ਮਨਿੰਦਰਜੀਤ ਸਿੱਧੂ
- ਕੰਮ-ਕਾਜ਼ ਦੌਰਾਨ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ
ਜੈਤੋ, 12 ਮਈ 2020 - ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਸਮੁੱਚੇ ਸੰਸਾਰ ਵਿੱਚ ਜਿੱਥੇ ਡਾਕਟਰਾਂ, ਨਰਸਾਂ,ਪੁਲਿਸ, ਪ੍ਰਸ਼ਾਸਨ ਅਤੇ ਸਫਾਈ ਕਰਮਚਾਰੀਆਂ ਨੂੰ ਇਸ ਜ਼ੰਗ ਦੇ ਯੋਧੇ ਕਿਹਾ ਜਾ ਰਿਹਾ ਹੈ ਉੱਥੇ ਇੱਕ ਅਣਗੌਲੀ ਜਮਾਤ ਵੀ ਹੈ ਜਿਸ ਨੂੰ ਕਿਸੇ ਨੇ ਯਾਦ ਨਹੀਂ ਕੀਤਾ।ਉਹਨਾਂ ਹਨ ਸਾਡੇ ਬੈਂਕ ਕਰਮੀ ਜੋ ਆਪਣੀ ਜਾਨ ਪ੍ਰਵਾਹ ਨਾ ਕਰਦੇ ਹੋਏ ਜੀਅ ਤੋੜ ਦੇਸ਼ ਅਤੇ ਮਾਨਵਤਾ ਦੀ ਸੇਵਾ ਵਿੱਚ ਲੱਗੇ ਹੋਏ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਟੇਟ ਬੈਂਕ ਆਫ ਇੰਡੀਆ ਸਟਾਫ ਐਸੋਸ਼ੀਏਸ਼ਨ ਦੇ ਡਿਪਟੀ ਜਰਨਲ ਸੈਕਟਰੀ ਕਾਮਰੇਡ ਗੁਲਸ਼ਨ ਓਬਰਾਏ ਨੇ ਕੀਤਾ। ਕਾਮਰੇਡ ਓਬਰਾਏ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਬੈਂਕ ਕਰਮੀ ਵੀ ਇਸ ਕੌਮੀ ਆਫਤ ਦੇ ਸਮੇਂ ਵਿੱਚ ਕਿਸੇ ਯੋਧਾ ਤੋਂ ਘੱਟ ਨਹੀਂ ਸਾਬਿਤ ਹੋ ਰਹੇ।
ਲੋਕਾਂ ਨੂੰ ਆਪਣੇ ਜੀਵਨ ਨਿਰਬਾਹ ਲਈ ਲੋੜੀਂਦਾ ਪੈਸੇ ਮਿਲਦਾ ਰਹੇ, ਇਸ ਬਾਬਤ ਸਮੁੱਚੀ ਬੈਂਕਰ ਜਮਾਤ ਤਨਦੇਹੀ ਨਾਲ ਆਪਣੇ ਨਿਸ਼ਚਿਤ ਸਮੇਂ ਤੋਂ ਵੀ ਵੱਧ ਸਮਾਂ ਕੰਮ ਕਰਕੇ ਦੇਸ਼ ਅਤੇ ਲੋਕਾਂ ਦੀ ਸੇਵਾ ਵਿੱਚ ਜੁਟੀ ਹੋਈ ਹੈ।ਉਹਨਾਂ ਕਿਹਾ ਕਿ ਭਾਵੇਂ ਕਰਫਿਊ ਅਤੇ ਲਾਕਡਾਊਨ ਚਲਦਿਆਂ ਪਬਲਿਕ ਟਰਾਂਸਪੋਰਟ ਬੰਦ ਹੋਣ ਕਰਕੇ ਬੈਂਕ ਕਰਮੀਆਂ ਨੂੰ ਆਪੋ ਆਪਣੇ ਦਫਤਰਾਂ ਅਤੇ ਬੈਂਕ ਸ਼ਾਖਾਵਾਂ ਵਿੱਚ ਪਹੁੰਚਣ ਵਿੱਚ ਬਹੁਤ ਦਿੱਕਤਾਂ ਵੀ ਆ ਰਹੀਆਂ ਹਨ, ਪਰ ਫੇਰ ਵੀ ਇਹਨਾਂ “ਆਰਥਿਕ ਯੋਧਿਆਂ” ਦੁਆਰਾ ਦੇਸ਼ ਦੀ ਅਰਥਵਿਵਸਥਾ ਅਤੇ ਲੋਕਾਂ ਲਈ ਲਗਾਤਾਰ ਸੇਵਾ ਕੀਤੀ ਜਾ ਰਹੀ ਹੈ।
ਉਹਨਾਂ ਆਪਣੇ ਸਾਥੀਆਂ ਦੇ ਨਾਮ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਅਸੀਂ ਹਰ ਹਾਲਤ ਵਿੱਚ ਲੋਕਾਂ ਦੀ ਸੇਵਾ ਲਈ ਵਚਨਬੱਧ ਰਹਿਣਾ ਹੈ ਪਰ ਇਸਦੇ ਨਾਲ ਨਾਲ ਸਰਕਾਰ ਦੁਆਰਾ ਕੋਵਿਡ 19 ਤੋਂ ਬਚਾਅ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਵੀ ਕਰਨੀ ਹੈ। ਉਹਨਾਂ ਕਿਹਾ ਕਿ ਸਾਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਅਤੇ ਹਮੇਸ਼ਾ ਮਾਸਕ ਅਤੇ ਦਸਤਾਨੇ ਪਹਿਣ ਕੇ ਹੀ ਸੇਵਾਵਾਂ ਨਿਭਾਉਣੀਆਂ ਚਾਹੀਦੀਆਂ ਹਨ। ਇਸ ਸਮੇਂ ਉਹਨਾਂ ਨਾਲ ਸਟੇਟ ਬੈਂਕ ਆਫ ਇੰਡੀਆ ਸਟਾਫ ਐਸੋਸੀਏਸ਼ਨ ਦੇ ਡਿਪਟੀ ਜਰਨਲ ਸਕੱਤਰ ਕਾਮਰੇਡ ਪਰਮਜੀਤ ਸਿੰਘ, ਜੋਨਲ ਸੈਕਟਰੀ ਕਾਮਰੇਡ ਨਵਤੇਜ ਸਿੰਘ, ਪ੍ਰਬੰਧਕੀ ਸਕੱਤਰ ਜਸਵੀਰ ਜੱਸੀ,ਜਸਪਾਲ ਸਿੰਘ,ਤੇਜਿੰਦਰ ਸਿੰਘ ਆਦਿ ਸ਼ਾਮਲ ਸਨ।