ਅਸ਼ੋਕ ਵਰਮਾ
ਬਠਿੰਡਾ, 19 ਅਪ੍ਰੈਲ 2020 - ਪੰਜਾਬ ਵਿੱਚ ਲਾਕਡਾਊਨ ਹੋਇਆ ਕਰੀਬ ਇੱਕ ਮਹੀਨਾ ਹੋਣ ਵਾਲਾ ਹੈ ।ਜਿਸ ਵਿੱਚ ਰੋਜ਼ ਕਮਾਕੇ ਖਾਣ ਵਾਲੇ ਮਜਦੂਰਾਂ ਦਾ ਨੱਕ ਵਿੱਚ ਦਮ ਆ ਗਿਆ ਹੈ । ਲੰਮਾ ਸਮਾਂ ਤਾਂ ਕੇਂਦਰ ਦੀ ਮੋਦੀ ਤੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਇਨਾਂ ਵੱਲ ਗੌਲਿਆ ਹੀ ਨਹੀਂ ਜਿਸ ਕਾਰਨ ਭੁੱਖੇ ਮਜਦੂਰ ਆਪਣੇ ਰੋਹ ਦੇ ਪ੍ਰਗਟਾਵੇ ਕਰਨ ਲੱਗੇ ਤਾਂ ਹੁਣ ਸਰਕਾਰ ਲੋਕਾਂ ਦੀਆਂ ਅੱਖਾਂ ਪੂਝਕੇ ਡੰਗ ਟਪਾਉਣ ਲੱਗੀ ਹੈ । ਪਿੰਡਾਂ ਵਿੱਚ ਕੁਝ ਚੋਣਵੇਂ ਘਰਾਂ ਨੂੰ ਚੋਰੀ ਛਿਪੇ ਇੱਕ ਦੋ ਦਿਨਾਂ ਦਾ ਰਾਸ਼ਨ ਵੰਡਿਆ ਜਾ ਰਿਹਾ ਹੈ । ਸਰਕਾਰ ਦੀ ਇਸ ਕਾਣੀ ਵੰਡ ਨੇ ਮਜਦੂਰਾਂ ਦੇ ਦਿਲਾਂ ਧੁੱਖਦੇ ਰੋਹ ਨੂੰ ਛੱਤਣੀ ਚਾੜ ਦਿੱਤਾ ਹੈ ।
ਇਸ ਦੀ ਇੱਕ ਮਿਸ਼ਾਲ ਪਿੰਡ ਬਾਂਡੀ ਵਿੱਚ ਵੇਖਣ ਨੂੰ ਮਿਲੀ ਜਦੋਂ ਪਿੰਡ ਦੇ ਸਰਪੰਚ ਨੇ ਚੋਰੀ ਚੋਰੀ ਰਾਸ਼ਨ ਵੰਡਿਆ ਪਰ ਮਜਦੂਰਾਂ ਨੇ ਸਰਕਾਰ ਦੀ ਇਸ ਚਾਲ ਨੂੰ ਜੱਗ ਜਾਹਰ ਕਰ ਦਿੱਤਾ । ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਘਟਨਾ ਦਾ ਵੇਰਵਾ ਦਿੰਦੇ ਹੋਏ ਦੱਸਿਆ ਕਿ ਸਰਕਾਰੀ੍ਰਾਸ਼ਨ ਨੂੰ ਜਦੋਂ ਪਿੰਡ ਦੇ ਪ੍ਰਧਾਨ ਮਹਿੰਗਾ ਸਿੰਘ ਦੇ ਘਰੇ ਉਸਦੀ ਗੈਰ ਹਾਜ਼ਰੀ ਵਿੱਚ ਦਿੱਤੇ ਰਾਸ਼ਨ ਦਾ ਜਦੋਂ ਉਸਨੂੰ ਪਤਾ ਲੱਗਿਆ ਤਾਂ ਉਸਨੇ ਕਿਹਾ ਕਿ ਜਦੋਂ ਤੱਕ ਸਾਰੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਨਹੀਂ ਮਿਲਦਾ ਉਦੋਂ ਤੱਕ ਉਹ ਰਾਸ਼ਨ ਨਹੀਂ ਲਵੇਗਾ ।
ਉਸਨੇ ਇਹ ਗੱਲ ਨੇੜਲੇ ਪਰਿਵਾਰਾਂ ਨੂੰ ਦੱਸਕੇ ਮਜਦੂਰਾਂ ਨੂੰ ਨਾਲ ਲੈਕੇ ਸਰਪੰਚ ਨੂੰ ਰਾਸ਼ਨ ਮੋੜ ਦਿੱਤਾ । ਭਾਵੇਂ ਸਰਪੰਚ ਨੇ ਅਸਮਰੱਥਾ ਜਾਹਰ ਕੀਤੀ ਕਿ ਅਸੀਂ ਵੀ ਕੀ ਕਰ ਸਕਦੇ ਹਾਂ । ਸੂਬਾ ਪ੍ਰਧਾਨ ਨੇ ਕਿਹਾ ਸਰਕਾਰ ਦੀ ਮਾੜੀ ਕਾਰਜਗੁਜਾਰੀ ਵਿਰੁੱਧ ਅਤੇ ਸਾਰੇ ਲੋੜਵੰਦ ਪਰਿਵਾਰਾਂ ਨੂੰ ਖਾਦ ਖੁਰਾਕ ਦੀ ਪੂਰਤੀ ਕਰਵਾਉਣ , ਪ੍ਰਾਈਵੇਟ ਹਸਪਤਾਲਾ ਨੂੰ ਸਰਕਾਰੀ ਹੱਥਾਂ ਵਿੱਚ ਲੈਣ ,ਡਾਕਟਰਾਂ ,ਨਰਸਾਂ ਤੇ ਸਫਾਈ ਕਰਮਚਾਰੀਆਂ ਨੂੰ ਮੈਡੀਕਲ ਕਿੱਟਾਂ ਦਿਵਾਉਣ ,ਕਣਕ ਦੀ ਖਰੀਦ ਦੇ ਪੁਖਤਾ ਪ੍ਰਬੰਧ ਕਰਵਾਉਣ ਸਮੇਤ ਜਮਹੂਰੀ ਹੱਕਾਂ ਤੇ ਸੰਘਰਸ਼ਸ਼ੀਲ ਲੋਕਾਂ ਦੀਆਂ ਗ੍ਰਿਫਤਾਰੀਆਂ ਬੰਦ ਕਰਵਾਉਣ ਆਦਿ ਮੰਗਾਂ ਲਈ 16 ਜੱਥੇਬੰਦੀਆਂ ਵਲੋਂ 25 ਅਪ੍ਰੈਲ ਨੂੰ 7 ਤੋਂ 8 ਵਜੋਂ ਸਵੇਰੇ ਕੋਠਿਆਂ ਤੇ ਚੜਕੇ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ ਜਾਵੇਗਾ ।