ਚੰਡੀਗੜ, 20 ਅਪਰੈਲ 2020: ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਸੂਬਾ ਸਰਕਾਰ ਵੱਲੋਂ ਲੋਹੀਆ (ਸ਼ਾਹਕੋਟ) ਵਿਖੇ ਨਵੀਂ ਬਣਨ ਵਾਲੀ ਆਈ.ਟੀ.ਆਈ. ਦਾ ਨਾਮ ਭਾਈ ਸਾਹਿਬ ਦੇ ਨਾਮ ਉਤੇ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
ਭਾਈ ਨਿਰਮਲ ਸਿੰਘ ਖਾਲਸਾ ਜੀ ਦਾ 2 ਅਪਰੈਲ ਨੂੰ ਅੰਮ੍ਰਿਤਸਰ ਵਿਖੇ ਕੋਰੋਨਾਵਾਇਰਸ ਕਾਰਨ ਦੇਹਾਂਤ ਹੋ ਗਿਆ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਪਰਿਵਾਰ ਨੂੰ ਭੇਜੇ ਸ਼ੋਕ ਸੰਦੇਸ਼ ਵਿੱਚ ਕਿਹਾ ਸੀ ਕਿ ਉਨ•ਾਂ ਨੂੰ ਮਹਾਨ ਰਾਗੀ ਸਿੰਘ ਦੇ ਬੇਵਕਤੀ ਚਲਾਣੇ ਉਤੇ ਡੂੰਘਾ ਦੁੱਖ ਹੋਇਆ ਜਿਨ•ਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੇ ਰਾਗਾਂ ਦੀ ਮਾਹਰਤ ਹਾਸਲ ਸੀ।
ਦੁਖੀ ਪਰਿਵਾਰ, ਰਿਸ਼ਤੇਦਾਰਾਂ, ਦੋਸਤਾਂ ਅਤੇ ਭਾਈ ਸਾਹਿਬ ਨੂੰ ਪੰਜਾਬ, ਦੇਸ਼ ਅਤੇ ਦੁਨੀਆਂ ਵਿੱਚ ਚਾਹੁਣ ਵਾਲੇ ਲੱਖਾਂ ਪ੍ਰਸੰਸਕਾਂ ਨਾਲ ਦੁੱਖ ਸਾਂਝਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖਾਲਸਾ ਜੀ ਨੇ ਦੁਨੀਆਂ ਭਰ ਵਿੱਚ ਕੀਰਤਨ ਰਾਹੀਂ ਆਪਣੀ ਸਾਰੀ ਉਮਰ ਗੁਰਮਤਿ ਸੰਗੀਤ ਦੇ ਲੇਖੇ ਲਾਈ।
ਮੁੱਖ ਮੰਤਰੀ ਨੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਿਆਂ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ।