ਅਕਾਲ ਅਕੈਡਮੀਆਂ 'ਚ ਨਵੇਂ ਦਾਖਲ ਹੋਣ ਵਾਲੇ ਵਿਦਿਆਰਥੀਆਂ ਦੇ ਵੀ ਕੀਤੇ ਜਾ ਰਹੇ ਨੇ ਆਨਲਾਈਨ ਦਾਖ਼ਲੇ
ਧਰਮਗੜ੍ਹ, 14 ਅਪ੍ਰੈਲ 2020: : ਸੂਬੇ ਭਰ 'ਚ ਪੰਜਾਬ ਸਰਕਾਰ ਵਲੋਂ ਕਰੋਨਾ ਵਾਇਰਸ ਦੇ ਪ੍ਰਭਾਵ ਕਾਰਨ ੨੨ ਮਾਰਚ ਤੋਂ ਕੀਤੀ 'ਤਾਲਾਬੰਦੀ' ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਠੱਪ ਹੋ ਕੇ ਰਹਿ ਗਈ ਸੀ, ਜਿਸ ਕਰਕੇ ਪੰਜਾਬ ਸਕੂਲ ਸਿੱਖਿਆ ਵਿਭਾਗ ਅਤੇ ਸਿੱਖਿਆ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਦੇ ਆਦੇਸ਼ ਅਨੁਸਾਰ ਵੱਖ-ਵੱਖ ਸਕੂਲਾਂ ਵਲੋਂ ਆਨਲਾਈਨ ਪੜ੍ਹਾਈ ਸ਼ੁਰੂ ਕਰਵਾਉਣ ਲਈ ਯਤਨ ਅਰੰਭ ਦਿੱਤੇ ਹਨ, ਜਿਸ ਦੇ ਤਹਿਤ ਹੀ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੇ ਹੁਕਮਾਂ ਅਨੁਸਾਰ ਟਰੱਸਟ ਦੇ ਸਕੱਤਰ ਅਤੇ ਡਾਇਰੈਕਟਰ ਅਕਾਲ ਅਕੈਡਮੀਜ਼ ਡਾ. ਦਵਿੰਦਰ ਸਿੰਘ ਦੀ ਅਗਵਾਈ ਹੇਠ ਟਰੱਸਟ ਅਧੀਨ ਅਕਾਲ ਅਕੈਡਮੀਆਂ ਦੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਦੀ ਸ਼ੁਰੂਆਤ ੧ ਅਪ੍ਰੈਲ ਤੋਂ ਪਹਿਲਾਂ ਹੀ ਕਰ ਦਿੱਤੀ ਸੀ । ਜਾਣਕਾਰੀ ਦਿੰਦਿਆਂ ਅਕਾਲ ਅਕੈਡਮੀ ਦੇ ਪ੍ਰਿੰਸੀਪਲ ਰਵਿੰਦਰ ਕੌਰ ਅਤੇ ਪ੍ਰਿੰਸੀਪਲ ਸੁਦਰਪਣ ਦੱਸਿਆਂ ਕਿ ਅਕਾਲ ਅਕੈਡਮੀਆਂ ਦੇ ਵਿਦਿਆਰਥੀਆਂ ਦਾ ਸਾਲਾਨਾ ਵਿੱਦਿਅਕ ਨਤੀਜਾ ਵੀ ਆਨਲਾਈਨ ਹੀ ਕੱਢਿਆ ਗਿਆ ਹੈ । ਇਸ ਮੌਕੇ ਪ੍ਰਿੰਸੀਪਲ ਗੁਰਜੀਤ ਕੌਰ ਅਤੇ ਪ੍ਰਿੰਸੀਪਲ ਸਵਰਨ ਕੌਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਕਾਲ ਅਕੈਡਮੀਆਂ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਮੱਦੇਨਜ਼ਰ ਰੱਖਦਿਆਂ ਵਿਦਿਆਰਥੀਆਂ ਦੇ ਆਨਲਾਈਨ ਦਾਖ਼ਲੇ ਕਰਨ, ਵੀਡੀਓਜ਼ ਕਾਨਫ਼ਰੰਸ, ਵਟਸਅੱਪ, ਸਪੈਸ਼ਲ ਸਟੱਡੀ ਐਪਜ਼, ਟੈਲੀਫ਼ੋਨ ਅਤੇ ਟੈਕਸਟ ਮੈਸੇਜ਼ ਰਾਹੀਂ ਵਿਦਿਆਰਥੀਆਂ ਨੂੰ ਘਰ ਬੈਠਿਆਂ ਹੀ ਬਿਹਤਰ ਪੜ੍ਹਾਈ ਕਰਵਾਈ ਜਾ ਰਹੀ ਹੈ । ਕਲਗੀਧਰ ਟਰੱਸਟ ਬੜੂ ਸਾਹਿਬ ਦੇ ਮੀਡੀਆ ਸਲਾਹਕਾਰ ਗੁਰਜੀਤ ਸਿੰਘ ਚਹਿਲ ਨੇ ਦੱਸਿਆ ਕਿ ਅਕਾਲ ਅਕੈਡਮੀਆਂ 'ਚ ਪੜ੍ਹ ਰਹੇ ਵਿਦਿਆਰਥੀਆਂ ਦੇ ਮਾਪਿਆਂ ਨੇ ਆਨਲਾਈਨ ਪੜ੍ਹਾਈ ਕਰਵਾਉਣ ਦੇ ਸ਼ਲਾਘਾਯੋਗ ਉਪਰਾਲੇ ਲਈ ਕਲਗੀਧਰ ਟਰੱਸਟ ਬੜੂ ਸਾਹਿਬ ਦਾ ਧੰਨਵਾਦ ਵੀ ਕੀਤਾ ਹੈ ।