੇ ਕਿਰਤ ਕਰਨ ਵਾਲੇ ਮਜ਼ਦੂਰ ਤੇ ਕਿਸਾਨ ਵੀ ਇਸ ਮਾਰੂ ਸੰਕਟ ਦਾ ਸ਼ਿਕਾਰ ਹੋ ਗਏ ਹਨ ਅਤੇ ਹੋਰ ਹੋਣਗੇ। ਉਨਾਂ ਕਿਹਾ ਕਿ ਇਸ ਮੌਕੇ ਜੱਥੇਬੰਦੀ ਕਿਸਾਨਾਂ ਵੱਲੋਂ ਮਜ਼ਦੂਰ ਦਿਵਸ ‘ਤੇ ਮਜ਼ਦੂਰਾਂ ਨਾਲ ਇਕਮੁਠਤਾ ਦਾ ਸੰਕਲਪ ਲੈਂਦੀ ਹੈ। ਉਨਾਂ ਖਦਸ਼ਾ ਜਤਾਇਆ ਕਿ ਕਰੋਨਾ ਦੀ ਮਹਾਂਮਾਰੀ ਦੌਰਾਨ ਅਤੇ ਇਸ ਤੋਂ ਬਾਅਦ ਕਾਰਪੋਰੇਟ ਘਰਾਣਿਆਂ ਦੀ ਲੁੱਟ ਹੋਰ ਵਧ ਸਕਦੀ ਹੈ।
ਕਿਸਾਨ ਆਗੂ ਬੂਟਾ ਸਿੰਘ ਬੁਰਜਗਿੱਲ ਅਤੇ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਹਰ ਮਿਹਨਤਕਸ਼ ਜਮਾਤ ਤੇ ਤਬਕੇ ਦਾ ਇਕ ਦੂਜੇ ਨਾਲ ਇੱਕਮੁਠਤਾ ਰਾਹੀਂ ਸਾਂਝੇ ਸੰਘਰਸ਼ਾਂ ਦੇ ਪਿੜ ਵਿਚ ਕੁੱਦ ਕੇ ਕਾਰਪੋਰੇਟ ਸੈਕਟਰ, ਹਿੰਦੂਤਵੀ ਫਾਸ਼ੀਵਾਦ ਵਿਰੁੱਧ ਤਿੱਖੇ ਤੇ ਸਾਂਝੇ ਸੰਘਰਸ਼ ਉਲੀਕਣੇ ਚਾਹੀਦੇ ਹਨ,ਇਹੋ ਸ਼ਿਕਾਗੋ ਦੇ ਮਈ ਦਿਵਸ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।