← ਪਿਛੇ ਪਰਤੋ
ਅਸ਼ੋਕ ਵਰਮਾ
ਜਲੰਧਰ, 27 ਮਾਰਚ 2020 - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ( ਆਰ.ਐਮ. ਪੀ.ਆਈ.) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਕੋਰੋਨਾ ਵਾਇਰਸ ਨਾਲ ਜੁੜੀ ਮਹਾਮਾਰੀ ਦੇ ਟਾਕਰੇ ਹਿੱਤ ਲਾਗੂ ਕੀਤੀ ਗਈ ਦੇਸ਼ ਪੱਧਰੀ ਲਾੱਕਡਾਊਨ ਦੇ ਸਿੱਟੇ ਵੱਜੋਂ ਕੰਮ-ਕਾਰ ਤੋਂ ਵਾਂਝੇ ਹੋਣ ਸਦਕਾ ਭੁੱਖਮਰੀ ਤੋਂ ਬਚਣ ਲਈ ਆਵਾਜਾਈ ਦੇ ਸਾਧਨਾਂ ਦੀ ਅਣਹੋਂਦ ਕਾਰਨ ਪੈਦਲ ਹੀ ਮਾਸੂਮ ਬੱਚਿਆਂ ਤੇ ਇਸਤਰੀਆਂ ਸਮੇਤ ਆਪੋ ਆਪਣੇ ਘਰਾਂ ਨੂੰ ਤੁਰੇ ਜਾ ਰਹੇ ਲੱਖਾਂ ਮਜਦੂਰਾਂ ਦੀ ਫੌਰੀ ਸਾਰ ਲੈਂਦਿਆਂ ਉਨਾਂ ਨੂੰ ਤਣ ਪੱਤਣ ਲਾਉਣ ਦਾ ਪੁਖਤਾ ਇੰਤਜ਼ਾਮ ਕਰੇ। ਉਨਾਂ ਇਸ ਗੱਲ ‘ਤੇ ਸਖਤ ਰੋਸ ਦਾ ਇਜਹਾਰ ਕੀਤਾ ਕਿ ਇਨਾਂ ਭੁੱਖਣ-ਭਾਣੇ ਮਜਦੂਰਾਂ ਦੀ ਯੋਗ ਇਮਦਾਦ ਕਰਨ ਦੀ ਬਜਾਇ ਪੁਲਸ ਵਲੋਂ ਇਨਾਂ ਨਾਲ ਬਦਸਲੂਕੀ ਅਤੇ ਅਣਮਨੁੱਖੀ ਕੁੱਟਮਾਰ ਕੀਤੀ ਜਾ ਰਹੀ ਹੈ। ਸਾਥੀ ਪਾਸਲਾ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਜਾਲਿਮਾਨਾ ਪਹੁੰਚ ਦੇ ਭਿਆਨਕ ਨਤੀਜੇ ਨਿਕਲ ਸਕਦੇ ਹਨ ਅਤੇ ਮਹਾਮਾਰੀ ਦੇ ਟਾਕਰੇ ਲਈ ਚੱਲ ਰਹੀ ਮੁਹਿੰਮ ਵੀ ਲੀਹੋਂ ਲਹਿ ਸਕਦੀ ਹੈ। ਸਾਥੀ ਪਾਸਲਾ ਨੇ ਕੇਂਦਰ ਸਰਕਾਰ ਵੱਲੋਂ ਦੂਰਦਰਸ਼ਨ ਤੇ ਰਾਮਾਇਣ ਲੜੀਵਾਰ ਦਾ ਪ੍ਰਸਾਰਣ ਮੁੜ ਸ਼ੁਰੂ ਕਰਨ ਦੇ ਫੈਸਲੇ ਬਾਰੇ ਕਿੰਤੂ ਕਰਦਿਆਂ ਕਿਹਾ ਕਿ ਇਸ ਕਦਮ ਨਾਲ ਮਹਾਮਾਰੀ ਤੋਂ ਬਚਾਅ ਲਈ ਕੀਤੇ ਗਏ ਸਾਰੇ ਯਤਨ ਵਿਅਰਥ ਚਲੇ ਜਾਣ ਦਾ ਪੂਰਾ ਖਦਸ਼ਾ ਹੈ ਕਿਉਂਕਿ ਫਿਜੀਕਲ ਡਿਸਟੈਂਸ ਖਤਮ ਹੋ ਜਾਵੇਗੀ । ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ ਵੀ ਥਾਲੀਆਂ, ਵਜਾਉਣ ਦਾ ਅਵਿਗਿਆਣਕ ਸੱਦਾ ਕੇ ਇਸ ਗੰਭੀਰ ਮੁਹਿੰਮ ਨਾਲ ਖਿਲਵਾੜ ਕਰ ਚੁੱਕੇ ਹਨ ਜਿਸ ਦਾ ਗੰਭੀਰ ਹਲਕਿਆਂ ਨੇ ਸਖਤ ਨੋਟਿਸ ਲਿਆ ਸੀ। ਪਾਸਲਾ ਨੇ ਇਹ ਪ੍ਰਸਾਰਣ ਰੋਕਣ ਦੀ ਮੰਗ ਕਰਦਿਆਂ ਸਰਕਾਰ ਨੂੰ ਸੁਝਾਅ ਦਿੱਤਾ ਕਿ ਉਹ ਕੋਈ ਐਸਾ ਕਦਮ ਨਾ ਚੁੱਕੇ ਜੋ ਕੋਰੋਨਾ ਵਾਇਰਸ ਨਾਲ ਚੱਲ ਰਹੀ ਲੜਾਈ ਨੂੰ ਭਟਕਾਉਣ ‘ਚ ਸਹਾਈ ਅਤੇ ਸਾਰੇ ਕੀਤੇ ਕਰਾਏ ‘ਤੇ ਪਾਣੀ ਫੇਰਨ ਸਮਾਨ ਹੋਵੇ।
Total Responses : 267