ਅਸ਼ੋਕ ਵਰਮਾ
ਬਠਿੰਡਾ, 14 ਅਪਰੈਲ 2020 - ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਦੇ ਬਾਵਜੂਦ ਦਿਨ ਰਾਤ ਮਨੁੱਖਤਾ ਦੀ ਸੇਵਾ ਸਹਾਰਾ ਜਨ ਸੇਵਾ ਬਠਿੰਡਾ ਦੇ ਦੋ ਵਲੰਟੀਅਰ ਟੇਕ ਚੰਦ ਅਤੇ ਜੱਗਾ ਸਿੰਘ ਦੇ ਹਿੱਸੇ ਆਈ ਹੈ ।ਪਿਛਲੇ ਕਈ ਵਰਿਆਂ ਤੋਂ ਕਦੇ ਹਾਦਸਾ ਪੀੜਤਾਂ ਨੂੰ ਹਸਪਤਾਲ ਲਿਜਾਂਦੇ ਤੇ ਕਦੇ ਕਿਸੇ ਹੋਰ ਕੰਮ ’ਚ ਜੁਟੇ ਰਹਿਣ ਵਾਲੇ ਦੋਵੇਂ ਭਰਾ ਕਿਸੇ ਜਾਣ ਪਛਾਣ ਦੇ ਮੋਹਤਾਜ ਨਹੀਂ ਹਨ। ਸਮਾਜ ਸੇਵਾ ਦੇ ਕਾਰਜ ਦੌਰਾਨ ਆਪਣਾ ਸਕਾ ਭਰਾ ਗੁਆ ਲੈਣ ਦੇ ਬਾਵਜੂਦ ਦੋਵਾਂ ਭਰਾਵਾਂ ’ਚ ਮਨੁਖਤਾ ਪ੍ਰਤੀ ਦਰਦ ਰਤਾ ਵੀ ਨਹੀਂ ਘਟਿਆ ਬਲਕਿ ਚੇਟਕ ਵਧੀ ਹੈ ।
ਟੇਕ ਚੰਦ ਅਤੇ ਜੱਗਾ ਸਿੰਘ ਦਾ ਤੀਸਰਾ ਭਾਈ ਰਾਮ ਸਿੰਘ ਵੀ ਸਹਾਰਾ ਜਨ ਸੇਵਾ ਨਾਲ ਜੁੜਿਆ ਹੋਇਆ ਸੀ। ਸੇਵਾ ਕਾਰਜ ਦੌਰਾਨ 14 ਦਸੰਬਰ 2016 ਨੂੰ ਰਾਮ ਸਿੰਘ ਨੂੰ ਮੌਤ ਨੇ ਉਸ ਵਕਤ ਕਲਾਵੇ ’ਚ ਲੈ ਲਿਆ ਜਦੋਂ ਉਹ ਮਾਨਸਾ ਰੋਡ ਤੇ ਵਾਪਰੇ ਇੱਕ ਸੜਕ ਹਾਦਸੇ ਦੇ ਜਖਮੀਆਂ ਨੂੰ ਹਸਪਤਾਲ ਲਿਜਾਣ ਲਈ ਚੁੱਕ ਰਿਹਾ ਸੀ। ਉਸ ਰਾਤ ਕੜਾਕੇ ਦੀ ਠੰਢ ਦੀ ਪ੍ਰਵਾਹ ਨਾਂ ਕਰਦਿਆਂ ਰਾਮ ਸਿੰਘ ਨੇ ਦੋ ਜਖਮੀ ਐਂਬੂਲੈਂਸ ’ਚ ਪਾ ਲਏ ਪਰ ਜਦ ਉਹ ਤੀਸਰੇ ਨੂੰ ਹਾਲੇ ਚੁੱਕਣ ਹੀ ਲੱਗਿਆ ਸੀ ਤਾਂ ਤੇਜ ਰਫਤਾਰ ਵਾਹਨ ਤੇ ਰਾਮ ਸਿੰਘ ਨੂੰ ਲਪੇਟ ’ਚ ਲੈ ਲਿਆ। ਕੋਸ਼ਿਸ਼ਾਂ ਦੇ ਬਾਵਜੂਦ ਰਾਮ ਸਿੰਘ ਨੂੰ ਬਚਾਇਆ ਨਾਂ ਜਾ ਸਕਿਆ ਤੇ ਉਸ ਦੀ ਮੌਤ ਵੀ ਸਮਾਜਸੇਵਾ ਨੂੰ ਸਮਰਪਿਤ ਹੋ ਗਈ। ਸਹਾਰਾ ਜਨ ਸੇਵਾ ਵੱਲੋਂ ਰਾਮ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਹੋਇਆ ਹੈ । ਉਸ ਦੀ ਯਾਦ ’ਚ ਸਹਾਰਾ ਵਰਕਰ ਹਰ ਵਰੇ ਖੂਨਦਾਨ ਕੈਂਪ ਲਾਕੇ ਸਮਾਜਿਕ ਕਾਰਜਾਂ ਨੂੰ ਹੋਰ ਵੀ ਤਨਦੇਹੀ ਨਾਲ ਕਰਨ ਦਾ ਪ੍ਰਣ ਕਰਦੇ ਹਨ।
ਭਰਾ ਤੁਰ ਜਾਣ ਉਪਰੰਤ ਵੀ ਉਹ ਡੋਲੇ ਨਹੀਂ ਅਤੇ ਸੇਵਾ ਕਾਰਜਾਂ ਨੂੰ ਜਾਰੀ ਰੱਖਿਆ ਹੋਇਆ ਹੈ। ਦੋਵਾਂ ਨੇ ‘ਪੁੰਨ ਦੇ ਕੰਮ’ ਦਾ ਜਿਹੜਾ ਰਾਹ ਫੜਿਆ ਹੈ, ਉਸ ‘ਤੇ ਕਿਸੇ ਸਾਧਾਰਨ ਬੰਦੇ ਦੀ ਪੈਰ ਧਰਨ ਦੀ ਜੁਰਅਤ ਨਹੀਂ ਪੈਂਦੀ ਹੈ। ਸਹਾਰਾ ਜਨ ਸੇਵਾ ਦਾ ਵਰਕਰ ਵਜੋਂ ਪਿਛਲੇ ਲੰਮੇ ਸਮੇਂ ਤੋਂ ਸਮਾਜ ਸੇਵਾ ਦੋਵਾਂ ਭਰਾਵਾਂ ਦੀ ਜਿੰਦਗੀ ਦਾ ਇੱਕ ਅੰਗ ਬਣ ਗਈ ਹੈ । ਇਵੇਂ ਹੀ ਉਨਾਂ ਵੱਲੋਂ ਬੇਸਹਾਰਾ ਲੋਕਾਂ ਦੀਆਂ ਸੈਂਕੜੇ ਲਾਸ਼ਾਂ ਦਾ ਸਨਮਾਨਪੂਰਵਕ ਅੰਤਮ ਸੰਸਕਾਰ ਕੀਤਾ ਜਾ ਚੁੱਕਿਆ ਹੈ । ਹੈਰਾਨਕੁੰਨ ਪਹਿਲੂ ਹੈ ਕਿ ਜਦੋਂ ਲੋਕ ਕਿਸੇ ਆਪਣੇ ਦੀ ਮੌਤ ‘ਤੇ ਲਾਸ਼ ਦੇ ਨੇੜੇ ਨਹੀਂ ਢੁਕਦੇ ਪਰ ਇਨਾਂ ਨੇ ਗਲੀਆਂ -ਸੜੀਆਂ ਤੇ ਲਾਵਾਰਸ ਲਾਸ਼ਾਂ ਦਾ ਸਸਕਾਰ ਕਰਕੇ ਦੁਨੀਆਂ ਵਿਚ ਨਿਵੇਕਲੀ ਮਿਸਾਲ ਕਾਇਮ ਕੀਤੀ ਹੈ ।
