3 ਦਿਨ ਵਿੱਚ ਮਿਲਣਗੀਆਂ 200 ਹੋਰ ਪੀਪੀਈ ਕਿੱਟਾਂ- ਵਿੱਤ ਮੰਤਰੀ
ਚੰਡੀਗੜ/ਬਠਿੰਡਾ, 8 ਅਪਰੈਲ 2020: ਪੰਜਾਬ ਦੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਸੋਮਵਾਰ ਨੂੰ ਇਥੇ ਮੈਡੀਕਲ ਅਮਲੇ ਨੂੰ ਇਕ ਹਫਤੇ ਵਿੱਚ ਪੀਪੀਈ ਕਿੱਟਾਂ ਮੁਹੱਈਆ ਕਰਵਾਉਣ ਦਾ ਕੀਤਾ ਵਾਅਦਾ ਮਹਿਜ਼ 48 ਘੰਟਿਆਂ ਵਿੱਚ ਹੀ ਪੁਗਾਅ ਦਿੱਤਾ ਹੈ। ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਖਾਲਸਾ ਏਡ ਦੀ ਮਦਦ ਨਾਲ 50 ਪੀਪੀਈ ਕਿੱਟਾਂ ਸਿਵਲ ਹਸਪਤਾਲ, ਬਠਿੰਡਾ ਨੂੰ ਉਪਲਬੱਧ ਕਰਵਾਈਆਂ ਗਈਆਂ ਹਨ ਜਦੋਂਕਿ ਸਿਵਲ ਹਸਪਤਾਲ ਵਿੱਚ 200 ਹੋਰ ਕਿੱਟਾਂ ਦੀ ਸਪਲਾਈ ਅਗਲੇ ਤਿੰਨ ਦਿਨਾਂ ਵਿੱਚ ਕਰ ਦਿੱਤੀ ਜਾਵੇਗੀ।
ਇਸ ਮੌਕੇ ਸ: ਬਾਦਲ ਨੇ ਦੱਸਿਆ ਕਿ ਇਸ ਸਮੇਂ ਸਰਕਾਰ ਦੀ ਪ੍ਰਾਥਮਿਕਤਾ ਸਾਡੇ ਡਾਕਟਰੀ ਅਮਲੇ ਦੀ ਸੁਰੱਖਿਆ ਹੈ ਅਤੇ ਕਰੋਨਾ ਖਿਲਾਫ ਮੂਹਰਲੀਆਂ ਸਫਾਂ ਵਿਚ ਲੜ ਰਹੀ ਇਸ ਫੌਜ ਨੂੰ ਸੁਰੱਖਿਆ ਸਾਮਾਨ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ•ਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਚ ਪਹਿਲਾਂ ਵੀ ਲੋੜ ਅਨੁਸਾਰ 200 ਤੋਂ ਜ਼ਿਆਦਾ ਪੀਪੀਈ ਕਿੱਟਾਂ ਦਾ ਸਟਾਕ ਮੌਜੂਦ ਸੀ, ਪਰ ਡਾਕਟਰੀ ਅਮਲੇ ਦੀ ਮੰਗ ਅਨੁਸਾਰ ਇਹ ਹੋਰ ਕਿੱਟਾਂ ਮੁਹੱਈਆਂ ਕਰਵਾਈਆਂ ਗਈਆਂ ਹਨ। ਉਨ•ਾਂ ਨੇ ਇਹ ਕਿੱਟਾਂ ਮੁਹੱਈਆ ਕਰਵਾਉਣ ਲਈ ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਵਿਸੇਸ਼ ਤੌਰ 'ਤੇ ਧੰਨਵਾਦ ਕੀਤਾ।
