ਹਰਿੰਦਰ ਨਿੱਕਾ
- ਭੁੱਖ ਦੇ ਸਤਾਏ ਬਾਲਾ ਨੂੰ ਲੋਰੀਆਂ ਨਾਲ ਚੁੱਪ ਕਰਾਉਣ ਦੀ ਕੋਸ਼ਿਸ਼ ਕਰੀਂਦੀ ਹੈ, ਪਰ ਭੁੱਖ ਚੁੱਪ ਕਿੱਥੇ ਹੋਣ ਦਿੰਦੀ ਐ,,,,
- ਮੁਸੀਬਤ ਨੂੰ ਫੜ੍ਹੇ ਇਨ੍ਹਾਂ ਵਿਅਕਤੀਆਂ ਚ, ਜੰਮੂ-ਕਸ਼ਮੀਰ ਪੁਲਿਸ ਦਾ 1 ਸਿਪਾਹੀ ਵੀ ਸ਼ਾਮਿਲ
- ਇਹ ਸਾਰੇ ਕਸ਼ਮੀਰੀਆਂ ਦੀ ਡਿਟੇਲ ਰਿਪੋਰਟ ਸਰਕਾਰ ਨੂੰ ਭੇਜ਼ ਰਹੇ ਹਾਂ-ਐਸਡੀਐਮ ਧਾਲੀਵਾਲ
ਬਰਨਾਲਾ 22 ਅਪ੍ਰੈਲ 2020 - ਕੋਵਿਡ 19 ਤੋਂ ਅਵਾਮ ਦੇ ਬਚਾਅ ਲਈ ਜਾਰੀ ਲੌਕਡਾਉਣ ਦੀ ਵਜ਼੍ਹਾ ਕਾਰਣ ਸ਼ਹਿਰ ਦੇ ਕਿਲਾ ਮੁਹੱਲਾ ਅਤੇ ਪੱਤੀ ਰੋਡ ਖੇਤਰ ਚ, 60 ਕਸ਼ਮੀਰੀ ਖੁਦ ਨੂੰ ਅਸੁਰੱਖਿਅਤ ਤੇ ਫਸਿਆ ਹੋਇਆ ਮਹਿਸੂਸ ਕਰ ਰਹੇ ਹਨ । ਵਖਤ ਦੀ ਮਾਰ ਝੱਲ ਰਹੇ ਇਨ੍ਹਾਂ ਕਸ਼ਮੀਰੀਆਂ ਚ , ਜੰਮੂ-ਕਸ਼ਮੀਰ ਪੁਲਿਸ ਦਾ ਇੱਕ ਕਾਂਸਟੇਬਲ ਮੰਜੂਰ ਅਹਿਮਦ ਸ਼ੇਖ , 6 ਔਰਤਾਂ ਤੇ 4/5 ਬੱਚੇ ਵੀ ਸ਼ਾਮਿਲ ਹਨ। ਕਿਰਾਏ ਦੇ ਛੋਟੇ-ਛੋਟੇ ਕਮਰਿਆਂ ਚ, ਇਹ ਸਿਹਤ ਵਿਭਾਗ ਦੁਆਰਾ ਨਿਸਚਿਤ ਸੋਸ਼ਲ ਦੂਰੀ ਦੇ ਪੈਮਾਨੇ ਤੇ ਚਾਹ ਕੇ ਵੀ ਪੂਰਾ ਨਹੀਂ ਉੱਤਰ ਪਾ ਰਹੇ । ਕਮਰਿਆਂ ਦੇ ਅੰਦਰ ਹੀ ਰਹਿ ਕੇ ਕਰੀਬ 1 ਮਹੀਨੇ ਤੋਂ ਦਿਨ ਕਟੀ ਕਰ ਰਹੇ ਇਨ੍ਹਾਂ ਕਸ਼ਮੀਰੀਆਂ ਕੋਲ ਹੁਣ ਨਾ ਕੋਈ ਪੈਸਾ ਬਚਿਆ ਹੈ, ਨਾ ਘਰੇਲੂ ਜਰੂਰਤ ਦਾ ਕੋਈ ਸਮਾਨ। ਬਿਗਾਨੇ ਪ੍ਰਦੇਸ ਚ, ਮੁਸੀਬਤ ਪੈਣ ਤੇ ਕੋਈ ਆਪਣਾ ਨਾ ਹੋਣ ਦਾ ਖੌਫ ਵੱਖਰਾ ਡਰਾ ਰਿਹਾ ਹੈ । ਇਸ ਲਈ, ਇਹ ਸਭ ਹੁਣ ਇੱਥੋਂ ਸੁਰੱਖਿਅਤ ਨਿੱਕਲ ਕੇ ਆਪਣੇ ਘਰੀਂ ਪਹੁੰਚਣ ਨੂੰ ਕਾਹਲੇ ਹੋ ਰਹੇ ਹਨ।
- ਅੱਤਵਾਦੀਆਂ ਦੇ ਗਰਨੇਡ ਹਮਲੇ 'ਚੋਂ ਬਚਿਆ, ਇੱਥੇ ਆ ਕੇ ਫਸਿਆ
ਜੰਮੂ-ਕਸ਼ਮੀਜ ਪੁਲਿਸ ਦੇ ਪੀ.ਐਸ.ਉ ਮੰਜੂਰ ਅਹਿਮਦ ਸ਼ੇਖ ਨੇ ਦੱਸਿਆ ਕਿ ਉਹ ਕੁਝ ਸਮਾਂ ਪਹਿਲਾਂ ਜੰਮੂ ਕਸ਼ਮੀਰ ਚ, ਅੱਤਵਾਦੀਆਂ ਵੱਲੋਂ ਪੁਲਿਸ ਤੇ ਕੀਤੇ ਗਰਨੇਡ ਹਮਲੇ ਚ, ਜਖਮੀ ਹੋ ਗਿਆ ਸੀ, ਜਿਸ ਦੇ ਇਲਾਜ਼ ਲਈ ਉਸ ਨੇ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਚ, ਡਾਕਟਰ ਤੋਂ 18 ਮਾਰਚ ਦੀ ਅਪੁਆਇੰਟਮੈਂਟ ਲਈ ਸੀ, ਡਾਕਟਰ ਨੂੰ ਮਿਲ ਕੇ ਬਾਹਰ ਨਿੱਕਲਿਆ ਤਾਂ ਉਹ ਬਰਨਾਲਾ ਸ਼ਹਿਰ ਚ, ਕੁਝ ਸਮੇਂ ਤੋਂ ਰਹਿ ਰਹੇ ਆਪਣੇ ਰਿਸ਼ਤੇਦਾਰਾਂ ਕੋਲ ਇਸ ਲਈ ਆ ਗਿਆ , ਕਿ ਉਹਨਾਂ ਨੇ ਵੀ ਆਪਣੇ ਘਰ ਪਹੁੰਚਣਾ ਸੀ, ਇਕੱਠਿਆਂ ਜਾਣ ਦੀ ਚਾਹ ਮਨ ਚ, ਲੈ ਕੇ ਉਹ ਬਰਨਾਲਾ ਆਇਆ ਸੀ। ਪਰ ਇੱਥੋਂ ਜਾਣ ਦੇ ਸਮੇਂ ਦੇਸ਼ ਭਰ ਚ, ਲੌਕਡਾਉਣ ਲਾਗੂ ਹੋ ਗਿਆ ਤੇ ਆਵਾਜਾਈ ਦਾ ਕੋਈ ਸਾਧਨ ਨਹੀਂ ਰਿਹਾ। ਉਸ ਨੇ ਦੱਸਿਆ ਕਿ ਕਿਲਾ ਮੁਹੱਲਾ ਖੇਤਰ ਚ, ਹੀ ਕਸ਼ਮੀਰ ਦੇ 26 ਜਣੇ ਪੰਜ ਵੱਖ ਵੱਖ ਕਮਰਿਆਂ ਚ, ਰਹਿ ਰਹੇ ਹਨ। ਇਸ ਤੋਂ ਇਲਾਵਾ ਪੱਤੀ ਰੋਡ ਖੇਤਰ ਦੇ ਵੱਖ ਵੱਖ ਕਮਰਿਆਂ ਚ, 34 ਜਣੇ ਹੋਰ ਵੀ ਰਹਿੰਦੇ ਹਨ। ਜਿਨ੍ਹਾਂ ਚ, 6 ਔਰਤਾਂ ਤੇ 4/5 ਬੱਚੇ ਵੀ ਹਨ।
- ਰਮਜ਼ਾਨ ਮਹੀਨਾ ਸ਼ੁਰੂ ਹੋਣ ਵਾਲਾ ਹੈ,,,
ਜਸਮੀਨ ਬਾਨੋ ਅਤੇ ਸਿਮਰਨ ਬਾਨੋ ਨੇ ਭਰੇ ਮਨ ਨਾਲ ਕਿਹਾ ਕਿ ਪਵਿੱਤਰ ਰਮਜ਼ਾਨ ਦਾ ਮਹੀਨਾਂ ਸ਼ੁਰੂ ਹੋਣ ਚ, ਮਸਾਂ 3 ਕੁ ਦਿਨ ਹੀ ਬਾਕੀ ਹਨ। 3 ਮਈ ਤੱਕ ਲੌਕਡਾਉਣ ਦਾ ਐਲਾਨ ਪਹਿਲਾਂ ਹੀ ਹੋ ਚੁੱਕਾ ਹੈ। ਇਸ ਦੇ ਹੋਰ ਵਧਣ ਦੀਆਂ ਸੰਭਾਵਨਾਵਾਂ ਤੋਂ ਵੀ ਮੁਨਕਰ ਨਹੀ ਹੋਇਆ ਜਾ ਸਕਦਾ। ਇੱਥੇ ਉਨ੍ਹਾਂ ਦਾ ਕੋਈ ਹੋਰ ਆਪਣਾ ਵੀ ਨਹੀਂ, ਸਰਦੀ ਚ, ਸ਼ਾਲ ਤੇ ਲੋਈਆਂ ਵੇਚ ਕੇ ਮਿਹਨਤ ਨਾਲ ਕੀਤੀ ਕਮਾਈ, ਇੱਕ ਮਹੀਨੇ ਦੇ ਖਰਚਿਆਂ ਚ, ਉੱਡ ਗਈ ਹੈ। ਹੁਣ ਤਾਂ ਬਹੁਤਿਆਂ ਕੋਲ ਰਾਸ਼ਨ ,ਦਵਾਈ ਆਦਿ ਲੈਣ ਜੋਗੇ ਪੈਸੇ ਵੀ ਨਹੀਂ ਬਚੇ। ਭੁੱਖ ਨਾਲ ਵਿਲਕਦੇ ਨਿਆਣਿਆਂ ਨੂੰ ਦੇਖਣਾ ਮੁਸ਼ਕਿਲ ਹੇ ਰਿਹਾ ਹੈ।
- ਕੰਮ ਦੇ ਕਰਿੰਦਿਆਂ ਨੂੰ ਭੁੱਖਮਰੀ ਦਾ ਘੇਰਾ,
ਲੌਕਡਾਉਣ ਚ, ਫਸੇ ਇਨ੍ਹਾਂ ਕਸ਼ਮੀਰੀਆਂ ਦੇ ਨਾਮ ਅਤੇ ਕੰਮ ਭਾਂਵੇ ਅੱਡ ਅੱਡ ਹਨ, ਪਰ ਭੁੱਖ ਤੇ ਭੈਅ ਦਾ ਦੁੱਖ ਇੱਕੋ ਜਿਹਾ ਹੀ ਹੈ, ਰਫੂ ਕਰਨ ਵਾਲੇ ਅਬਦੁੱਲ ਕਾਸਿਮ ਡਾਰ ਨੇ ਭਾਵੁਕ ਲਹਿਜ਼ੇ ਚ, ਕਿਹਾ ਕਿ ਇਹ ਸਾਰੇ ਕਸ਼ਮੀਰੀ ਕੰਮ ਕਰਕੇ ਰੋਜ਼ੀ ਕਮਾ ਰਹੇ ਸਨ। ਪੂਰੇ ਅਵਾਮ ਤੇ ਆਏ ਇਸ ਬੁਰੇ ਦੌਰ ਨੇ ਕੰਮ ਦੇ ਕਰਿੰਦਿਆਂ ਨੂੰ ਭੁੱਖਮਰੀ ਨੇ ਘੇਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਆਹ ਨੰਨ੍ਹੇ ਨੰਨ੍ਹੇ ਬਾਲ ਹਰਾਉਦ ਕਾਸਿਮ ਤੇ ਆਲਿਆ ਕਾਸਿਮ ਦਾ ਘਰ ਅੰਦਰ ਤੰਗ ਜਗ੍ਹਾਂ ਚ, ਰਹਿ ਕੇ , ਰੋ-ਰੋ ਕੇ ਬੁਰਾ ਹਾਲ ਹੋ ਚੁੱਕਾ ਹੈ। ਭੁੱਖ ਦੇ ਸਤਾਏ ਬਾਲਾਂ ਨੂੰ ਲੋਰੀਆਂ ਨਾਲ ਚੁੱਪ ਕਰਾਉਣ ਦੀ ਬਥੇਰੀ ਕੋਸ਼ਿਸ਼ ਕਰੀਂਦੀ ਹੈ, ਪਰ ਭੁੱਖ ਚੁੱਪ ਕਿੱਥੇ ਹੋਣ ਦਿੰਦੀ ਐ। ਇਹੋ ਦਰਦ ਗੁਲਜ਼ਾਰ ਅਹਿਮਦ ਸ਼ੇਖ, ਇਮਤਿਆਜ਼ ਅਹਿਮਦ ਸ਼ੇਖ, ਜਾਵੇਦ ਅਹਿਮਦ ਸ਼ੇਖ, ਨਸੀਰ ਪੀਰ, ਮੰਜੂਰ ਅਹਿਮਦ ਮਲਿਕ, ਮੰਜੂਰ ਅਹਿਮਦ ਡਾਰ, ਫਾਰੂਕ ਅਹਿਮਦ ਸ਼ਾਹ, ਸ਼ਕੀਲ ਅਹਿਮਦ ਮੀਰ, ਅਬਦੁਲ ਹਮੀਦ ਮੀਰ, ਅਬਦੁਲ ਰਸੂਲ ਮੀਰ ਤੇ ਅਲਤਾਜ਼ ਮੀਰ ਨੇ ਵੀ ਬਿਆਨ ਕੀਤਾ। ਸਿਪਾਹੀ ਮੰਜੂਰ ਅਹਿਮਦ ਸ਼ੇਖ ਨੇ ਦੱਸਿਆ ਕਿ ਉਹ ਤਿੰਨ ਵਾਰ ਈਪਾਸ ਲਈ ਅਪਲਾਈ ਕਰ ਚੁੱਕੇ ਹਨ। ਪਰ ਕੋਈ ਪਾਸ ਨਹੀਂ ਮਿਲਿਅ, ਇਨ੍ਹਾਂ ਸਾਰੇ ਕਸ਼ਮੀਰੀਆਂ ਨੇ ਇੱਕੋ ਅਵਾਜ਼ ਚ, ਸਰਕਾਰ ਤੇ ਜਿਲ੍ਹਾਂ ਪ੍ਰਸ਼ਾਸਨ ਨੂੰ ਕਿਹਾ ਕਿ ਸਾਨੂੰ ਆਪਣੇ ਘਰਾਂ ਨੂੰ ਭੇਜ਼ਣ ਦਾ ਕੋਈ ਇੰਤਜਾਮ ਕਰ ਦਿਉ, ਉਂਥੇ ਆਪਣੇ ਪਰਿਵਾਰਾਂ ਚ, ਔਖ ਸੌਖ ਕੱਟ ਲਵਾਂਗੇ। ਉਨ੍ਹਾਂ ਕਿਹਾ ਕਿ ਅਸੀਂ ਐਧਰ ਤੇ ਸਾਡੇ ਪਰਿਵਾਰ ਉਧਰ ਪਰੇਸ਼ਾਨ ਹੋ ਰਹੇ ਹਨ।
