ਅਸ਼ੋਕ ਵਰਮਾ
- ਬਠਿੰਡਾ ਦੇ ਡੀਸੀ ਕੋਲ ਪੁੱਜਾ ’ਚ ਸੰਗਤ ਫਸਣ ਦਾ ਮਾਮਲਾ
- ਸ਼ਰਧਾਲੂਆਂ ਨੂੰ ਪੰਜਾਬ ਵਾਪਿਸ ਲਿਆਉਣ ਦੀ ਮੰਗ
ਬਠਿੰਡਾ, 29 ਅਪਰੈਲ 2020 - ਕੋਰੋਨਾ ਵਾਇਰਸ ਕਾਰਨ ਮੁਲਕ ਭਰ ’ਚ ਲਾਈਆਂ ਪਾਬੰਦੀਆਂ ਦੇ ਸਿੱਟੇ ਵਜੋਂ ਮਹਾਂਰਾਸ਼ਟਰ ਦੇ ਮਨਮਾੜ ਇਲਾਕੇ ਦੇ ਗੁਰਦੁਆਰਾ ਗੁਪਤਸਰ ਸਾਹਿਬ ਵਿੱਚ ਫਸੇ ਸ਼ਰਧਾਲੂਆਂ ਦੇ ਪ੍ਰੀਵਾਰਾਂ ’ਚ ਭਾਰੇ ਫਿਕਰਾਂ ਵਾਲਾ ਮਹੌਲ ਬਣ ਗਿਆ ਹੈ। ਜਦੋਂ ਦੀ ਤਖਤ ਸ੍ਰੀ ਹਜੂਰ ਸਾਹਿਬ ਨਾਲ ਸਬੰਧਤ ਕੁੱਝ ਸ਼ਰਧਾਲੂਆਂ ਦੇ ਕੋਰੋਨਾ ਪੀੜਤ ਹੋਣ ਦੀ ਖਬਰ ਆਈ ਹੈ ਤਾਂ ਉਨਾਂ ਦੇ ਫਿਕਰ ਹੋਰ ਵੀ ਵਧ ਗਏ ਹਨ।
ਅੱਜ ਤਾਂ ਬਠਿੰਡਾ ਜ਼ਿਲ੍ਹੇ ਦੇ ਮਨਮਾੜ ’ਚ ਫਸੇ ਸੰਦੀਪ ਸਿੰਘ ਦੇ ਭਰਾ ਕੁਲਦੀਪ ਸਿੰਘ ਅਤੇ ਪਿੰਡ ਦੇ ਸਮਾਜ ਸੇਵੀ ਸੁਰਿੰਦਰ ਕੁਮਾਰ ਸ਼ਰਮਾ ਨੇ ਵੱਖ ਵੱਖ ਜ਼ਿਲ੍ਹਿਆਂ ਨਾਲ ਸਬੰਧਤ ਸੰਗਤ ਦਾ ਮਾਮਲਾ ਡਿਪਟੀ ਕਮਿਸ਼ਨਰ ਬਠਿੰਡਾ ਕੋਲ ਚੁੱਕਿਆ ਹੈ। ਦੋਵੇਂ ਅੱਜ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੂੰ ਮਿਲੇ ਅਤੇ ਉਨਾਂ ਨੂੰ ਪ੍ਰੀਵਾਰਾਂ ਦੀ ਚਿੰਤਾ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਸਮੂਹ ਸੰਗਤ ਨੂੰ ਬੱਸਾਂ ਭੇਜ ਕੇ ਵਾਪਿਸ ਪੰਜਾਬ ਲਿਆਉਣ ਦੀ ਅਪੀਲ ਕੀਤੀ ਹੈ। ਕੁਲਦੀਪ ਸਿੰਘ ਨੇ ਦੱਸਿਆ ਕਿ ਬੇਸ਼ੱਕ ਉਹ ਗੁਰਦੁਆਰਾ ਸਾਹਿਬ ’ਚ ਸੁਰੱਖਿਅਤ ਹਨ ਪਰ ਕੋਰੋਨਾ ਵਾਇਰਸ ਕਾਰਨ ਆ ਰਹੀਆਂ ਖਬਰਾਂ ਨੇ ਪਰਿਵਾਰਾਂ ਨੂੰ ਫਿਕਰਾਂ ’ਚ ਪਾ ਦਿੱਤਾ ਹੈ। ਕੁਲਦੀਪ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਆਦਿ ਨੇ 23 ਮਾਰਚ ਨੂੰ ਰੇਲ ਰਾਹੀਂ ਵਾਪਿਸ ਆਉਣਾ ਸੀ ਪਰ 22 ਅਪਰੈਲ ਨੂੰ ਲੌਕਡਾਊਨ ਹੋ ਗਿਆ।
ਸੁਰਿੰਦਰ ਸ਼ਰਮਾ ਨੇ ਕਿਹਾ ਕਿ ਜਿਸ ਤਰ੍ਹਾਂ ਹਜ਼ੂਰ ਸਾਹਿਬ ’ਚ ਫ਼ਸੇ ਸ਼ਰਧਾਲੂਆਂ ਨੂੰ ਲਿਆਉਣ ਲਈ ਸਰਕਾਰ ਨੇ ਪਹਿਲ ਕਦਮੀ ਕੀਤੀ ਹੈ। ਉਸ ਤਰ੍ਹਾਂ ਇਨ੍ਹਾਂ ਸ਼ਰਧਾਲੂਆਂ ਨੂੰ ਵੀ ਪੰਜਾਬ ਲਿਆਉਣ ਲਈ ਪ੍ਰਬੰਧ ਕਰਨੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਸੰਗਤ ਨੂੰ ਗੁਰਦੁਆਰਾ ਸਾਹਿਬ ’ਚ ਪ੍ਰਬੰਧਕਾਂ ਤਰਫੋਂ ਲੰਗਰ ਆਦਿ ਮੁਹਈਆ ਕਰਵਾਇਆ ਜਾ ਰਿਹਾ ਹੈ ਫਿਰ ਵੀ ਇਹ ਲੋਕ ਸਿਹਤ ਦੇ ਮਾਮਲੇ ’ਚ ਕਾਫੀ ਪ੍ਰੇਸ਼ਾਨ ਹਨ। ਦੱਸਣਯੋਗ ਹੈ ਕਿ ਤਾਲਾਬੰਦੀ ਕਾਰਨ ਤਖਤ ਸ੍ਰੀ ਹਜੂਰ ਸਾਹਿਬ ਤੋਂ ਕਾਫੀ ਦੂਰੀ ਤੇ ਸਥਿਤ ਮਨਮਾੜ ’ਚ ਵੱਡੀ ਗਿਣਤੀ ਸੰਗਤ ਰੁਕੀ ਹੋਈ ਹੈ। ਕੋਰੋਨਾ ਵਾਇਰਸ ਕਾਰਨ ਫਸੀ ਸੰਗਤ ਆਪਣੇ ਘਰਾਂ ਨੂੰ ਪਰਤਣਾ ਚਾਹੁੰਦੀ ਹੈ।
ਗੌਰਤਲਬ ਹੈ ਕਿ ‘ਬਾਬੂਸ਼ਾਹੀ’ ਵੱਲੋਂ ਇੰਨ੍ਹਾਂ ਸ਼ਰਧਾਲੂਆਂ ਦੇ ਸੰਕਟ ’ਚ ਫਸਣ ਦਾ ਮਾਮਲਾ ਚੁੱਕਿਆ ਗਿਆ ਸੀ। ਇਹ ਵੀ ਦੱਸਿਆ ਗਿਆ ਸੀ ਕਿ ਇਹ ਲੋਕ ਜਲਦੀ ਤੋਂ ਜਲਦੀ ਘਰ ਪਰਤਣ ਦੇ ਚਾਹਵਾਨ ਹਨ ਪਰ ਉਨ੍ਹਾਂ ਦੀ ਮਹਾਂਰਾਸ਼ਟਰ ਪ੍ਰਸ਼ਾਸਨ ਨੇ ਕੋਈ ਸਹਾਇਤਾ ਨਹੀਂ ਕੀਤੀ ਹੈ। ਸੰਗਤ ’ਚ ਵੱਖ ਵੱਖ ਜ਼ਿਲ੍ਹਿਆਂ ਦੇ ਰਹਿਣ ਵਾਲੇ ਬੱਚੇ ਬਜ਼ੁਰਗ ਅਤੇ ਔਰਤਾਂ ਸਮੇਤ ਬਠਿੰਡਾ ਜ਼ਿਲ੍ਹੇ ਦੇ ਪਿੰਡ ਸ਼ੇਰਗੜ ਦੇ ਪੰਜ ਵਿਅਕਤੀ ਹਨ ਜਿੰਨਾਂ ਚੋਂ ਤਿੰਨ ਦਾ ਸਬੰਧ ਇੱਕ ਹੀ ਪਰਿਵਾਰ ਨਾਲ ਹੈ। ਇਹ ਜਗ੍ਹਾ ਤਖਤ ਸ਼ੀ ਹਜੂਰ ਸਾਹਿਬ ਤੋਂ ਕਰੀਬ 400 ਕਿੱਲੋਮੀਟਰ ਦੂਰੀ 'ਤੇ ਹੈ। ਪੰਜਾਬ ਤੋਂ ਜੋ ਬੱਸਾਂ ਭੇਜੀਆਂ ਗਈਆਂ ਹਨ ਉਹ ਇੰਦੌਰ ਤੋਂ ਹੀ ਵਾਪਿਸ ਜਾ ਰਹੀਆਂ ਹਨ ਜਿਸ ਕਰਕੇ ਇਨ੍ਹਾਂ ਨੂੰ ਕੋਈ ਰਾਹ ਨਹੀਂ ਸੁੱਝ ਰਿਹਾ ਹੈ।
ਮਨਮਾੜ ’ਚ ਫਸੇ ਸ਼ਰਧਾਲੂ
ਮਨਮਾੜ ’ਚ ਫਸੇ ਸ਼ਰਧਾਲੂਆਂ ’ਚ ਸੰਦੀਪ ਸਿੰਘ ਤੋਂ ਇਲਾਵਾ ਗੁਰਪ੍ਰੀਤ ਕੌਰ ਪਤਨੀ ਸੰਦੀਪ ਸਿੰਘ, ਅਭੀਜੋਤ ਸਿੰਘ ਪੁੱਤਰ ਸੰਦੀਪ ਸਿੰਘ, ਸਾਬਕਾ ਫੌਜ ਤੇ ਪਿੰਡ ਦੇ ਸਾਬਕਾ ਸਰਪੰਚ ਲਾਭ ਸਿੰਘ ਪੁੱਤਰ ਬੰਤ ਸਿੰਘ ਅਤੇ ਇਨ੍ਹਾਂ ਦੇ ਨਾਲ ਹੀ ਯਾਤਰਾ 'ਤੇ ਗਈ ਸੰਦੀਪ ਸਿੰਘ ਦੀ ਸੱਸ ਤੇ ਸਰਾਵਾਂ ਜ਼ਿਲ੍ਹਾ ਫਰੀਦਕੋਟ ਨਿਵਾਸੀ ਮਨਜੀਤ ਕੌਰ ਪਤਨੀ ਅਵਤਾਰ ਸਿੰਘ ਸ਼ਾਮਲ ਹਨ ਜਿਨ੍ਹਾਂ ਨੇ ਪੰਜਾਬ ਸਰਕਾਰ ਨੂੰ ਸਮੁੱਚੀ ਸੰਗਤ ਦੀ ਵਾਪਸੀ ਵਾਸਤੇ ਲੋੜੀਂਦੀ ਚਾਰਾਜੋਈ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਸਭ ਤੋਂ ਜਿਆਦਾ ਸ਼ਰਧਾਲੂ ਜ਼ਿਲ੍ਹਾ ਗੁਰਦਾਸਪੁਰ ਜ਼ਿਲ੍ਹੇ ਦੇ ਹਨ ਜਦੋਂਕਿ ਫਿਰੋਜ਼ਪੁਰ, ਮੋਗਾ, ਸ੍ਰੀ ਮੁਕਤਸਰ ਸਾਹਿਬ, ਅੰਮ੍ਰਿਤਸਰ, ਫਤਿਹਗੜ੍ਹ ਸਾਹਿਬ, ਬਰਨਾਲਾ,ਰੂਪ ਨਗਰ, ਮੋਹਾਲੀ ਅਤੇ ਫਰੀਦਕੋਟ ਜ਼ਿਲ੍ਹਿਆਂ ਨਾਲ ਸਬੰਧਤ ਹਨ ਸ਼ਰਾਧਾਲੂਆਂ ਵੀ ਫਸੇ ਹੋਏ ਹਨ।