- ਹਾਲਾਤਾਂ ਦੇ ਮੱਦੇਨਜ਼ਰ ਨਿਰੰਤਰ ਜਾਰੀ ਰਹਿਣਗੇ ਸਾਰੇ ਸੇਵਾ ਕਾਰਜ : ਡਾ.ਓਬਰਾਏ
- ਲਾਕ ਡਾਊਨ ਦੌਰਾਨ ਵੀ ਟਰੱਸਟ ਦੇ 172 ਡਾਇਲਸਿਸ ਯੂਨਿਟਾਂ ਤੇ ਲੋੜਵੰਦ ਮਰੀਜ਼ਾਂ ਲਈ ਡਾਇਲਸਿਸ ਦੀ ਸਹੂਲਤ ਜਾਰੀ
ਅੰਮ੍ਰਿਤਸਰ, 2 ਮਈ 2020 - ਬਿਨਾਂ ਪੈਸਾ ਇਕੱਠਾ ਕੀਤਿਆਂ ਆਪਣੀ ਨਿੱਜੀ ਕਮਾਈ 'ਚੋਂ ਕਰੋਡ਼ਾਂ ਰੁਪਏ ਖਰਚ ਕਰ ਕੇ ਵਿਲੱਖਣ ਸੇਵਾ ਕਾਰਜਾਂ ਕਾਰਨ ਪੂਰੀ ਦੁਨੀਆਂ ਅੰਦਰ ਪੰਜਾਬ,ਪੰਜਾਬੀ ਤੇ ਪੰਜਾਬੀਅਤ ਦਾ ਮਾਣ ਬਣ ਚੁੱਕੇ ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ.ਐਸ.ਪੀ. ਸਿੰਘ ਓਬਰਾਏ ਵੱਲੋਂ ਕਰੋਨਾ ਵਾਇਰਸ ਕਾਰਨ ਪ੍ਰਭਾਵਿਤ ਹੋਏ 37 ਹਜ਼ਾਰ ਲੋੜਵੰਦ ਪਰਿਵਾਰਾਂ ਨੂੰ ਮਈ ਮਹੀਨੇ ਅੰਦਰ ਸੁੱਕੇ ਰਾਸ਼ਨ ਦੀਆਂ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਦੱਸਿਆ ਕਿ ਟਰੱਸਟ ਵੱਲੋਂ ਅਪ੍ਰੈਲ ਮਹੀਨੇ 'ਚ ਸਵਾ ਕਰੋਡ਼ ਦੀ ਲਾਗਤ ਨਾਲ ਸਮੁੱਚੇ ਪੰਜਾਬ ਤੋਂ ਇਲਾਵਾ ਹਿਮਾਚਲ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਅੰਦਰ 22 ਹਜ਼ਾਰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਅਾ ਸੀ ਜਦ ਕਿ ਹੁਣ ਟਰੱਸਟ ਵੱਲੋਂ ਮਈ ਮਹੀਨੇ 'ਚ 37 ਹਜ਼ਾਰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ, ਜਿਨ੍ਹਾਂ 'ਚੋਂ 2500 ਦੇ ਕਰੀਬ ਕਿੱਟਾਂ ਸ਼੍ਰੀਨਗਰ ਵੀ ਭੇਜੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਦਿੱਤੀ ਜਾਣ ਵਾਲੀ ਰਾਸ਼ਨ ਦੀ 20 ਕਿਲੋ ਦੇ ਕਰੀਬ ਵਾਲੀ ਕਿੱਟ ਵਿਚ 10 ਕਿਲੋ ਆਟਾ,3 ਕਿਲੋ ਚੌਲ ਤੋਂ ਇਲਾਵਾ ਦਾਲ,ਖੰਡ ਅਤੇ ਚਾਹ ਪੱਤੀ ਸ਼ਾਮਿਲ ਹੈ,ਜਿਸ ਨਾਲ ਇੱਕ ਦਰਮਿਆਨੇ ਪਰਿਵਾਰ ਦਾ ਇੱਕ ਮਹੀਨਾ ਲਈ ਗੁਜ਼ਾਰਾ ਹੋ ਸਕੇਗਾ।
ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਦੀਆਂ ਜ਼ਿਲ੍ਹਾ ਇਕਾਈਆਂ ਵੱਲੋਂ ਪੂਰੀ ਵਿਉਂਤਬੰਦੀ ਨਾਲ ਅਪ੍ਰੈਲ ਮਹੀਨੇ ਅੰਦਰ ਲੋੜਵੰਦ ਪਰਿਵਾਰਾਂ ਦੀ ਸ਼ਨਾਖ਼ਤ ਕਰ ਕੇ ਲਿਸਟਾਂ ਤਿਅਾਰ ਕਰ ਲਈਆਂ ਸਨ। ਜਿਸ ਸਦਕਾ ਹੁਣ ਇਹ ਰਾਸ਼ਨ ਵੰਡਣਾ ਆਸਾਨ ਹੋਵੇਗਾ। ਉਨ੍ਹਾਂ ਦੱਸਿਆ ਕਿ ਰਾਸ਼ਨ ਵੰਡਣ ਦੀ ਸੂਚੀ 'ਚ ਟਰੱਸਟ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਵਿਧਵਾ,ਬੁਢਾਪਾ ਤੇ ਅੰਗਹੀਣ ਪੈਨਸ਼ਨਾਂ ਦੇ ਨਾਲ ਨਾਲ ਮੈਡੀਕਲ ਸਹੂਲਤ ਲੈ ਰਹੇ ਲੋਕਾਂ ਦੇ ਪਰਿਵਾਰਾਂ ਤੋਂ ਇਲਾਵਾ ਹਜ਼ਾਰਾਂ ਦੇ ਕਰੀਬ ਉਨ੍ਹਾਂ ਬੱਚਿਆਂ ਦੇ ਪਰਿਵਾਰ ਵੀ ਸ਼ਾਮਿਲ ਹਨ, ਜਿਨ੍ਹਾਂ ਨੂੰ ਟਰੱਸਟ ਵਲੋਂ ਉਚੇਰੀ ਸਿੱਖਿਆ ਦੇ ਲਈ ਗੋਦ ਲਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਟਰੱਸਟ ਦੇ ਧਿਆਨ 'ਚ ਆਏ ਕੁਝ ਲੋੜਵੰਦ ਗ੍ਰੰਥੀ ਸਿੰਘਾਂ ਅਤੇ ਕੁਝ ਅਜਿਹੇ ਪਰਿਵਾਰਾਂ ਨੂੰ ਵੀ ਰਾਸ਼ਨ ਦਿੱਤਾ ਜਾਵੇਗਾ ਜੋ ਮਿਡਲ ਕਲਾਸ ਦੇ ਹੋਣ ਦੇ ਬਾਵਜੂਦ ਵੀ ਹਲਾਤਾਂ ਨੇ ਮਜ਼ਬੂਰ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਇਹ ਸਾਰੀ ਸੇਵਾ ਉਦੋਂ ਤੱਕ ਨਿਰੰਤਰ ਜਾਰੀ ਰਹੇਗੀ ਜਦ ਤੱਕ ਕਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤ ਠੀਕ ਨਹੀਂ ਹੋ ਜਾਂਦੇ।