- ਪ੍ਰਸ਼ਾਸਨ ਇਨ੍ਹਾਂ ਦੀ ਵੀ ਹਰ ਸੰਭਵ ਸਹਾਇਤਾ ਲਈ ਤਿਆਰ
ਐਸਡੀਐਮ ਬਰਨਾਲਾ ਅਨਮੋਲ ਸਿੰਘ ਧਾਲੀਵਾਲ ਨੇ ਕਿਹਾ ਕਿ ਬਰਨਾਲਾ ਖੇਤਰ ਚ, ਰਹਿ ਰਹੇ ਕਸ਼ਮੀਰੀਆਂ ਦੀ ਸੂਚਨਾ ਮਿਲਣ ਤੇ ਇਨ੍ਹਾਂ ਬਾਰੇ ਅੱਜ ਹੀ ਡਿਟੇਲ ਰਿਪੋਰਟ ਸਰਕਾਰ ਨੂੰ ਭੇਜ ਰਹੇ ਹਾਂ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਭ ਨੂੰ ਜਿੱਥੇ ਹਨ, ਉੱਥੇ ਹੀ ਰਹਿਣ ਲਈ ਕਿਹਾ ਗਿਆ ਹੈ। ਪਠਾਨਕੋਟ ਤੋਂ ਭੇਜ਼ੇ ਕਸ਼ਮੀਰੀਆਂ ਦੇ ਸਬੰਧ ਚ, ਵੀ ਉੱਥੋਂ ਦੇ ਡੀਸੀ ਸਾਹਿਬ ਨਾਲ ਗੱਲ ਕੀਤੀ ਗਈ ਹੈ। ਪਰ ਉਨ੍ਹਾਂ ਅਨੁਸਾਰ ਪਹਿਲਾਂ ਭੇਜ਼ੇ ਕਸ਼ਮੀਰੀਆਂ ਨੂੰ ਉੱਥੋਂ ਦੀ ਸਰਕਾਰ ਨੇ ਹਾਲੇ ਤੱਕ ਨਹੀਂ ਲਿਆ। ਫਿਰ ਵੀ ਸਰਕਾਰ ਦਾ ਜੋ ਹੁਕਮ ਇਨ੍ਹਾਂ ਬਾਰੇ ਆਵੇਗਾ,ਉਸ ਦਾ ਪਾਲਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੱਥੇ ਫਸੇ ਕਸ਼ਮੀਰੀਆਂ ਨਾਲ ਵੀ ਗੱਲਬਾਤ ਹੋ ਚੁੱਕੀ ਹੈ, ਕਿਸੇ ਨੂੰ ਵੀ ਪ੍ਰਸ਼ਾਸਨ ਦੀ ਤਰਫੋਂ ਕੋਈ ਵੀ ਤਕਲੀਫ ਨਹੀਂ ਹੋਣ ਦਿੱਤੀ ਜਾਵੇਗੀ। ਪ੍ਰਸ਼ਾਸਨ ਹੋਰਨਾਂ ਜਰੂਰਤਮੰਦ ਲੋਕਾਂ ਦੀ ਤਰਾਂ ਇਨ੍ਹਾਂ ਦੀ ਵੀ ਹਰ ਸੰਭਵ ਸਹਾਇਤਾ ਲਈ ਤਿਆਰ ਹੈ।