ਜਸਪਾਲ ਨਿੱਝਰ
ਫ਼ਤਿਹਗੜ੍ਹ ਸਾਹਿਬ, 18 ਜੂਨ 2020: ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਮੁਖੀ ਭਾਈ ਰਣਜੀਤ ਸਿੰਘ ਵੱਲੋਂ ਅੱਜ ਦਿਨ ਵੀਰਵਾਰ ਨੂੰ ਫ਼ਤਿਹਗੜ੍ਹ ਸਾਹਿਬ ਵਿਖੇ ਪੰਥਕ ਅਕਾਲੀ ਲਹਿਰ ਦੇ ਨੌਜਵਾਨ ਵਿੰਗ ਦਾ ਐਲਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਮੌਕੇ ਵਿੱਚ ਭਾਈ ਰਣਜੀਤ ਸਿੰਘ ਖ਼ੁਦ ਮੌਜੂਦ ਨਹੀਂ ਸਨ ਇਸ ਸਮਾਗਮ ਦੀ ਅਗਵਾਈ ਫ਼ਤਿਹਗੜ੍ਹ ਸਾਹਿਬ ਦੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਪੰਥਕ ਅਕਾਲੀ ਲਹਿਰ ਦੇ ਸੀਨੀਅਰ ਆਗੂ ਭਾਈ ਗੁਰਪ੍ਰੀਤ ਸਿੰਘ ਨੇ ਕੀਤੀ।
ਨੌਜਵਾਨ ਵਿੰਗ ਦੀ ਵਾਗਡੋਰ ਪੰਜ ਮੈਂਬਰੀ ਕਮੇਟੀ ਦੇ ਸਪੁਰਦ ਰਹੇਗੀ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਪੰਥਕ ਅਕਾਲੀ ਲਹਿਰ ਹੀ ਇੱਕ ਅਜੇਹੀ ਜਥੇਬੰਦੀ ਹੈ ਜਿਸ ਵਿੱਚ ਸਾਰੀਆਂ ਪਾਰਟੀਆਂ ਦੇ ਲੋਗ ਸ਼ਾਮਲ ਹਨ ਕਿਉਂਕਿ ਇਸ ਲਹਿਰ ਦਾ ਮਕਸਦ ਗੁਰੂ ਅਕੀਦੇ ਮੁਤਾਬਿਕ ਧਾਰਮਿਕ ਟੀਚੇ ਹਾਸਲ ਕਰਨਾ ਹੈ ਅਤੇ ਇਸ ਜਥੇਬੰਦੀ ਦਾ ਮੁੱਖ ਟੀਚਾ ਹੈ ਸ਼੍ਰੋਮਣੀ ਕਮੇਟੀ ਨੂੰ ਹਰ ਤਰ੍ਹਾਂ ਦੇ ਸਿਆਸੀ ਭਾਰ ਤੋਂ ਸੁਰਖ਼ਰੂ ਕਰਨਾ ਹੈ। ਕਿਉਂਕਿ ਸ਼੍ਰੋਮਣੀ ਕਮੇਟੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਅਜੇਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਜਿਸ ਨਾਲ਼ ਸਮੁੱਚੇ ਸਿੱਖ ਭਾਈਚਾਰੇ ਵਿੱਚ ਨਮੋਸ਼ੀ ਦੀ ਭਾਵਨਾ ਵਧਦੀ ਜਾ ਰਹੀ ਸੀ।
ਭਾਈ ਗੁਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਭਾਈ ਰਣਜੀਤ ਸਿੰਘ ਦੇ ਅਣਥੱਕ ਜਤਨਾਂ ਸਦਕਾ ਲੋਕਾਂ ਨੂੰ ਇਹ ਯਕੀਨ ਹੋ ਚੁੱਕਾ ਹੈ ਕਿ ਪੰਥਕ ਅਕਾਲੀ ਲਹਿਰ ਦਾ ਟੀਚਾ ਨਿਰੋਲ ਧਾਰਮਿਕ ਹੈ ਇਸ ਕਰਕੇ ਲੋਕਾਂ ਵੱਲੋਂ ਇਸ ਲਹਿਰ ਨੂੰ ਭਰਵਾਂ ਹੁੰਗਾਰਾ ਮਿਲ਼ ਰਿਹਾ ਹੈ।
ਇਸ ਮੌਕੇ ਪ੍ਰੋਫੈਸਰ ਧਰਮਜੀਤ ਸਿੰਘ ਨੇ ਕਿਹਾ ਕਿ ਕਿਸੇ ਵੀ ਸਾਂਝੇ ਟੀਚੇ ਨੂੰ ਨੌਜਵਾਨਾ ਦੀ ਮਦਦ ਤੋਂ ਬਿਨਾ ਹਾਸਿਲ ਨਹੀਂ ਕੀਤਾ ਜਾ ਸਕਦਾ। ਨੌਜਵਾਨ ਵਿੰਗ ਦੇ ਗਠਨ ਨਾਲ਼ ਪੰਥਕ ਅਕਾਲੀ ਲਹਿਰ ਨੂੰ ਨਵਾਂ ਜੋਸ਼ ਅਤੇ ਤਾਕਤ ਮਿਲ਼ੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਇੱਕ ਨਿਰੋਲ ਧਾਰਮਿਕ ਸੰਸਥਾ ਹੈ ਇਸ ਦੀਆਂ ਚੋਣਾ ਵਿੱਚ ਨਸ਼ੇ ਵੰਡਣਾ ਅਤਿ ਨਿੰਦਣਯੋਗ ਹੈ।
ਨੌਜਵਾਨ ਵਿੰਗ ਦੀ ਜ਼ੁੰਮੇਵਾਰੀ ਅੰਮ੍ਰਿਤਪਾਲ ਸਿੰਘ, ਪ੍ਰੋਫੈਸਰ ਧਰਮਜੀਤ ਸਿੰਘ ਮਾਨ, ਲਖਵੰਤ ਸਿੰਘ, ਦੋਬੁਰਜੀ, ਗੁਰਵਿੰਦਰ ਸਿੰਘ ਸਮਾਣਾ, ਮਨਦੀਪ ਸਿੰਘ ਗੋਲੂ ਨੂੰ ਸੌਂਪੀ ਗਈ। ਭਾਈ ਰੰਧਾਵਾ ਨੇ ਦੱਸਿਆ ਕਿ ਇਹ ਵਿੰਗ ਯੂਨੀਵਰਸਿਟੀਆਂ, ਕਾਲਜਾਂ ਅਤੇ ਸਕੂਲਾਂ ਵਿੱਚ ਨੌਜਵਾਨਾ ਦੇ ਨਵੇਂ ਯੂਨਿਟ ਸਥਾਪਿਤ ਕਰੇਗੀ।