ਅਸ਼ੋਕ ਵਰਮਾ
ਬਠਿੰਡਾ, 5 ਅਪ੍ਰੈਲ 2020 - ਕੋਰੋਨਾ ਵਾਇਰਸ ਕਰਕੇ ਕੀਤੇ ਲਾਕਡਾਊਨ ਤੇ ਲਾਏ ਕਰਫਿਊ ਕਾਰਨ ਘਰਾਂ ’ਚ ਬੰਦ ਸਭਨਾਂ ਲੋੜਵੰਦ ਪਰਿਵਾਰਾਂ ਨੂੰ ਦੁੱਧ ਤੇ ਰਾਸ਼ਨ ਸਰਕਾਰੀ ਖਰਚੇ ’ਤੇ ਦੇਣ, ਢੁੱਕਵੀਂ ਇਲਾਜ ਪ੍ਰਨਾਲੀ ਯਕੀਨੀ ਬਣਾਉਣ, ਸਿਹਤ ਸੇਵਾਵਾਂ ਦਾ ਕੌਮੀਕਰਨ ਕਰਨ, ਵੱਡੇ ਉਦਯੋਗਪਤੀਆਂ ਤੇ ਵੱਡੇ ਭੌਂ ਮਾਲਕਾਂ ’ਤੇ ਮੋਟਾ ਕਰੋਨਾ ਟੈਕਸ ਲਾਕੇ ਤੁਰੰਤ ਵਸੂਲੀ ਕਰਨ ਰਾਹੀਂ ਲੋੜੀਂਦੇ ਬਜਟਾਂ ਦਾ ਪ੍ਰਬੰਧ ਕਰਨ, ਪੁਲਿਸ ਸਖਤੀ ਤੇ ਸਿਆਸੀ ਬੇਰੁੱਖੀ ਨੂੰ ਨੱਥ ਪਾਉਣ ਅਤੇ ਕਣਕ ਦੀ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰਨ ਆਦਿ ਮੰਗਾਂ ਨੂੰ ਲੈ ਕੇ ਅੱਜ ਕਿਸਾਨਾਂ, ਖੇਤ ਮਜ਼ਦੂਰਾਂ, ਨੌਜਵਾਨਾਂ ਤੇ ਠੇਕਾ ਮੁਲਾਜਮ ਜਥੇਬੰਦੀਆਂ ਦੇ ਸੱਦੇ ’ਤੇ ਜ਼ਿਲੇ ਦੇ 30 ਪਿੰਡਾਂ ਤੇ ਸ਼ਹਿਰਾਂ ’ਚ ਸੈਂਕੜੇ ਮਰਦ ਔਰਤਾਂ ਵੱਲੋਂ ਕੋਠਿਆਂ ’ਤੇ ਚੜ ਕੇ ਖਾਲੀ ਭਾਂਡੇ ਖੜਕਾ ਕੇ ਸਰਕਾਰ ਦੀ ਬੇਰੁਖੀ ਪ੍ਰਤੀ ਸਖਤ ਵਿਰੋਧ ਦਾ ਪ੍ਰਗਟਾਵਾ ਕੀਤਾ ਗਿਆ।
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਲਛਮਣ ਸਿੰਘ ਸੇਵੇਵਾਲਾ, ਨੌਜਵਾਨ ਭਾਰਤਾ ਸਭਾ ਦੇ ਆਗੂ ਅਸ਼ਵਨੀ ਘੁੱਦਾ ਤੇ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਠੇਕਾ ਮੁਲਾਜ਼ਮਾਂ ਦੇ ਆਗੂ ਜਗਰੂਪ ਸਿੰਘ ਨੇ ਦੱਸਿਆ ਕਿ, ਇਹ ਪ੍ਰਦਰਸ਼ਨ ਸ਼ਹਿਰ ਬਠਿੰਡਾ ਤੋਂ ਇਲਾਵਾ ਪਿੰਡ ਘੁੱਦਾ, ਕੋਟਗੁਰੂ, ਚੱਕ ਅਤਰ ਸਿੰਘ ਵਾਲਾ, ਜੇਠੂਕੇ, ਜਿਉਦ, ਕੋਟੜਾ ਕੌੜਿਆਵਾਲਾ, ਲਹਿਰਾ ਧੂੜਕੋਟ, ਭੂੰਦੜ, ਸਿਵੀਆਂ, ਕੋਠਾਗੁਰੂ, ਪੂਹਲਾ, ਜੋਗੇਵਾਲਾ ਤੇ ਮੌੜ ਚੜਤ ਸਿੰਘ ਆਦਿ ਪਿੰਡਾਂ ’ਚ ਕੀਤੇ ਗਏ। ਉਹਨਾਂ ਆਖਿਆ ਕਿ ਸਰਕਾਰਾਂ ਵੱਲੋਂ ਅਗਾਊ ਪ੍ਰਬੰਧ ਕੀਤੇ ਬਿਨਾਂ ਲਾਏ ਕਰਫਿਊ ਤੇ ਲਾਕਡਾਊਨ ਕਾਰਨ ਜਿੱਥੇ ਰੋਜਾਨਾ ਕਮਾਕੇ ਖਾਣ ਵਾਲਿਆਂ ਲਈ ਦੋ ਡੰਗ ਦਾ ਚੁਲਾ ਤਪਦਾ ਰੱਖਣਾ ਮੁਹਾਲ ਹੋ ਗਿਆ ਹੈ ਉੱਥੇ ਆਮ ਲੋਕਾਂ ਨੂੰ ਅਣਸਰਦੀਆਂ ਲੋੜਾਂ ਲਈ ਘਰਾਂ ’ਚੋਂ ਬਾਹਰ ਨਿਕਲਣ ’ਤੇ ਪੁਲਿਸ ਸਖਤੀ ਕਾਰਨ ਬੇਹੱਦ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੋਰੋਨਾ ਪੀੜਤਾਂ ਪ੍ਰਤੀ ਹਮਦਰਦੀ ਦੀ ਥਾਂ ਨਫ਼ਰਤ ਦਾ ਮਾਹੌਲ ਸਿਰਜਣ ਸਦਕਾ ਪਿੰਡਾਂ ’ਚ ਕਰਵਾਈਆਂ ਨਾਕਾਬੰਦੀਆਂ ਕਾਰਨ ਭਾਈਚਾਰਕ ਸਾਂਝ ਹੀ ਖਤਰੇ ਮੂੰਹ ਪੈ ਗਈ ਹੈ। ਉਹਨਾਂ ਕਿਹਾ ਕਿ ਕਿਸੇ ਵੀ ਮਰੀਜ਼ ਦੇ ਇਲਾਜ ਲਈ ਦਵਾਈਆਂ ਤੋਂ ਇਲਾਵਾ ਉਸ ਨੂੰ ਮਨੁੱਖੀ ਹਮਦਰਦੀ ਅਤੇ ਸਹਾਇਤਾ ਦੀ ਭਾਰੀ ਲੋੜ ਹੁੰਦੀ ਹੈ, ਪਰ ਕਰੋਨਾ ਪੀੜਤਾਂ ਜਾਂ ਸ਼ੱਕੀਆਂ ਪ੍ਰਤੀ ਹਮਦਰਦੀ ਦੀ ਥਾਂ ਨਫ਼ਰਤ ਭਰਿਆ ਮਾਹੌਲ ਤੇ ਵਰਤ ਵਿਹਾਰ ਦਾ ਵਾਤਾਵਰਣ ਪੈਦਾ ਕਰਕੇ ਹਕੂਮਤਾਂ ਤੇ ਕੁੱਝ ਚੈਨਲਾਂ ਵੱਲੋਂ ਅਣਮਨੁੱਖੀ ਰੋਲ ਨਿਭਾਇਆ ਜਾ ਰਿਹਾ ਹੈ।
ਉਹਨਾਂ ਦੋਸ਼ ਲਾਇਆ ਕਿ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਕਰੋਨਾ ਦੇ ਟਾਕਰੇ ਲਈ ਮੈਡੀਕਲ ਸਟਾਫ਼ ਦੀ ਵੱਡੇ ਪੱਧਰ ’ਤੇ ਭਰਤੀ ਕਰਨ, ਸਿਹਤ ਕਰਮੀਆਂ ਲਈ ਜ਼ਰੂਰੀ ਬਚਾਓ ਕਿੱਟਾਂ ਦਾ ਪ੍ਰਬੰਧ ਕਰਨ ਤੇ ਵੈਂਟੀਲੇਟਰ ਆਦਿ ਲੋੜਾਂ ਦੀ ਪੂਰਤੀ ਕਰਨ, ਲੋਕਾਂ ਲਈ ਖਾਧ ਖੁਰਾਕ ਦੇ ਪ੍ਰਬੰਧ ਤੋਂ ਕਿਨਾਰਾ ਕਰਕੇ ਸੰਕਟ ਮੂੰਹ ਆਏ ਲੋਕਾਂ ਨਾਲ ਧ੍ਰੋਹ ਕਮਾਇਆ ਜਾ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਲਾਕਡਾਊਨ ਤੇ ਕਰਫਿਊ ਦੇ ਸਮੇਂ ਦੀ ਸਾਰੇ ਸਰਕਾਰੀ ਤੇ ਗੈਰਸਰਕਾਰੀ ਪੱਕੇ ਤੇ ਕੱਚੇ ਮੁਲਾਜ਼ਮਾਂ ਨੂੰ ਪੂਰੀ ਤਨਖਾਹ ਦਿੱਤੀ ਜਾਵੇ, ਸਭਨਾਂ ਕਿਰਤੀਆਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ, ਮਨਰੇਗਾ ਦੇ ਬਕਾਏ ਜਾਰੀ ਕੀਤੇ ਜਾਣ ਅਤੇ ਲੋਕਾਂ ਦੀ ਅਥਾਹ ਸ਼ਕਤੀ ਨੂੰ ਹਰਕਤ ’ਚ ਲਿਆਉਣ ਲਈ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਸੇਵਾ ਸੰਭਾਲ ਵਾਸਤੇ ਵਲੰਟੀਅਰਾਂ ਵਜੋਂ ਜਿੰਮੇਵਾਰੀਆਂ ਨਿਭਾਉਣ ਵਾਸਤੇ ਪਾਸ ਜਾਰੀ ਕੀਤੇ ਜਾਣ।