ਅਸ਼ੋਕ ਵਰਮਾ
ਬਠਿੰਡਾ ,30 ਮਾਰਚ 2020 - ਅੱਜ ਪਿੰਡ ਫੂਲ ਟਾਊਨ ਵਿਖੇ ਬੀਕੇਯੂ ਕਰਾਂਤੀਕਾਰੀ ਦੇ ਵਰਕਰਾਂ ਵਲੋਂ ਕਰੋਨਾ ਕਰਫਿਊ ਰਾਹੀਂ ਘਰਾਂ ਵਿੱਚ ਬੰਦ ਹੋਏ ਦਿਹਾੜੀਦਾਰ ਮਜਦੂਰਾਂ ਅਤੇ ਲੋੜਵੰਦਾਂ ਲਈ ਰਾਸ਼ਨ,ਖਾਸ ਕਰਕੇ ਆਟਾ ਇਕੱਠਾ ਕੀਤਾ ਗਿਆ ਅਤੇ ਕੱ ਲ ਨੂੰ ਲੋੜਵੰਦਾਂ ਦੀ ਬਣੀ ਹੋਈ ਲਿਸਟ ਮੁਤਾਬਿਕ ਕਿੱਟਾਂ ਬਣਾ ਕੇ ਘਰਾਂ ਵਿੱਚ ਜਾਕੇ ਇਕੱਲੇ ਇਕੱਲੇ ਨੂੰ ਸਾਵਧਾਨੀ ਨਾਲ ਵੰਡਿਆ ਜਾਵੇਗਾ।
ਕਿਸਾਨ ਆਗੂ ਸੁਰਜੀਤ ਸਿੰਘ ਫੂਲ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ 23 ਮਾਰਚ ਤੋਂ ਸੁਰੂ ਹੋ ਕੇ ਕਰਫਿਊ ਅਤੇ ਤਾਲਾਬੰਦੀ ਦਾ ਅੱਜ ਸਤਵਾਂ ਦਿਨ ਹੈ। ਜਿਸ ਕਾਰਨ ਰੋਜ਼ਾਨਾ ਦਿਹਾੜੀ ਰਾਹੀਂ ਕਮਾ ਕੇ ਖਾਣ ਵਾਲੇ ਦਿਹਾੜੀਦਾਰ ਮਜਦੂਰਾਂ ਨੂੰ ਦੋ ਵੇਲੇ ਦੀ ਰੋਟੀ ਅਤੇ ਹੋਰ ਜਰੂਰੀ ਲੋੜਾਂ ਦੇ ਫਿਕਰ ਪਏ ਹੋਏ ਸਨ। ਕਿਸਾਨ ਆਗੂਆਂ ਨੇ ਦਸਿਆ ਕਿ ਜਥੇਬੰਦੀ ਕੋਲ ਇਹਨਾਂ ਦਿਹਾੜੀਦਾਰਾਂ ਦੀਆਂ ਮੁਸ਼ਕਿਲਾਂ ਆਉਣ ਉਪਰੰਤ ਅਸੀਂ ਇਹ ਸਮਸਿਆਵਾਂ ਲੋਕਲ ਅਧਿਕਾਰੀਆਂ ਅਤੇ ਜਿਲ੍ਹਾ ਅਧਿਕਾਰੀਆਂ ਨਾਲ ਸਾਂਝੀਆਂ ਕੀਤੀਆਂ ਅਤੇ ਪੁਛਿਆ ਕਿ ਅਧਿਕਾਰੀ ਉਪਰੋਂ ਆਏ ਰਾਹਤ ਫੰਡਾਂ ਦੀ ਵੰਡ ਵੰਡਾਈ ਕਿਵੇਂ ਅਤੇ ਕਿਹੜੀਆਂ ਸੰਸਥਾਵਾਂ ਰਾਹੀਂ ਕਰਵਾ ਰਹੇ ਹਨ। ਪਰ ਅਧਿਕਾਰੀਆਂ ਦਾ ਵਾਰ ਵਾਰ ਇਕੋ ਜਵਾਬ ਆਉਦਾ ਹੈ ਕਿ ਅਸੀਂ ਮੀਟਿੰਗਾਂ ਕਰ ਰਹੇ ਹਾਂ ਅਸੀਂ ਮੀਟਿੰਗ ਵਿੱਚ ਫੈਸਲਾ ਕਰਕੇ ਦਸਾਂਗੇ।
ਅਜਿਹੀ ਹਾਲਤ ਵਿੱਚ ਜਾਇਦਾਦ ਹੀਨ ਦਿਹਾੜੀਦਾਰਾਂ ਦੀ ਤਰਸਯੋਗ ਹਾਲਤ ਨੂੰ ਲੇਖਦੇ ਹੋਏ ਯੂਨੀਅਨ ਵਰਕਰਾਂ ਨੇ ਦੋ ਚਾਰ ਦਿਨਾਂ ਦਾ ਆਰਜੀ ਪਰਬੰਧ ਕਰਨ ਲਈ ਪਿੰਡਾਂ ਵਿਚੋਂ ਆਟਾ ਇਕੱਠਾ ਕਰਕੇ ਦਿਹਾੜੀਦਾਰਾਂ ਮਜਦੂਰਾਂ ਨੂੰ ਵੰਡਣ ਦਾ ਉੱਦਮ ਕੀਤਾ ਸੀ।
ਕਿਸਾਨ ਆਗੂ ਨੇ ਦਸਿਆ ਕਿ ਭਾਵੇਂ ਮਨੁੱਖਤਾ ਪ੍ਰਤੀ ਹਮਦਰਦੀ ਦੇ ਨਾਤੇ ਜਨਤਕ ਜਥੇਬੰਦੀਆਂ, ਸਵੈ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣ ਆਪਣੇ ਤੌਰ ਤੇ ਕਰੋਨਾ ਕਰਫਿਊ ਦੀ ਸੱਭ ਤੋਂ ਵੱਧ ਮਾਰ ਹੇਠ ਆਏ ਵਰਗਾਂ ਦੀ ਰਾਸ਼ਣ ਰਾਹੀਂ ਮਦਦ ਕਰ ਰਹੇ ਹਨ ਪਰ ਸਰਕਾਰ ਵਲੋਂ ਅਖਬਾਰੀ ਬਿਆਨਾਂ ਤੋਂ ਅੱਗੇ ਠੋਸ ਰੂਪ ਵਿੱਚ ਕੋਈ ਮਦਦ ਸਾਹਮਣੇ ਨਹੀਂ ਆ ਰਹੀ। ਅਸਲ ਵਿੱਚ ਸਰਕਾਰ ਲੋਕਾਂ ਨੂੰ ਸਿਰਫ ਸਮਾਜਸੇਵੀ ਜਥੇਬੰਦੀਆਂ ਦੇ ਸਹਾਰੇ ਛੱਡਣਾ ਚਾਹੁੰਦੀ ਹੈ। ਵਿੱਤ ਮੰਤਰੀ ਪੰਜਾਬ ਨੇ ਕਲ ਬਠਿੰਡਾ ਵਿਖੇ ਬਿਆਨ ਦਿੱਤਾ ਕਿ ਪੰਜਾਬ ਸਰਕਾਰ 92 ਕਰੋੜ ਰੁਪਏ ਸਾਰੇ ਜਿਲਿਆਂ ਨੂੰ ਕੋਵਿਡ-19 ਰਾਹਤ ਫੰਡ ਵਜੋਂ ਭੇਜੇ ਹਨ। ਪਰ ਇਹ 92 ਕਰੋੜ ਕਿਵੇਂ ਵੰਡੇ ਗਏ ਜਾਂ ਕਿਵੇਂ ਵੰਡੇ ਜਾਣਗੇ, ਇਸ ਵਾਰੇ ਕੁਝ ਨਹੀਂ ਦੱਸਿਆ।
ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਦੇ ਇਸ ਰਵੱਈਏ ਕਾਰਨ ਹਾਲਾਤ ਹੋਰ ਵੀ ਬਦਤਰ ਹੋਣੇ ਹਨ ਅਤੇ ਦੋ ਪੁੜਾਂ ਵਿੱਚ ਪਿਸ ਰਹੇ ਲੋਕਾਂ ਦਾ ਗੁੱਸਾ ਅਤੇ ਬੇਚੈਨੀ ਹੋਰ ਵੀ ਵਧਣੀ ਹੈ। ਇਹ ਬੇਚੈਨੀ ਅਤੇ ਗੁੱਸਾ ਲਾਜਮੀ ਸਰਕਾਰ ਵਿਰੁੱਧ ਫੁਟੇਗਾ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕਰੀ ਕਿ ਇਸ ਮੁਸ਼ਕਿਲ ਦੀ ਘੜੀ ਲੋਕਾਂ ਦੀ ਖਾਧ-ਸੁਰੱਖਿਆ ਅਤੇ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਲੇ। ਕਿਰਤੀ ਕਮਾਊ ਲੋਕਾਂ ਦੀਆਂ ਜੇਬਾਂ ਵਿਚੋਂ ਟੈਕਸਾਂ ਰਾਹੀਂ ਇਕੱਠੇ ਕੀਤੇ ਕਰੋੜਾਂ ਅਰਬਾਂ ਰੁਪਏ ਹੁਣ ਮੁਸ਼ਕਿਲ ਦੀ ਘੜੀ ਲੋਕਾਂ ਦੀ ਖਾਤਿਰ ਖਰਚ ਕਰਨ ਦੀ ਲੋੜ ਹੈ।
ਅਖੀਰ ਵਿੱਚ ਆਗੂਆਂ ਨੇ ਕਰੋਨਾ ਵਾਇਰਸ ਦੀ ਅਲਾਮਤ ਨੂੰ ਗੰਭੀਰਤਾ ਨਾਲ ਲੈਂਦਿਆ ਸੱਭ ਤਰਾਂ ਦੀਆ ਸਾਵਧਾਨੀਆਂ ਵਰਤਣ,ਸਮਸਿਆਵਾਂ ਬਾਰੇ ਜਾਗਰੂਕ ਹੋਣ ਦੀ ਅਪੀਲ ਕੀਤੀ ਅਤੇ ਨਾਲ ਹੀ ਸਮਾਜਸੇਵੀ ਜਥੇਬੰਦੀਆਂ ਅਤੇ ਦਾਨੀ ਸੱਜਣਾ ਦੇ ਭਰਵੇਂ ਯੋਗਦਾਨ ਬਦਲੇ ਉਨ੍ਹਾਂ ਦੀ ਡਟੱਵੀਂ ਸਲਾਘਾ ਕੀਤੀ। ਸਾਰੀਆਂ ਕਿਸਾਨ ਇਕਾਈਆਂ ਨੂੰ ਸਰਗਰਮ ਹੋਣ ਦੀ ਅਪੀਲ ਕੀਤੀ।