ਫਿਰੋਜ਼ਪੁਰ 01 ਜੂਨ 2020 : ਬੈਂਕਾ ਵਿਚ ਆਉਣ ਵਾਲੇ ਲੋਕਾਂ ਨੂੰ ਵਧੀਆ ਢੰਗ ਨਾਲ ਡੀਲ ਕਰੋ ਅਤੇ ਬਹੁਤ ਹੀ ਸਰਲ ਸੁਭਾਅ ਨਾਲ ਗੱਲ ਕਰ ਕੇ ਉਨ੍ਹਾਂ ਦੀ ਹਰ ਸਮੱਸਿਆ ਦਾ ਹੱਲ ਕਰੋ। ਇਹ ਨਿਰਦੇਸ਼ ਡਿਪਟੀ ਕਮਿਸ਼ਨਰ ਸ੍ਰ: ਕੁਲਵੰਤ ਸਿੰਘ ਨੇ ਵੱਖ ਵੱਖ ਬੈਂਕਾਂ ਦੇ ਅਧਿਕਾਰੀਆਂ ਨੂੰ ਜ਼ਿਲ੍ਹਾ ਪੱਧਰੀ ਬੈਕਿੰਗ ਸਮੀਖਿਆ ਕਮੇਟੀ ਦੀ ਤਿਮਾਹੀ ਮੀਟਿੰਗ ਦੌਰਾਨ ਦਿੱਤੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਵਾਇਰਸ ਦੌਰਾਨ ਥੱਲੇ ਗਈ ਅਰਥ-ਵਿਵਸਥਾ ਨੂੰ ਉੱਪਰ ਲੈ ਕੇ ਆਉਣ ਸਾਡਾ ਸਾਰਿਆ ਦਾ ਫਰਜ ਹੈ, ਇਸ ਲਈ ਸਾਨੂੰ ਦਿਨ-ਰਾਤ ਇਮਾਨਦਾਰੀ ਅਤੇ ਲਗਨ ਨਾਲ ਕੰਮ ਕਰਨਾ ਪਵੇਗਾ। ਉਨ੍ਹਾਂ ਬੈਂਕ ਅਧਿਕਾਰੀਆਂ ਨੂੰ ਕਿਹਾ ਇਸ ਸੰਕਟ ਦੀ ਘੜੀ ਵਿਚ ਬਹੁਤ ਸਾਰੇ ਲੋਕਾਂ ਦਾ ਕੰਮ-ਕਾਜ ਠਪ ਹੋਣ ਨਾਲ ਉਨ੍ਹਾਂ ਨੂੰ ਆਰਥਿਕ ਨੁਕਸਾਨ ਹੋਇਆ ਹੈ ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਜੋ ਵੀ ਕੋਈ ਵਿਅਕਤੀ ਬੈਕਿੰਗ ਸਕੀਮਾਂ ਦਾ ਲਾਭ ਲੈਣ ਆਉਣਾਂ ਹੈ ਜਾਂ ਕੋਈ ਆਪਣੇ ਖਾਤੇ ਨਾਲ ਸਬੰਧਤ ਕੋਈ ਮੁਸ਼ਕਲ ਲੈ ਕੇ ਆਉਂਦਾ ਹੈ ਤਾਂ ਉਸ ਨਾਲ ਸਹਿਜ ਸੁਭਾਅ ਨਾਲ ਪੇਸ਼ ਆਵੋ ਅਤੇ ਉਸ ਦੀ ਸਮੱਸਿਆ ਦਾ ਹੱਲ ਕਰੋ। ਉਨ੍ਹਾਂ ਕੋਰੋਨਾ ਵਾਇਰਸ ਦੇ ਚੱਲਦਿਆਂ ਬੈਂਕ ਅਧਿਕਾਰੀਆਂ ਨੂੰ ਬੈਂਕਾਂ ਵਿਚ ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਜਿਵੇਂ ਕਿ ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਆਦਿ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ।
ਇਸ ਦੌਰਾਨ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਵੱਲੋਂ ਜ਼ਿਲ੍ਹੇ ਦੀ 8177 ਕਰੋੜ ਰੁਪਏ ਸਾਲਾਨਾ ਕਰਜ਼ਾ ਯੋਜਨਾ (2020-21) ਨੂੰ ਵੀ ਜਾਰੀ ਕੀਤਾ ਗਿਆ। ਇਸ ਯੋਜਨਾ ਵਿਚ ਖੇਤੀ ਖੇਤਰ ਲਈ 6585 ਕਰੋੜ, ਉਦਯੋਗਿਕ ਖੇਤਰ ਲਈ 1087 ਕਰੋੜ ਅਤੇ ਦੂਸਰੇ ਬਾਕੀ ਬਚਦੇ ਖੇਤਰਾਂ ਲਈ 504 ਕਰੋੜ ਰੁਪਏ ਰੱਖੇ ਗਏ ਹਨ। ਇਹ ਕਰਜ਼ਾ ਯੋਜਨਾ ਜ਼ਿਲ੍ਹੇ ਦੇ ਲੀਡ ਬੈਕ, ਓਰੀਐਂਟਲ ਬੈਕ, ਆਫ਼ ਕਾਮਰਸ ਅਤੇ ਨਬਾਰਡ ਵੱਲੋਂ ਤਿਆਰ ਕੀਤੀ ਗਈ ਪੀ.ਐਲ.ਪੀ (2020-21) ਦੇ ਆਧਾਰ ਤੇ ਤਿਆਰ ਕੀਤੀ ਗਈ ਹੈ। ਇਸ ਮੌਕੇ ਲੀਡ ਜ਼ਿਲ੍ਹਾ ਮੈਨੇਜਰ ਸ੍ਰੀ. ਰਾਮ ਕੁਮਾਰ ਗੁਪਤਾ, ਸ੍ਰੀ ਅਸ਼ਵਨੀ ਕੁਮਾਰ ਡੀ.ਡੀ.ਐਮ ਨਬਾਰਡ ਤੋਂ ਇਲਾਵਾ ਜ਼ਿਲ੍ਹੇ ਦੇ ਮੁੱਖ ਬੈਂਕਾਂ ਦੇ ਜ਼ਿਲ੍ਹਾ ਤਾਲਮੇਲ ਅਫ਼ਸਰ ਵੀ ਹਾਜ਼ਰ ਸਨ।