ਪੀੜਤ ਪਰਿਵਾਰ ਸਮੇਤ ਸਾਰੇ ਗਰੀਬ ਪਰਿਵਾਰਾਂ ਨੂੰ ਤੁਰੰਤ ਨਕਦ ਰਾਹਤ ਦੇਣ ਦੀ ਮੰਗ
ਮਾਨਸਾ, 26 ਅਪ੍ਰੈਲ 2020: ਮਾਨਸਾ ਜ਼ਿਲ੍ਹੇ ਦੇ ਪਿੰਡ ਜਟਾਣਾਂ ਖ਼ੁਰਦ ਦੇ 20 ਸਾਲਾ ਖੇਤ ਮਜ਼ਦੂਰ ਨੌਜਵਾਨ ਵਿੱਕੀ ਵਲੋਂ ਲੌਕਡਾਊਨ ਕਾਰਨ ਕੋਈ ਰਾਹਤ ਜਾਂ ਦਿਹਾੜੀ ਤੱਕ ਨਾ ਮਿਲਣ ਕਰਕੇ ਪੈਦਾ ਆਰਥਿਕ ਤੰਗੀ ਦਾ ਸਾਹਮਣਾ ਕਰਨ ਤੋਂ ਅਸਮਰਥ ਹੋ ਕੇ ਖੁਦਕੁਸ਼ੀ ਕਰ ਲੈਣ 'ਤੇ ਸੀਪੀਆਈ (ਐਮਐਲ) ਲਿਬਰੇਸ਼ਨ ਨੇ ਡੂੰਘੇ ਦੁੱਖ ਅਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਪਾਰਟੀ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਰਕਾਰ ਇਸ ਵਰਤਾਰੇ ਨੂੰ ਗੰਭੀਰਤਾ ਨਾਲ ਲਵੇ ਅਤੇ ਵਿੱਕੀ ਦੇ ਪੀੜਤ ਮਜ਼ਦੂਰ ਪਰਿਵਾਰ ਨੂੰ ਤੁਰੰਤ ਪੰਜ ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇ ।
ਲਿਬਰੇਸ਼ਨ ਦੀ ਪੰਜਾਬ ਇਕਾਈ ਦੇ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਇਥੋਂ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਇਕ ਨੌਜਵਾਨ ਖੇਤ ਮਜ਼ਦੂਰ ਵਲੋਂ ਮੌਜੂਦਾ ਹਾਲਾਤ ਵਿੱਚ ਕੀਤੀ ਇਸ ਖੁਦਕੁਸ਼ੀ ਨੂੰ ਪੰਜਾਬ ਸਰਕਾਰ ਨੂੰ ਇਕ ਚੇਤਾਵਨੀ ਵਜੋਂ ਲੈਣਾ ਚਾਹੀਦਾ ਹੈ। ਲੰਬੇ ਲੌਕਡਾਊਨ ਕਾਰਨ ਡੂੰਘੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਸੂਬੇ ਦੇ ਲੱਖਾਂ ਮਜ਼ਦੂਰਾਂ, ਛੋਟੇ ਕਿਸਾਨਾਂ ਅਤੇ ਛੋਟੇ ਕਾਰੋਬਾਰੀਆਂ ਦੇ ਪਰਿਵਾਰਾਂ ਨੂੰ ਦਸ ਦਸ ਹਜ਼ਾਰ ਰੁਪਏ ਦੀ ਫੌਰੀ ਨਕਦ ਸਹਾਇਤਾ ਅਤੇ ਰਾਸ਼ਨ ਆਦਿ ਦਿੱਤੇ ਜਾਣ ਦੀ ਸਖ਼ਤ ਜ਼ਰੂਰਤ ਹੈ, ਵਰਨਾ ਗਰੀਬਾਂ ਸਾਹਮਣੇ ਖੜ੍ਹੇ ਇਸ ਗੰਭੀਰ ਆਰਥਿਕ ਸੰਕਟ ਕਾਰਨ ਡਿਪਰੈੱਸ਼ਨ ਅਤੇ ਖੁਦਕੁਸ਼ੀਆਂ ਦਾ ਇਹ ਵਰਤਾਰਾ ਨਾ ਸਿਰਫ਼ ਇਕ ਗੰਭੀਰ ਰੂਪ ਧਾਰਨ ਕਰ ਸਕਦਾ ਹੈ, ਬਲਕਿ ਭੁੱਖੇ ਅਤੇ ਦੁੱਖੀ ਲੋਕ ਕਰਫਿਊ ਤੋੜ ਕੇ ਸੜਕਾਂ ਉੱਤੇ ਉਤਰਨ ਲਈ ਵੀ ਮਜਬੂਰ ਹੋ ਸਕਦੇ ਹਨ।