ਅਸ਼ੋਕ ਵਰਮਾ
ਬਠਿੰਡਾ ,1 ਮਈ 2020 - ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਵੱਲੋਂ ਪੰਜਾਬ ਭਰ ‘ਚ 1886 ਦੇ ਸ਼ਿਕਾਗੋ (ਅਮਰੀਕਾ) ਦੇ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ ਆਪੋ-ਆਪਣੇ ਘਰਾਂ ‘ਚ ਚਾਰਟ , ਬੈਨਰ , ਤਖ਼ਤੀਆਂ ‘ਤੇ ਮਈ ਦਿਵਸ ਨਾਲ ਸਬੰਧਤ ਨਾਅਰੇ ਲਿਖ ਕੇ, ਅਤੇ ਘਰਾਂ ਤੇ ਝੰਡੇ ਝੁਲਾਕੇ ਸ਼ਿਕਾਗੋ ਦੇ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ।
ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ, ਸੀਨੀਅਰ ਮੀਤ ਪ੍ਰਧਾਨ ਨਿੱਕਾ ਸਿੰਘ ਸਮਾਓਂ, ਜਨਰਲ ਸਕੱਤਰ ਗੁਰਜੀਤ ਕੌਰ ਖੇੜੀ, ਪ੍ਰੈੱਸ ਸਕੱਤਰ ਰਣਦੀਪ ਸੰਗਤਪੁਰਾ, ਸੂਬਾ ਕਮੇਟੀ ਮੈਂਬਰ ਨਵਜੀਵਨ ਸਿੰਘ, ਹਰਦੀਪ ਫਾਜ਼ਿਲਕਾ, ਰਣਬੀਰ ਨਦਾਮਪੁਰ, ਮਨਜੀਤ ਕੌਰ, ਰਾਜਵਿੰਦਰ ਕੌਰ, ਅਮਨ ਸੇਖ਼ਾ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ 2182 ਬੀਐੱਡ ਅਧਿਆਪਕਾਂ ਦੀਆਂ ਪੋਸਟਾਂ ਦੇ ਵਿੱਚ ਵਾਧਾ ਕਰਕੇ 15000 ਕੀਤੀਆਂ ਜਾਣ, ਕੋਰੋਨਾ ਸੰਕਟ ਤੋਂ ਬਾਅਦ ਬੀਐੱਡ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਪੂਰੀ ਕੀਤੀ ਜਾਵੇ, ਉਦੋ ਤੱਕ ਬੇਰੁਜਗਾਰੀ ਭੱਤਾ ਅਤੇ ਵਿਸੇਸ ਭੱਤਾ ਦਿੱਤਾ ਜਾਵੇ।
ਆਗੂਆਂ ਨੇ ਕਿਰਤੀ ਲੋਕਾਂ ਲਈ ਕੰਮ ਦੇ ਘੰਟੇ 8 ਤੋਂ ਵਧਾ ਕੇ 12 ਕੀਤੇ ਜਾਣ ਸਬੰਧੀ ਚੱਲਦੀਆਂ ਚਰਚਾਵਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੰਮ ਦੇ ਘੰਟੇ 8 ਘੰਟੇ ਹੀ ਰੱਖੇ ਜਾਣ, ਜਰੂਰੀ ਸੇਵਾਵਾਂ ਤਹਿਤ ਆਉਂਦੇ ਸਿਹਤ ਤੇ ਸਿੱਖਿਆ ਖੇਤਰਾਂ ਵਿੱਚ ਨਿੱਜੀਕਰਨ ‘ਤੇ ਮੁਕੰਮਲ ਰੋਕ ਲਗਾਈ ਜਾਵੇ, ਬਰਾਬਰ ਕੰਮ-ਬਰਾਬਰ ਤਨਖਾਹ ਦਾ ਫਾਰਮੂਲਾ ਲਾਗੂ ਕੀਤਾ ਜਾਵੇ, ਸਾਰੇ ਨਿੱਜੀ ਹਸਪਤਾਲਾਂ ਤੇ ਨਿੱਜੀ ਸਕੂਲਾਂ ਨੂੰ ਸਰਕਾਰ ਅਧੀਨ ਲਿਆ ਕੇ ਸਿਹਤ ਕਰਮੀਆਂ ਤੇ ਅਧਿਆਪਕਾਂ ਦੀ ਵੱਡੇ ਪੱਧਰ ‘ਤੇ ਫੌਰੀ ਸਰਕਾਰੀ ਭਰਤੀ ਕੀਤੀ ਜਾਵੇ, ਬੇਰੁਜ਼ਗਾਰ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ।