ਜੀ ਐਸ ਪੰਨੂ
ਪਟਿਆਲਾ, 26 ਮਾਰਚ 2020 - ਪਟਿਆਲਾ ਜ਼ਿਲ੍ਹੇ ਅੰਦਰ ਲਗਾਏ ਗਏ ਕਰਫਿਊ ਦੌਰਾਨ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਕੁਮਾਰ ਅਮਿਤ ਦੇ ਹੁਕਮਾਂ ਮੁਤਾਬਕ ਬੈਂਕਾਂ ਦੀਆਂ ਖ਼ਜ਼ਾਨਾ ਤੇ ਕਰੰਸੀ ਚੈਸਟ ਬਰਾਂਚਾਂ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹੀਆਂ ਰੱਖੀਆਂ ਜਾਣਗੀਆਂ। ਜਦੋਂਕਿ ਸਾਰੀਆਂ ਬੈਂਕਾਂ ਦੇ ਏ.ਟੀ.ਐਮਜ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਖੋਲ੍ਹੇ ਜਾਣਗੇ ਪਰ ਹਰ ਬੈਂਕ ਦੀ ਕੇਵਲ ਇੱਕ ਬਰਾਂਚ ਸ਼ਹਿਰੀ ਤੇ ਸਬ-ਅਰਬਨ ਇਲਾਕਿਆਂ ਵਿੱਚ ਘੱਟੋ-ਘੱਟ ਸਟਾਫ਼ ਨਾਲ ਖੋਲੀ ਜਾਵੇਗੀ।
ਜ਼ਿਲ੍ਹਾ ਲੀਡ ਬੈਂਕ ਮੈਨੇਜਰ ਅਜਿਹੀਆਂ ਬੈਂਕਾਂ ਦੀ ਪਛਾਣ ਯਕੀਨੀ ਬਣਾਉਣਗੇ ਜਿਹੜੀਆਂ ਕਿ ਆਯਾਤ-ਨਿਰਯਾਤ ਕਾਰੋਬਾਰ ਕਰਦੀਆਂ ਹਨ ਅਤੇ ਇਨ੍ਹਾਂ ਨੂੰ ਤਿੰਨ ਘੰਟੇ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਕੰਮ ਕਰਨ ਦੀ ਆਗਿਆ ਹੋਵੇਗੀ। ਲੀਡ ਬੈਂਕ ਮੈਨੇਜਰ ਦਿਹਾਤੀ ਖੇਤਰਾਂ ਵਿੱਚ ਕਾਰਜਸ਼ੀਲ ਬੈਂਕਾਂ ਵੱਲੋਂ ਆਪਣੇ ਬੈਂਕ ਖੋਲ੍ਹਣ ਦਾ ਰੋਸਟਰ ਤਿਆਰ ਕੀਤਾ ਜਾਵੇਗਾ।
ਸਾਰੇ ਬੈਂਕ ਮੈਨੇਜਰਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਨਿਰਧਾਰਤ ਸਮੇਂ ਦੌਰਾਨ ਬੈਂਕ ਖੋਲ੍ਹਣ ਦੌਰਾਨ ਕਰਮਚਾਰੀਆਂ/ਅਧਿਕਾਰੀਆਂ ਦੀ ਆਪਸੀ ਵਿੱਥ ਬਣਾਈ ਰੱਖਣ ਅਤੇ ਨਿਜੀ ਸਵੱਛਤਾ ਕਾਇਮ ਰੱਖਣ ਲਈ ਯਤਨ ਕਰਨਗੇ। ਇਸ ਤੋਂ ਇਲਾਵਾ ਬੈਂਕਾਂ ਅਤੇ ਏ.ਟੀ.ਐਮਜ ਵਿਖੇ ਸਟਾਫ਼ ਵੱਲੋਂ 1 ਤੋਂ ਲੈਕੇ 1.5 ਮੀਟਰ ਦੀ ਦੂਰੀ, ਸੈਨੇਟਾਈਜਰ ਦੀ ਵਰਤੋਂ, ਮਾਸਕ ਤੇ ਗਲੱਵਜ ਵਰਤੇ ਜਾਣੇ ਵੀ ਯਕੀਂਨੀ ਬਣਾਏ ਜਾਣਗੇ।