ਫਿਰੋਜ਼ਪੁਰ, 8 ਅਪ੍ਰੈਲ 2020 : ਜ਼ਰੂਰੀ ਵਸਤੂਆਂ ਨੂੰ ਮੁੱਲ ਤੋਂ ਜ਼ਿਆਦਾ ਵੇਚਣ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਬੁੱਧਵਾਰ ਨੂੰ 2 ਸਬਜ਼ੀ ਵਿਕ੍ਰੇਤਾਵਾਂ ਦੇ ਕਰਫਿਊ ