ਅਸ਼ੋਕ ਵਰਮਾ
- ਅਧਿਕਾਰੀਆਂ ਨਾਲ ਮੀਟਿੰਗ ’ਚ ਦਿੱਤੇ ਸਖਤ ਚੌਕਸੀ ਦੇ ਨਿਰਦੇਸ਼
ਮਾਨਸਾ, 5 ਅਪ੍ਰੈਲ 2020 - ਮਾਨਸਾ ਜ਼ਿਲੇ੍ਹੇ ਦੀ ਸਬ-ਡਵੀਜ਼ਨ ਬੁਢਲਾਡਾ ਵਿਖੇ ਮਿਲੇ 3 ਕੋਰੋਨਾ ਵਾਇਰਸ ਪੋਜ਼ਿਟਿਵ ਵਿਅਕਤੀਆਂ ਉਪਰੰਤ ਫਰੀਦਕੋਟ ਡਵੀਜ਼ਨ ਦੇ ਡਵੀਜ਼ਨਲ ਕਮਿਸ਼ਨਰ ਰਵਿੰਦਰ ਕੁਮਾਰ ਕੌਸ਼ਿਕ ਨੇ ਮਾਨਸਾ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਡਵੀਜ਼ਨਲ ਕਮਿਸ਼ਨਰ ਨੇ ਜਿਲੇ ’ਚ ਲਾਏ ਕਰਫਿਊ ਅਤੇ ਪਿੰਡਾਂ - ਸ਼ਹਿਰਾਂ ’ਚ ਕੀਤੇ ਪ੍ਰਬੰਧਾਂ ਸਬੰਧੀ ਜਾਣਕਾਰੀ ਲਈ। ਕੌਸ਼ਿਕ ਨੇ ਪਾਬੰਦੀਆਂ ਨੂੰ ਸਖਤੀ ਨਾਲ ਲਾਗੂ ਕਰਨ ਦੀ ਲੋੜ ਤੇ ਜੋਰ ਦਿੱਤਾ। ਪਤਾ ਲੱਗਿਆ ਹੈ ਕਿ ਉਨਾਂ ਮਾਨਸਾ ਜਿਲ੍ਹੇ ’ਚ ਰਾਸ਼ਨ ਵੰਡਣ ਸਮੇਤ ਚੱਲ ਰਹੀਆਂ ਹੋਰ ਵੱਖ ਵੱਖ ਮੁਹਿੰਮਾਂ ਪ੍ਰਤੀ ਸੰਤੁਸ਼ਟੀ ਜਤਾਈ।
ਦੱਸਣਯੋਗ ਹੈ ਕਿ ਮਾਨਸਾ ਜਿਲ੍ਹਾ ਪ੍ਰਸ਼ਾਸ਼ਨ ਪਿਛਲੇ ਕਾਫੀ ਦਿਨਾਂ ਤੋਂ ਪਿੰਡਾਂ ਸ਼ਹਿਰ ’ਚ ਵੱਖ ਵੱਖ ਤਰਾਂ ਦੇ ਸਰੱਖਿਆ ਪ੍ਰਬੰਧ ਕਰਨ ’ਚ ਜੁਟਿਆ ਹੋਇਆ ਸੀ ਜਿਸ ਦੇ ਚੰਗੇ ਨਤੀਜੇ ਵੀ ਸਾਹਮਣੇ ਆਏ ਸਨ। ਅਚਾਨਕ ਬੁਢਲਾਡਾ ’ਚ ਤਬਲੀਗੀ ਲੋਕਾਂ ਦੇ ਮਿਲਣ ਉਪਰੰਤ ਇਸ ਮੁਹਿੰਮ ਨੂੰ ਝਟਕਾ ਲੱਗਿਆ ਹੈ। ਬਾਹਰਲੇ ਮਰੀਜਾਂ ਦੀ ਆਮਦ ਨੂੰ ਦੇਖਦਿਆਂ ਆਮ ਲੋਕਾਂ ਦੇ ਫਿਕਰ ਵਧ ਗਏ ਹਨ। ਅਜਿਹੀ ਸਥਿਤੀ ਦਰਮਿਆਨ ਡਵੀਜ਼ਨਲ ਕਮਿਸ਼ਨਰ ਨੇ ਮੌਕੇ ਤੇ ਪੁੱਜ ਕੇ ਡਿਪਟੀ ਕਮਿਸ਼ਨਰ ਅਤੇ ਸਿਹਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਪ੍ਰਸ਼ਾਸ਼ਨ ਨੂੰ ਮੁਸਤੈਦ ਰਹਿਣ ਲਈ ਕਿਹਾ ਹੈ।
ਡਵੀਜ਼ਨਲ ਕਮਿਸ਼ਨਰ ਰਵਿੰਦਰ ਕੁਮਾਰ ਕੌਸ਼ਿਕ ਨੇ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਆਦੇਸ਼ ਦਿੱਤੇ ਕਿ ਜਦ ਤੱਕ ਕੋਰੋਨਾ ਵਾਇਰਸ ਦਾ ਇਹ ਖ਼ਤਰਾ ਪੂਰੀ ਤਰ੍ਹਾਂ ਟਲ ਨਹੀਂ ਜਾਂਦਾ, ਉਦੋਂ ਤੱਕ ਜ਼ਿਲ੍ਹੇ ਦੀ ਕਾਨੂੰਨ ਵਿਵਸਥਾ ਅਤੇ ਵਰਤੀਆਂ ਜਾ ਰਹੀਆਂ ਸਾਵਧਾਨੀਆਂ ਵਿੱਚ ਬਿਲਕੁੱਲ ਵੀ ਢਿੱਲ ਨਾ ਵਰਤੀ ਜਾਵੇ। ਇਹ ਵੀ ਆਖਿਆ ਹੈ ਕਿ ਮਾਨਸਾ ਜਿਲ੍ਹੇ ’ਚ ਲੋਕਾਂ ਨੂੰ ਜਾਗਰੂਕ ਕਰਨ ਲਈ ਹੋਰ ਵਧੇਰੇ ਸਰਗਰਮੀ ਨਾਲ ਕੰਮ ਕੀਤਾ ਜਾਏ ਤਾਂ ਜੋ ਪੇਂਡੂ ਅਤੇ ਸ਼ਹਿਰੀ ਖਿੱਤੇ ’ਚ ਵਿਸ਼ਵਾਸ਼ ਬਹਾਲ ਕੀਤਾ ਜਾ ਸਕੇ।
ਇਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਡਵੀਜ਼ਨਲ ਕਮਿਸ਼ਨਰ ਨੂੰ ਦੱਸਿਆ ਕਿ ਇਹ ਵਿਅਕਤੀ ਦਿੱਲੀ ਨਿਜ਼ਾਮੂਦੀਨ ਮਰਕਜ਼ ਤੋਂ ਆਏ ਸਨ ਅਤੇ ਬੁਢਲਾਡਾ ਵਿਖੇ ਇੱਕ ਮਸਜਿਦ ਵਿੱਚ ਰਹਿ ਰਹੇ ਸਨ। ਉਨਾਂ ਦੱਸਿਆ ਕਿ ਟੈਸਟ ਕਰਵਾਉਣ ਤੋਂ ਬਾਅਦ ਪਾਜ਼ਿਟੀਵ ਆਏ 3 ਵਿਅਕਤੀਆਂ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਦਾਖਲ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 6 ਵਿਅਕਤੀਆਂ, ਜਿਨਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਨੂੰ ਬੁਢਲਾਡਾ ਆਈ.ਟੀ.ਆਈ. ਵਿਖੇ ਇਹਤਿਆਤ ਦੇ ਤੌਰ ’ਤੇ ਰੱਖਿਆ ਗਿਆ ਹੈ।
ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਨੇ ਡਵੀਜ਼ਨਲ ਕਮਿਸ਼ਨਰ ਸ਼੍ਰੀ ਕੌਸ਼ਿਕ ਦੇ ਧਿਆਨ ਵਿੱਚ ਲਿਆਂਦਾ ਕਿ ਹਸਪਤਾਲ ਵਿੱਚ ਦਾਖਲ ਵਿਅਕਤੀਆਂ ਦਾ ਡਾਕਟਰਾਂ ਦੀ ਟੀਮ ਦੀ ਦੇਖ-ਰੇਖ ਹੇਠ ਇਲਾਜ ਚੱਲ ਰਿਹਾ ਹੈ । ਉਨਾਂ ਦੱਸਿਆ ਕਿ ਬੁਢਲਾਡਾ ਵਿਖੇ ਇਕਾਂਤਵਾਸ ਵਿੱਚ ਰੱਖੇ ਗਏ ਵਿਅਕਤੀਆਂ ਦੀ ਵੀ ਰੋਜ਼ਾਨਾਂ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸੁਖਪ੍ਰੀਤ ਸਿੰਘ ਸਿੱਧੂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਮੀਤ ਸਿੰਘ ਸਿੱਧੂ, ਸਹਾਇਕ ਕਮਿਸ਼ਨਰ (ਜ) ਨਵਦੀਪ ਕੁਮਾਰ, ਐਸ.ਡੀ.ਐਮ. ਮਾਨਸਾ ਸ਼੍ਰੀਮਤੀ ਸਰਬਜੀਤ ਕੌਰ ਅਤੇ ਐਸ.ਡੀ.ਐਮ. ਸਰਦੂਲਗੜ ਰਾਜਪਾਲ ਸਿੰਘ ਮੌਜੂਦ ਸਨ।