ਵਿੱੱਤ ਮੰਤਰੀ ਨੇ ਕਿਹਾ ਕਿ ਹੁਣ ਰਾਸ਼ਨ, ਦੁੱਧ, ਫਲ ਸਬਜੀਆਂ, ਦਵਾਈਆਂ ਆਦਿ ਦੀ ਸਪਲਾਈ ਸਹੀ ਤਰੀਕੇ ਨਾਲ ਚੱਲ ਰਹੀ ਹੈ। ਉਨ•ਾਂ ਦੱਸਿਆ ਕਿ ਸਰਕਾਰ ਵੱਲੋਂ ਸਥਿਤੀ 'ਤੇ ਨੇੜਿਓਂ ਨਿਗ•ਾ ਰੱਖੀ ਜਾ ਰਹੀ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਉਨ•ਾਂ ਕਿਹਾ ਕਿ ਸਰਕਾਰ ਦੀ ਮੁਕੰਮਲ ਤਿਆਰੀ ਹੈ ਕਿ ਇਸ ਬਿਮਾਰੀ ਨੂੰ ਇਸੇ ਪੜਾਅ 'ਤੇ ਰੋਕ ਲਿਆ ਜਾਵੇ।
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਡਾ: ਨਵਜੋਤ ਸਿੰਘ ਦਹੀਆ ਨੇ ਕਿਹਾ ਕਿ ਆਈ.ਐਮ.ਏ. ਸਰਕਾਰ ਨਾਲ ਹਰ ਪ੍ਰਕਾਰ ਦਾ ਸਹਿਯੋਗ ਕਰ ਰਹੀ ਹੈ। ਉਨ•ਾਂ ਦੱਸਿਆ ਕਿ ਅੱਜ ਭੇਟ ਕੀਤੀਆਂ ਕਿੱਟਾਂ ਦੇਣ ਵਿੱਚ ਖਾਲਸਾ ਏਡ ਸੰਸਥਾ ਨੇ ਸਹਿਯੋਗ ਦਿੱਤਾ ਹੈ। ਉਨ•ਾਂ ਕਿਹਾ ਕਿ ਆਈ.ਐਮ.ਏ. ਹਰ ਪ੍ਰਕਾਰ ਨਾਲ ਇਸ ਬਿਮਾਰੀ ਦੇ ਟਾਕਰੇ ਵਿੱਚ ਸਿਹਤ ਵਿਭਾਗ ਨਾਲ ਮਿਲ ਕੇ ਕੰਮ ਕਰ ਰਹੀ ਹੈ।
ਬਾਕਸ
ਕਣਕ ਦੀ ਖਰੀਦ ਲਈ ਸਾਰੇ ਪ੍ਰਬੰਧ ਮੁਕੰਮਲ- ਵਿੱਤ ਮੰਤਰੀ
ਪੱਤਰਕਾਰਾਂ ਵੱਲੋਂ ਪੁੱਛੇ ਜਾਣ 'ਤੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਕਿ ਕਿਸਾਨਾਂ ਦੀ ਕਣਕ ਦਾ ਦਾਣਾ ਦਾਣਾ ਖਰੀਦਿਆ ਜਾਵੇਗਾ। ਉਨ•ਾਂ ਕਿਹਾ ਕਿ ਕਿਸਾਨਾਂ ਤੋਂ ਕਣਕ ਦੀ ਖਰੀਦ ਲਈ ਨਵਾਂ ਢਾਂਚਾ ਤਿਆਰ ਕੀਤਾ ਗਿਆ ਹੈ ਅਤੇ ਕਿਸਾਨਾਂ ਨੂੰ ਕਣਕ ਵੇਚਣ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ•ਾਂ ਕਿਹਾ ਕਿ ਇਸ ਸਬੰਧੀ ਮੰਡੀ ਬੋਰਡ ਅਤੇ ਸਰਕਾਰੀ ਖਰੀਦ ਏਜੰਸੀਆਂ ਨੂੰ ਸਾਰੇ ਲੋੜੀਂਦੇ ਇੰਤਜ਼ਾਮ ਕਰਨ ਦੀਆਂ ਹਦਾਇਤਾਂ ਕੀਤੀਆਂ ਜਾ ਚੁੱਕੀਆਂ ਹਨ।