ਇਸ ਪ੍ਰੀਵਾਰ ਦਾ ਇਸ ਰਾਹ ‘ਤੇ ਤੁਰਨ ਦਾ ਪਿਛੋਕੜ ਵੀ ਬੜਾ ਦਿਲਚਸਪ ਹੈ ਟੇਕ ਚੰਦ ਦੇ ਪਿਤਾ ਬਠਿੰਡਾ ਦੇ ਸ਼ਮਸ਼ਾਨਘਾਟ ’ਚ ਰਹਿੰਦੇ ਸਨ ਤੇ ਉੱਥੋਂ ਦੀ ਬਗੀਚੀ ’ਚ ਸਬਜੀਆਂ ਵਗੈਰਾ ਲਾਉਣ ਦਾ ਕੰਮ ਕਰਦੇ ਸਨ। ਸਹਾਰਾ ਜਨ ਸੇਵਾ ਦੇ ਪ੍ਰਧਾਨ ਵਿਜੇ ਗੋਇਲ ਨੇ ਦੱਸਿਆ ਕਿ ਉਹ ਅਕਸਰ ਕਿਸੇ ਨਾ ਕਿਸੇ ਲਾਸ਼ ਦੇ ਸੰਸਕਾਰ ਲਈ ਸ਼ਮਸ਼ਾਨਘਾਟ ਜਾਂਦੇ ਰਹਿੰਦੇ ਸਨ। ਇਸੇ ਦੌਰਾਨ ਤਿੰਨਾਂ ਭਰਾਵਾਂ ਦੀ ਉਨਾਂ ਨਾਲ ਕਾਫੀ ਨਜ਼ਦੀਕੀ ਬਣ ਗਈ ਅਤੇ ਉਨਾਂ ਨੇ ਸਹਾਰਾ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਪਣੀ ਜ਼ਿੰਦਗੀ ਮਨੁੱਖਤਾ ਦੇ ਲੇਖੇ ਲਗਾ ਦਿੱਤੀ ਹੈ। ਸ੍ਰੀ ਗੋਇਲ ਨੇ ਦੱਸਿਆ ਕਿ ਹੁਣ ਤਾਂ ਇੰਜ ਜਾਪਣ ਲੱਗਿਆ ਹੈ ਕਿ ਇਹ ਲੋਕਾਂ ਦੀ ਸੇਵਾ ਲਈ ਹੀ ਜਨਮੇ ਹਨ।
ਲੋਕਾਂ ਦੀ ਸੇਵਾ ਮਿਸ਼ਨ ਬਣਿਆ: ਟੇਕ ਚੰਦ
ਸਹਾਰਾ ਜਨ ਸੇਵਾ ਦੇ ਵਰਕਰ ਟੇਕ ਚੰਦ ਦਾ ਕਹਿਣਾ ਸੀ ਕਿ ਸਹਾਰਾ ਦੇ ਪ੍ਰਧਾਨ ਵਿਜੇ ਗੋਇਲ ਨੂੰ ਦੇਖਦਿਆਂ ਉਨਾਂ ਨੇ ਪੀੜਤ ਅਤੇ ਦੀਨ ਦੁਖੀਆਂ ਦੀ ਮਦਦ ਕਰਨ ਦਾ ਮਨ ਬਣਾ ਲਿਆ ਜਿਸ ਮਗਰੋਂ ਉਨਾਂ ਦੀ ਜ਼ਿੰਦਗੀ ਦਾ ਮਕਸਦ ਹੀ ਬਦਲ ਗਿਆ ਹੈ। ਉਨਾਂ ਦੱਸਿਆ ਕਿ ਹੁਣ ਤਾਂ ਆਮ ਲੋਕਾਂ ,ਹਾਦਸਾ ਪੀੜਤਾਂ ਤੇ ਬੇਸਹਾਰਾ ਲੋਕਾਂ ਦੀ ਸੇਵਾ ਕਰਨਾ ਮਿਸ਼ਨ ਹੈ। ਉਨਾਂ ਦੱਸਿਆ, ਸਹਾਰਾ ਵਲੰਟੀਅਰ ਸ਼ਹਿਰ ’ਚ ਨਜ਼ਰ ਰੱਖਦੇ ਹਨ ਤੇ ਜਿੱਥੇ ਜਰੂਰਤ ਹੁੰਦੀ ਹੈ ਫੌਰੀ ਤੌਰ ਤੇ ਪੁੱਜਿਆ ਜਾਂਦਾ ਹੈ । ਉਨਾਂ ਦੱਸਿਆ ਕਿ ਹਸਪਤਾਲ ਤੇ ਪੁਲੀਸ ਵੀ ਸਹਾਰਾ ਵਲੰਟੀਅਰਾਂ ਨਾਲ ਸੰਪਰਕ ਕਰਦੇ ਹਨ ਤਾਂ ਜੋ ਪੀੜਤਾਂ ਦੀ ਸਹਾਇਤਾ ਕੀਤੀ ਜਾ ਸਕੇ।
ਸ਼ਰਾਬ ਪੀਕੇ ਡਰਾਈਵਿੰਗ ਮੌਤ ਨੂੰ ਸੱਦਾ
ਸਹਾਰਾ ਵਲੰਟੀਅਰ ਜੱਗਾ ਸਿੰਘ ਦਾ ਕਹਿਣਾ ਸੀ ਕਿ ਉਹ ਕਿਸੇ ਤੇ ਅਹਿਸਾਨ ਨਹੀਂ ਸਿਰਫ ਸਮਾਜ ਪ੍ਰਤੀ ਆਪਣਾ ਫਰਜ਼ ਅਦਾ ਕਰ ਰਹੇ ਹਨ ਉਨਾਂ ਆਖਿਆ ਕਿ ਲੋਕ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਤਾਂ ਹਾਦਸਿਆਂ ਦੌਰਾਨ ਮੌਤਾਂ ਦੀ ਦਰ ਘਟਾਈ ਜਾ ਸਕਦੀ ਹੈ ਉਨਾਂ ਆਮ ਲੋਕਾਂ ਨੂੰ ਨਸ਼ਾ ਕਰਕੇ ਵਾਹਨ ਨਾਂ ਚਲਾਉਣ ਦੀ ਅਪੀਲ ਵੀ ਕੀਤੀ ਹੈ
ਲੋਕ ਪੱਖੀ ਕਾਰਜਾਂ ਦਾ ਕੋਈ ਸਾਨੀਂ ਨਹੀਂ
ਸਮਾਜਿਕ ਕਾਰਕੁੰਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਸਹਾਰਾ ਜਨ ਸੇਵਾ ਦੀ ਅਗਵਾਈ ਹੇਠ ਇੰਨਾਂ ਨੌਜਵਾਨਾਂ ਵੱਲੋਂ ਕੀਤੇ ਜਾ ਰਹੇ ਲੋਕ ਪੱਖੀ ਕਾਰਜਾਂ ਦੀ ਜਿੰਨੀਂ ਵੀ ਸ਼ਲਾਘਾ ਕੀਤੀ ਜਾਏ ਉਹ ਘੱਟ ਹੈ। ਉਨਾਂ ਕਰੋਨਾ ਵਾਇਰਸ ਦੇ ਸੰਕਟ ’ਚ ਤਾਂ ਇੰਨਾਂ ਨੇ ਲਾਮਿਸਾਲ ਦਲੇਰੀ ਦਿਖਾਉਂਦਿਆਂ ਗਰੀਬਾਂ ਤੇ ਲੋੜਵੰਦਾਂ ਨੂੰ ਖਾਣਾ ਮੁਹੱਈਆ ਕਰਵਾਇਆ ਉਹ ਲਾ ਮਿਸਾਲ ਹੈ।