ਚੰਡੀਗੜ੍ਹ, 09 ਅਪ੍ਰੈਲ 2020 - ਅੱਜ ਜਦੋਂ ਪੂਰੀ ਦੁਨੀਆਂ ਵਿੱਚ ਕੋਰੋਨਾ ਵਾਇਰਸ (ਕੋਵਿਡ-19) ਦਾ ਕਹਿਰ ਜਾਰੀ ਹੈ ਉੱਥੇ ਹੀ ਪੰਜਾਬ ਨੂੰ ਵੀ ਇਸ ਭਿਆਨਕ ਬਿਮਾਰੀ ਨੇ ਆਪਣੀ ਚਪੇਟ ਵਿੱਚ ਲੈ ਲਿਆ ਹੈ। ਪੰਜਾਬ ਦੇ ਸਮੂਹ ਮਲਟੀਪਰਪਜ਼ ਹੈਲਥ ਵਰਕਰ ਆਪਣੀ ਤੇ ਆਪਣੇ ਪਰਿਵਾਰ ਦੀ ਜਾਨ ਨੂੰ ਖਤਰੇ ਵਿੱਚ ਪਾ ਕੇ ਇਸ ਜਾਨਲੇਵਾ ਬਿਮਾਰੀ ਨੂੰ ਖਤਮ ਕਰਨ ਲਈ ਲਗਾਤਾਰ ਫੀਲਡ ਡਿਊਟੀ ਕਰ ਰਹੇ ਹਨ ਅਤੇ ਤਨਦੇਹੀ ਨਾਲ ਆਪਣੀਂ ਡਿਊਟੀ ਨਿਭਾ ਰਹੇ ਹਨ।
ਪ੍ਰਸ਼ੋਤਮ ਲਾਲ ਮਲਟੀਪਰਪਜ਼ ਹੈਲਥ ਵਰਕਰ ਨੇ ਦੱਸਿਆ ਕਿ ਉਹਨਾਂ ਵੱਲੋਂ 6 ਨਵੰਬਰ 2018 ਨੂੰ ਨੌਕਰੀ ਜੁਆਇਨ ਕਰਨ ਤੋਂ ਬਾਅਦ ਫੀਲਡ ਵਿੱਚ ਮਲੇਰੀਆ ਤੇ ਡੇਂਗੂ ਬੁਖਾਰ ਦੀ ਰੋਕਥਾਮ ਲਈ ਜੀ ਜਾਨ ਲਗਾ ਕੇ ਕੰਮ ਕੀਤਾ ਤੇ ਮਲੇਰੀਆ, ਡੇਂਗੂ ਦੇ ਕੇਸਾਂ ਵਿੱਚ ਬਹੁਤ ਕਮੀ ਆਈ।
ਹਾਲ ਦੀ ਘੜੀ ਵਿੱਚ ਕਰੋਨਾ ਵਾਇਰਸ ਦੇ ਚੱਲਦਿਆਂ ਹੈਲਥ ਵਰਕਰ ਵਿਦੇਸ਼ਾਂ ਤੋਂ ਆ ਰਹੇ ਯਾਤਰੀਆਂ ਦੇ ਘਰ ਜਾ ਕੇ ਉਹਨਾਂ ਦੀ ਹਿਸਟਰੀ ਲਿਖ ਕੇ ਲਗਾਤਾਰ ਉਹਨਾਂ 'ਤੇ ਨਿਗਰਾਨੀ ਰੱਖ ਰਹੇ ਹਨ, ਸ਼ੱਕੀ ਮਰੀਜ਼ਾਂ ਨੂੰ ਐਬੂਲੈਂਸ ਰਾਹੀ ਹਸਪਤਾਲ ਪਹੁੰਚਾ ਰਹੇ ਹਨ ਤੇ ਮਰੀਜ਼ ਦੇ ਕਰੋਨਾ ਵਾਇਰਸ ਦੀ ਰਿਪੋਰਟ ਪੋਜਟਿਵ ਆਉਣ ਤੇ ਉਸ ਮਰੀਜ਼ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦਾ ਜਲਦੀ ਤੋਂ ਜਲਦੀ ਪਤਾ ਲਗਾ ਕੇ ਏਕਾਂਤਵਾਸ ਵਿੱਚ ਰੱਖਿਆ ਜਾ ਰਿਹਾ ਹੈ, ਪੂਰੇ ਪਿੰਡ ਦਾ ਘਰ-ਘਰ ਜਾ ਕੇ ਸਰਵੇਖਣ ਕੀਤਾ ਜਾ ਰਿਹਾ ਹੈ।
ਪਰਸ਼ੋਤਮ ਲਾਲ ਨੇ ਅੱਗੇ ਦੱਸਿਆ ਕਿ ਪਰਖ-ਕਾਲ ਸਮੇਂ ਦੌਰਾਨ ਇਹ ਹੈਲਥ ਵਰਕਰ ਸਿਰਫ ਬੇਸਿਕ ਤਨਖਾਹ 10300 'ਤੇ ਕੰਮ ਕਰ ਰਹੇ ਹਨ। ਐਨੀਂ ਤਨਖਾਹ ਨਾਲ ਇਹਨਾਂ ਨੂੰ ਗੁਜਾਰਾ ਕਰਨਾ ਬਹੁਤ ਔਖਾ ਹੋ ਰਿਹਾ ਹੈ। ਬਹੁਤ ਸਾਰੇ ਵਰਕਰ ਆਪਣੇਂ ਘਰ ਤੋਂ ਕਾਫੀ ਦੂਰ ਪੈਂਦੇ ਸਿਹਤ ਕੇਂਦਰਾਂ 'ਤੇ ਕੰਮ ਕਰਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਡਿਊਟੀ 'ਤੇ ਆਉਣ ਜਾਣ ਲਈ ਕਾਫੀ ਖਰਚ ਉਠਾਉਣਾ ਪੈਂਦਾ ਹੈ ਤੇ ਆਪਣਾ ਪਰਿਵਾਰ ਪਾਲਣਾ ਤੇ ਤਨਦੇਹੀ ਨਾਲ ਡਿਊਟੀ ਕਰਨਾ ਬਹੁਤ ਔਖਾ ਹੋ ਰਿਹਾ ਹੈ, ਕੋਰੋਨਾਂ ਵਾਇਰਸ ਨਾਲ ਲੜ ਰਹੇ ਹੈਲਥ ਵਰਕਰਾਂ ਲਈ *ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪਰਖ-ਕਾਲ ਸਮਾਂ ਖਤਮ ਕਰਕੇ ਪੂਰੀ ਤਨਖਾਹ ਅਤੇ ਅਲੱਗ ਤੋਂ ਜੋਖਿਮ ਭੱਤਾ ਦੇਣਾ ਚਾਹੀਦਾ ਹੈ ਤਾਂ ਜੋ ਹੋਰ ਉਤਸ਼ਾਹ ਨਾਲ ਕੰਮ ਕੀਤਾ ਜਾਵੇ।
ਆਸ ਕਰਦੇ ਹਾਂ ਕਿ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਤੇ ਮਾਣਯੋਗ ਸਿਹਤ ਮੰਤਰੀ ਬਲਬੀਰ ਸਿੰਘ ਜੀ ਸਿੱਧੂ ਸਾਹਿਬ ਹੈਲਥ ਵਰਕਰਾਂ ਦੀ ਬਹੁਤ ਜਰੂਰੀ ਤੇ ਲੋੜੀਂਦੀ ਮੰਗ ਪੂਰੀ ਕਰਨਗੇ।