ਇਥੇ ਇਹ ਜ਼ਿਕਰਯੋਗ ਹੈ ਕਿ ਡਾ.ਐੱਸ.ਪੀ. ਸਿੰਘ ਓਬਰਾਏ ਦੀ ਯੋਗ ਸਰਪ੍ਰਸਤੀ ਹੇਠ ਚੱਲਣ ਵਾਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪਹਿਲਾਂ ਹੀ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ, ਕਸ਼ਮੀਰ ਦੇ ਚਾਰ ਪ੍ਰਮੁੱਖ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਮੈਡੀਕਲ ਕਾਲਜ ਅੰਮ੍ਰਿਤਸਰ,ਪਟਿਆਲਾ, ਫ਼ਰੀਦਕੋਟ ਅਤੇ ਪੀ.ਜੀ.ਆਈ. ਤੋਂ ਇਲਾਵਾ ਸਾਰੇ ਹੀ ਜ਼ਿਲ੍ਹਿਆਂ ਅੰਦਰ ਆਉਂਦੇ ਪ੍ਰਮੁੱਖ ਸਰਕਾਰੀ ਹਸਪਤਾਲਾਂ,ਜਿਲ੍ਹਾ ਪੁਲਿਸ ਪ੍ਰਸ਼ਾਸਨਾਂ,ਪੀ.ਏ.ਪੀ.ਵੱਲੋਂ ਖੋਲ੍ਹੇ ਤਿੰਨ ਸੈਂਟਰਾਂ,ਮੀਡੀਆ ਕਰਮੀਆਂ ਦੇ ਨਾਲ-ਨਾਲ ਮੰਡੀਆਂ 'ਚ ਕੰਮ ਕਰ ਰਹੀ ਲੇਬਰ ਨੂੰ ਜਾਨਲੇਵਾ ਕਰੋਨਾ ਵਾਇਰਸ ਦੀ ਲਾਗ ਤੋਂ ਬਚਣ ਲਈ ਹਜ਼ਾਰਾਂ ਦੀ ਗਿਣਤੀ 'ਚ ਪੀ.ਪੀ. ਈ.ਕਿੱਟਾਂ, ਐੱਨ.-95 ਮਾਸਕ,ਸੈਨੀਟਾਈਜ਼ਰ ਜਦ ਕਿ ਲੱਖਾਂ ਦੀ ਗਿਣਤੀ 'ਚ ਤੀਹਰੀ ਪਰਤ ਵਾਲੇ ਮਾਸਕ (ਧੋਣ ਯੋਗ) ਆਦਿ ਲੋੜੀਂਦੇ ਸਮਾਨ ਤੋਂ ਇਲਾਵਾ ਹੁਣ ਤੱਕ ਸਮਾਨ ਭੇਜਿਆ ਗਿਆ ਹੈ। ਜਦ ਕਿ ਟਰੱਸਟ ਵੱਲੋਂ ਹੁਣ ਤੱਕ ਪ੍ਰਸ਼ਾਸ਼ਨ ਦੀ ਮੰਗ 'ਤੇ 8 ਵੈਂਟੀਲੇਟਰ ਅਤੇ 40 ਇਨਫਰਾਰੈੱਡ ਥਰਮਾਮੀਟਰ ਵੱਖ-ਵੱਖ ਹਸਪਤਾਲਾਂ ਨੂੰ ਦਿੱਤੇ ਜਾ ਚੁੱਕੇ ਹਨ ਜਦ ਕੇ ਹੋਰ ਵੀ ਬਹੁਤ ਜਲਦ ਦਿੱਤੇ ਜਾਣਗੇ। ਇਸ ਤੋਂ ਇਲਾਵਾ ਲਾਕ ਡਾਊਨ ਦੌਰਾਨ ਵੀ ਟਰੱਸਟ ਵੱਲੋਂ ਦੇਸ਼ ਦੇ 9 ਸੂਬਿਆਂ ਅੰਦਰ ਵੱਖ-ਵੱਖ ਹਸਪਤਾਲਾਂ ਅੰਦਰ ਸਥਾਪਤ ਕੀਤੇ ਗਏ 172 ਡਾਇਲਸਿਸ ਯੂਨਿਟਾਂ ਤੇ ਲੋੜਵੰਦ ਮਰੀਜ਼ਾਂ ਲਈ ਡਾਇਲਸਿਸ ਅਤੇ ਮੁਫ਼ਤ ਡਾਇਲਾਇਜ਼ਰ ਕਿੱਟਾਂ ਦੀ ਸਹੂਲਤ ਵੀ ਨਿਰੰਤਰ ਜਾਰੀ ਹੈ।
ਇਸ ਮੌਕੇ ਉਨ੍ਹਾਂ ਨਾਲ ਟਰੱਸਟ ਦੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ,ਜਨਰਲ ਸਕੱਤਰ ਗਗਨਦੀਪ ਸਿੰਘ ਅਹੂਜਾ,ਰਵੀਦੀਪ ਸਿੰਘ ਸੰਧੂ ਆਦਿ ਵੀ ਮੌਜੂਦ ਸਨ।