ਅਸ਼ੋਕ ਵਰਮਾ
ਬਠਿੰਡਾ, 26 ਮਾਰਚ 2020 - ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਜਗਸੀਰ ਸਿੰਘ ਜੀਦਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਜੋ ਕਰਫਿਊ ਲਾਇਆ ਗਿਆ ਹੈ ਉਹ ਲਗਭਗ ਅਮਨ ਸ਼ਾਂਤੀ ਨਾਲ ਚੱਲ ਰਿਹਾ ਹੈ, ਪਰ ਵੇਖਣ ਵਿੱਚ ਆਇਆ ਹੈ ਕਿ ਪੁਲੀਸ ਵੱਲੋਂ ਨਿਰਦੋਸ਼ ਲੋਕਾਂ ਨੂੰ ਬਿਨਾਂ ਵਜ੍ਹਾ ਤੰਗ ਕੀਤਾ ਜਾ ਰਿਹਾ ਹੈ। ਪੁਲਿਸ ਦਾ ਇਹ ਵਤੀਰਾ ਬਹੁਤ ਹੀ ਨਿੰਦਣਯੋਗ ਹੈ।
ਖੇਤਾਂ ਵਿੱਚ ਪਾਣੀ ਲਾਉਣ ਜਾਣਾ, ਹਰਾ ਚਾਰਾ, ਆਰ. ਓ. ਦਾ ਪਾਣੀ ਲੈਣ ਜਾਣਾ, ਘਰੇਲੂ ਵਰਤੋਂ ਦਾ ਸਾਮਾਨ, ਦਵਾਈ ਆਦਿ ਸਭ ਜ਼ਰੂਰੀ ਲੋੜਾਂ ਵਿੱਚ ਸ਼ਾਮਲ ਹਨ।ਜੇਕਰ ਕੋਈ ਕਿਸਾਨ ਜਾਂ ਆਮ ਨਾਗਰਿਕ ਘਰ ਤੋਂ ਬਾਹਰ ਜਾਂਦਾ ਹੈ ਤਾਂ ਉਸ ਦੀ ਪੜਤਾਲ ਕੀਤੀ ਜਾਵੇ ਅਤੇ ਜੇਕਰ ਉਹ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਬੇਇੱਜ਼ਤ ਕਰਨ ਦੀ ਬਜਾਏ ਉਸ ਤੇ ਬਣਦੀ ਕਾਨੂੰਨੀ ਕਾਰਵਾਈ ਹੀ ਕੀਤੀ ਜਾਵੇ। ਪਿੰਡ ਜੰਡਾਂਵਾਲਾ, ਜੀਦਾ ਆਦਿ ਵਿੱਚ ਜੋ ਪੁਲਸ ਵੱਲੋਂ ਧੱਕੇਸ਼ਾਹੀ ਦੀਆਂ ਖ਼ਬਰਾਂ ਆ ਰਹੀਆਂ ਹਨ ਉਹ ਬਹੁਤ ਹੀ ਨਿੰਦਣਯੋਗ ਹਨ।
ਜੇਕਰ ਲੋੜ ਪਈ ਤਾਂ ਕਿਸਾਨ ਜਥੇਬੰਦੀ ਸੰਘਰਸ਼ ਕਰਨ ਤੋਂ ਗੁਰੇਜ ਨਹੀਂ ਕਰੇਗੀ ਇਸ ਕਰਕੇ ਕਿਸਾਨਾਂ ਦੀ ਇਸ ਚੁੱਪ ਨੂੰ ਸਾਡੀ ਕਮਜ਼ੋਰੀ ਨਾ ਸਮਝਿਆ ਜਾਵੇ। ਉਨ੍ਹਾਂ ਮੰਗ ਕੀਤੀ ਕਿ ਪਿੰਡਾਂ ਵਿੱਚ ਲੋੜੀਂਦੀਆਂ ਦੁਕਾਨਾਂ ਖੋਲ੍ਹਣ ਲਈ ਸਮਾਂ ਨਿਸਚਿਤ ਕੀਤਾ ਜਾਵੇ ਜਾਂ ਘਰ-ਘਰ ਪਹੁੰਚਾਉਣ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਚੌਦਾ ਅਪਰੈਲ ਤੱਕ ਦਾ ਜੋ ਕਰਫ਼ਿਊ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ ਇਸ ਨਾਲ ਕਣਕ ਦੀ ਖ਼ਰੀਦ ਤੇ ਅਸਰ ਪੈ ਸਕਦਾ ਹੈ ਜਿਸ ਕਰਕੇ ਸਰਕਾਰ ਉਸ ਸਮੇ ਤੱਕ ਕਣਕ ਦੀ ਖਰੀਦ ਦੀ ਵੀ ਪੂਰੀ ਤਿਆਰੀ ਕਰੇ ਤਾਂ ਜੋ ਕਿਸਾਨਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।