ਅਸ਼ੋਕ ਵਰਮਾ
ਬਠਿੰਡਾ,10 ਅਪ੍ਰੈਲ 2020 - ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸਾਂ ਤਹਿਤ 21 ਮਾਰਚ ਤੋਂ ਕੋਵਿਡ 19 ਦੇ ਸਬੰਧ ਵਿੱਚ ਲੱਗੇ ਲਾਕਡਾਊਨ ਤੋਂ ਬਾਅਦ ਅੱਜ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਗਿਆ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਸਰਬਜੀਤ ਸਿੰਘ ਨੇ ਦੱਸਿਆ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਿਸ਼ਾ-ਨਿਰਦੇਸ਼ਾਂ ’ਤੇ ਛੋਟੇ ਬੱਚਿਆਂ ਦੀ ਤੰਦਰੁਸਤੀ ਲਈ ਟੀਕਾਕਰਨ ਦੀਆਂ ਸੇਵਾਵਾਂ ਜਾਰੀ ਕੀਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਮਾਂ-ਬੱਚਾ ਸਿਹਤ ਸੰਭਾਲ ਪ੍ਰੋਗਰਾਮ ਤਹਿਤ ਗਰਭਵਤੀ ਔਰਤਾਂ ਦਾ ਰੁਟੀਨ ਚੈਕਅੱਪ ਜਿਸ ਵਿਚ ਬਲੱਡ ਪਰੈਸ਼ਰ ਚੈਕਅੱਪ, ਖੂਨ ਦੀ ਜਾਂਚ ਟੀ.ਟੀ ਦੇ ਇੰਨਜੈਕਸਨ ਆਦਿ ਲਗਾਏ ਗਏ। ਇਸ ਤੋਂ ਇਲਾਵਾ ਬੱਚਿਆਂ ਨੂੰ ਬਿਮਾਰੀਆਂ ਤੋ ਬਚਾਅ ਅਤੇ ਸਿਹਤਮੰਦ ਰੱਖਣ ਲਈ ਟੀਕਾਕਰਨ ਵੀ ਕੀਤਾ ਗਿਆ। ਇਹ ਟੀਕਾਕਰਨ ਵੈਕਸੀਨ ਸਟੋਰੇਜ ਪੁਆਇੰਟ ਸੰਗਤ, ਚੱਕ ਅਤਰ ਸਿੰਘ ਵਾਲਾ, ਕੋਟਬਖਤੁ, ਪੱਕਾ ਕਲਾਂ, ਬਾਂਡੀ ਅਤੇ ਘੁੱਦਾ ਵਿੱਖੇ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਟੀਕਾਕਰਨ ਲਈ ਇਕੱਠ ਨਹੀਂ ਕੀਤਾ ਜਾ ਰਿਹਾ ਹੈ, ਲਾਭਪਾਤਰੀਆਂ ਨੂੰ ਇੱਕ ਇੱਕ ਕਰਕੇ ਟੀਕਾਕਰਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਨਿਯਮਾਂ ਦੀ ਪਾਲਨਾ ਕਰਦੇ ਹੋਏ ਟੀਕਾਕਰਨ ਨੂੰ ਸਫ਼ਲ ਬਣਾਇਆ ਜਾ ਰਿਹਾ ਹੈ।
ਉਹਨਾਂ ਨੇ ਦੱਸਿਆ ਕਿ ਇਸ ਮੌਕੇ ’ਤੇ ਪੈਰਾ ਮੈਡੀਕਲ ਸਟਾਫ ਵਲੋ ਲੋਕਾਂ ਨੂੰ ਕੋਰੋਨਾ ਵਾਇਰਸ ਬਿਮਾਰੀ ਪ੍ਰਤੀ ਜਾਗਰੂਕ ਵੀ ਕੀਤਾ ਗਿਆ। ਜਿਸ ਅਧੀਨ ਲੋਕਾਂ ਨੂੰ ਸਮਾਜਿਕ ਦੂਰੀ ਬਣਾਈ ਰੱਖਣਾ, ਖੰਘਣ ਜਾਂ ਛਿੱਕਦੇ ਸਮੇਂ ਮੂੰਹ ਨੂੰ ਕੁਹਣੀ ਨਾਲ ਜਾਂ ਰੁਮਾਲ ਨਾਲ ਢੱਕ ਕੇ ਰੱਖਣਾ। ਆਪਣੇ ਹੱਥ ਵਾਰ-ਵਾਰ ਸਾਬਣ ਨਾਲ ਧੋਣਾ ਅਤੇ ਦਿਨ ਵਿੱਚ 4-5 ਵਾਰ ਗਰਮ ਪਾਣੀ ਪੀਣ ਦੀ ਹਦਾਇਤ ਕੀਤੀ ਗਈ। ਉਨਾਂ ਦੱਸਿਆ ਕਿ ਬਿਮਾਰੀਆਂ ਤੋਂ ਬਚਣ ਲਈ ਸ਼ਰੀਰਕ ਸ਼ਕਤੀ ਵਧਾਉਣ ਵਾਲੀਆਂ ਸਬਜੀਆਂ, ਫੱਲ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ । ਜੇਕਰ ਸੁੱਕੀ ਖੰਘ, ਬੁਖਾਰ ਸਾਹ ਲੈਣ ਵਿੱਚ ਤਕਲੀਫ ਹੋਵੇ ਤਾਂ ਤੁਰੰਤ ਸਰਕਾਰੀ ਸਿਹਤ ਕੇਂਦਰ ਵਿੱਚ ਸੰਪਰਕ ਕੀਤਾ ਜਾਵੇ ਤਾਂ ਜੋ ਸਮੇ ’ਤੇ ਹੀ ਮਰੀਜ਼ ਦਾ ਇਲਾਜ ਸ਼ੁਰੂ ਕੀਤਾ ਜਾ ਸਕੇ।