ਅਸ਼ੋਕ ਵਰਮਾ
ਬਠਿੰਡਾ, 14 ਮਈ 2020 - ਮਲੇਰਕੋਟਲਾ ਦੀ ਧਾਗਾ ਮਿੱਲ ਵਿੱਚ ਮਜ਼ਦੂਰਾਂ ਉਤੇ ਕੀਤੇ ਜਬਰ ਦੀ ਸਖਤ ਨਿਖੇਧੀ ਕਰਦਿਆਂ ਜਮਹੂਰੀ ਅਧਿਕਾਰ ਸਭਾ ਦੀ ਜਿਲ੍ਹਾ ਇਕਾਈ ਬਠਿੰਡਾ ਨੇ ਮਿੱਲ ਮਾਲਕਾਂ ਤੇ ਪੁਲਿਸ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਅੱਜ ਇੱਥੇ ਜਾਰੀ ਕੀਤੇ ਪ੍ਰੈੱਸ ਬਿਆਨ ਵਿੱਚ ਜ਼ਿਲਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ, ਜਨਰਲ ਸਕੱਤਰ ਪਿ੍ਰਤਪਾਲ ਸਿੰਘ ਤੇ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਕਿਹਾ ਕਿ ਮਲੇਰਕੋਟਲੇ ਦੀ ਇਹ ਧਾਗਾ ਮਿੱਲ ਬੰਧੂਆ ਮਜ਼ਦੂਰੀ ਦਾ ਨਮੂਨਾ ਬਣ ਕੇ ਉੱਭਰੀ ਹੈ ਕਿਉਂਕਿ ਮਜਦੂਰਾਂ ਨੂੰ ਜ਼ਬਰਦਸਤੀ ਮਿੱਲ ਅੰਦਰ ਡੱਕ ਕੇ ਉਹਨਾਂ ਦਾ ਬੇਤਹਾਸ਼ਾ ਸ਼ੋਸ਼ਣ ਕੀਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਦ ਮਜ਼ਦੂਰਾਂ ਇਸ ਸ਼ੋਸ਼ਣ ਵਿਰੁੱਧ ਡੱਟ ਗਏ ਤਾਂ ਮਾਲਕਾਂ ਨੇ ਪੁਲਿਸ-ਪ੍ਰਸ਼ਾਸਨ ਦੀ ਮਦਦ ਨਾਲ ਉਹਨਾਂ ਉੱਪਰ ਹਿੰਸਕ ਹਮਲਾ ਕਰ ਦਿੱਤਾ। ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਦਾ ਪੱਖ ਸੁਣ ਕੇ ਉਹਨਾਂ ਵੱਲੋਂ ਰੱਖੀਆਂ ਮੰਗਾਂ ਨੂੰ ਹੱਲ ਕਰਵਾਉਣ ਦੀ ਬਜਾਏ ਪੁਲਿਸ ਅਤੇ ਜ਼ਿਲਾ ਪ੍ਰਸ਼ਾਸਨ ਖੁੱਲੇ ਆਮ ਮਾਲਕਾਂ ਨਾਲ ਖੜੇ ਹਨ।
ਉਨ੍ਹਾਂ ਦੱਸਿਆ ਕਿ ਮਜਦੂਰਾਂ ਨੂੰ ਦਬਾਉਣ ਲਈ ਬੇਤਹਾਸ਼ਾ ਤਸ਼ੱਦਦ ਕੀਤਾ ਗਿਆ ਹੈ ਅਤੇ ਜ਼ਖਮੀ ਇਲਾਜ ਤੇ ਮੈਡੀਕਲ ਸਹਾਇਤਾ ਦੇਣ ਤੋਂ ਵਾਂਝੇ ਰੱਖ ਕੇ ਧੱਕੇ ਨਾਲ ਮਿੱਲ ਦੇ ਅੰਦਰ ਹੀ ਡੱਕੇ ਹੋਏ ਹਨ। ਉਨ੍ਹਾਂ ਆਖਿਆ ਕਿ ਮਜ਼ਦੂਰਾਂ ਨੂੰ ਪ੍ਰੈੱਸ ਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਆਪਣਾ ਪੱਖ ਰੱਖਣ ਦੀ ਆਜ਼ਾਦੀ ਮਿਲਣ ਨਾਲ ਹੀ ਇਸ ਘਿਣਾਉਣੇ ਸ਼ੋਸ਼ਣ, ਦਾਬੇ ਅਤੇ ਜਬਰ ਦੀ ਅਸਲ ਤਸਵੀਰ ਸਾਹਮਣੇ ਆਵੇਗੀ ਜਿਸ ਦਾ ਇਨਸਾਫ਼ਪਸੰਦ ਅਤੇ ਜਮਹੂਰੀ ਤਾਕਤਾਂ ਨੂੰ ਗੰਭੀਰ ਨੋਟਿਸ ਲੈਣ ਦੀ ਲੋੜ ਹੈ। ਸਭਾ ਨੇ ਮੈਡੀਕਲ ਕਰਵਾ ਕੇ ਮਾਲਕਾਂ ਅਤੇ ਪੁਲਿਸ ਅਧਿਕਾਰੀਆਂ ਉੱਪਰ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਸਭਾ ਦੇ ਆਗੂਆਂ ਨੇ ਮਜ਼ਲੂਮ ਮਜ਼ਦੂਰਾਂ ਨੂੰ ਇਨਸਾਫ਼ ਅਤੇ ਉਹਨਾਂ ਨੂੰ ਉਹਨਾਂ ਦੀ ਮਿਹਨਤ ਦੀ ਬਣਦੀ ਉਜ਼ਰਤ ਦਿਵਾਉਣ ਲਈ ਲੋਕ ਦਬਾਓ ਲਾਮਬੰਦ ਕਰਨ ਦਾ ਸੱਦਾ ਦਿੱਤਾ ਹੈ।