ਅਸ਼ੋਕ ਵਰਮਾ
- 90 ਦੇ ਕਰੀਬ ਪੰਜਾਬੀਆਂ ਵੱਲੋਂ ਘਰ ਵਾਪਿਸ ਲਿਆਉਣ ਦੀ ਮੰਗ
- ਮਹਾਂਰਾਸ਼ਟਰ ਦੇ ਮਨਮਾੜ ’ਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੀ ਸੰਗਤ ਫਸੀ
ਬਠਿੰਡਾ, 28 ਅਪਰੈਲ 2020 - ਕੋਰੋਨਾ ਮਹਾਮਾਰੀ ਕਾਰਨ ਕੀਤੀ ਗਈ ਤਾਲਾਬੰਦੀ ਦੌਰਾਨ ਮਹਾਂਰਾਸ਼ਟਰ ਦੇ ਮਨਮਾੜ ਇਲਾਕੇ ’ਚ ਇੱਥ ਗੁਰਦੁਆਰੇ ਵਿੱਚ ਫਸੇ ਵੱਖ ਵੱਖ ਜਿਲ੍ਹਿਆਂ ਨਾਲ ਸਬੰਧਤ ਪੰਜਾਬੀਆਂ ਨੇ ਉਨ੍ਹਾਂ ਨੂੰ ਵਾਪਿਸ ਪੰਜਾਬ ਲਿਆਉਣ ਦੀ ਮੰਗ ਕੀਤੀ ਹੈ। ਇੰਨ੍ਹਾਂ ’ਚ ਬੱਚੇ ਬਜ਼ੁਰਗ ਅਤੇ ਔਰਤਾਂ ਵੀ ਸਾਮਲ ਹਨ। ‘ਬਾਬੂਸ਼ਾਹੀ’ ਨੂੰ ਇੱਥ ਵੀਡੀਓ ਭੇਜ ਕੇ ਇੰਨਾਂ ਮੁਸਾਫਰਾਂ ਨੇ ਅਪੀਲ ਕੀਤੀ ਹੈ ਕਿ ਸਰਕਾਰ ਉਨਾਂ ਲਈ ਇੰਤਜਾਮ ਕਰੇ। ਵੀਡਓ ’ਚ ਮੱਖਣ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਫਰੀਦਕੋਟ ਨੇ ਦੱਸਿਆ ਹੈ ਕਿ ਉਹ ਲੋਕ ਮਨਮਾੜ ਦੇ ਗੁਰਦੁਆਰ ਗੁਪਤਸਰ ਸਾਹਿਬ ’ਚ ਫਸ ਗਏ ਹਨ। ਉਨ੍ਹਾਂ ਦੱਸਿਆ ਕਿ ਕਰੀਬ ਇੱਕ ਮਹੀਨਾਂ ਪਹਿਲਾਂ ਆਏ ਸਨ ਪਰ ਲੋਕਡਾਊਨ ਕਾਰਨ ਇੱਥੇ ਫਸ ਗਏ।
ਉਨ੍ਹਾਂ ਦੱਸਿਆ ਕਿ ਉਨਾਂ ਨੂੰ ਗੁਰਦੁਆਰਾ ਸਾਹਿਬ ’ਚ ਲੰਗਰ ਆਦਿ ਮਿਲ ਰਿਹਾ ਹੈ ਪਰ ਘਰੀਂ ਪਰਤਣ ’ਚ ਆ ਰਹੀ ਸਮੱਸਿਆ ਕਾਰਨ ਉਹ ਖਾਸ ਤੌਰ ਤੇ ਔਰਤਾਂ ਅਤੇ ਬੱਚੇ ਕਾਫੀ ਪ੍ਰੇਸ਼ਾਨ ਹਨ। ਉਨਾਂ ਦੱਸਿਆ ਕਿ ਇਹ ਜਗਾ ਤਖਤ ਸ਼ੀ ਹਜੂਰ ਸਾਹਿਬ ਤੋਂ ਕਰੀਬ 400 ਕਿੱਲੋਮੀਟਰ ਦੂਰੀ ਤੇ ਹੈ। ਉਨ੍ਹਾਂ ਆਖਿਆ ਕਿ ਉਨਾਂ ਨੂੰ ਪਤਾ ਲੱਗਿਆ ਹੈ ਕਿ ਸ੍ਰ੍ਰੀ ਹਜੂਰ ਸਾਹਿਬ ਤੋਂ ਬੱਸਾਂ ਖਾਲੀ ਵੀ ਮੁੜੀਆਂ ਹਨ। ਉਨਾਂ ਦੱਸਿਆ ਕਿ ਪੰਜਾਬ ਤੋਂ ਜੋ ਬੱਸਾਂ ਭੇਜੀਆਂ ਗਈਆਂ ਹਨ ਉਹ ਇੰਦੌਰ ਤੋਂ ਹੀ ਵਾਪਿਸ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਹੈ ਕਿ ਮੁਸਾਫਰਾਂ ਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਵੀ ਜਾਣੂੰ ਕਰਵਾਇਆ ਹੈ ਪਰ ਪ੍ਰਸ਼ਾਸਨ ਉਨਾਂ ਨੂੰ ਇਜਾਜ਼ਤ ਵੀ ਨਹੀਂ ਦੇ ਜਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਤਖਤ ਸ੍ਰੀ ਹਜੂਰ ਸਾਹਿਬ ਵੀ ਨਹੀਂ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਬੱਸ ਦਾ ਵੀ ਪ੍ਰਬੰਧ ਨਹੀਂ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਸਮਾਜਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਨਾਂ ਨੂੰ ਘਰ ਭੇਜਣ ’ਚ ਮੱਦਦ ਕੀਤੀ ਜਾਏ ਤਾਂ ਜੋ ਉਹ ਆਪਣੇ ਪ੍ਰੀਵਾਰਾਂ ਨਾਲ ਮਿਲ ਸਕਣ।
ਦੱਸਣਯੋਗ ਹੈ ਕਿ ਤਖਤ ਸ੍ਰੀ ਹਜੂਰ ਸਾਹਿਬ ਵਿਖੇ ਵੱਡੀ ਗਿਣਤੀ ਪੰਜਾਬ ਤੋਂ ਗਈ ਸੰਗਤ ਤਾਲਾਬੰਦੀ ਕਾਰਨ ਰੁਕੀ ਹੋਈ ਹੈ। ਇਨ੍ਹਾਂ ਸ਼ਰਧਾਲੂਆਂ ਦੀ ਗਿਣਤੀ ਲਗਪਗ 4 ਹਜ਼ਾਰ ਦੱਸੀ ਗਈ ਸੀ। ਇਨ੍ਹਾਂ ਵਿਚੋਂ ਕੁਝ ਸ਼ਰਧਾਲੂਆਂ ਨੇ ਪਹਿਲਾਂ ਵੀ ਆਪਣੇ ਪੱਧਰ ’ਤੇ ਪੰਜਾਬ ਆਉਣ ਦਾ ਯਤਨ ਕੀਤਾ ਸੀ ਪਰ ਇਨਾਂ ਨੂੰ ਰਸਤੇ ਵਿਚੋਂ ਹੀ ਮੋੜ ਦਿੱਤਾ ਗਿਆ ਸੀ। ਹੁਣ ਪੰਜਾਬ ਸਰਕਾਰ ਨੇ ਬੱਸਾਂ ਭੇਜ ਕੇ ਸੰਗਤ ਨੂੰ ਲਿਆਉਣ ਦੇ ਪ੍ਰਬੰਧ ਕੀਤੇ ਹਨ। ਕਰੋਨਾਵਾਇਰਸ ਕਾਰਨ ਦੇਸ਼ ਭਰ ਵਿਚ ਕੀਤੀ ਗਈ ਤਾਲਾਬੰਦੀ ਦੌਰਾਨ ਮਨਮਾੜ ਵਿਚ ਫਸੇ ਪੰਜਾਬੀ ਆਪਣੇ ਘਰਾਂ ਨੂੰ ਪਰਤਣਾ ਚਾਹੁੰਦੇ ਹਨ ਜਿੰਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨਾਂ ਦੀ ਵਾਪਸੀ ਵਾਸਤੇ ਲੋੜੀਂਦੀ ਚਾਰਾਜੋਈ ਕੀਤੀ ਜਾਵੇ।
ਸੰਗਤ ਨੂੰ ਵਾਪਿਸ ਲਿਆਵੇ ਸਰਕਾਰ
ਜਿਲਾ ਬਠਿੰਡਾ ਦੇ ਪਿੰਡ ਸ਼ੇਰਗੜ ਦਾ ਸੰਦੀਪ ਸਿੰਘ ਵੀ ਉੱਥੇ ਫਸਿਆ ਹੋਇਆ ਹੈ। ਇਸ ਪਿੰਡ ਦੇ ਸੁਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਸੰਦੀਪ ਹੋਰਾਂ ਨੇ 23 ਮਾਰਚ ਨੂੰ ਰੇਲ ਰਾਹੀਂ ਵਾਪਿਸ ਆਉਣਾ ਸੀ ਪਰ 22 ਅਪਰੈਲ ਨੂੰ ਲੌਕਡਾਊਨ ਦਾ ਐਲਾਨ ਕਰ ਦਿੱਤਾ ਗਿਆ। ਉਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸੰਗਤ ਨੂੰ ਵਾਪਿਸ ਲਿਆਉਣ ਲਈ ਬੱਸਾਂ ਭੇਜੇ।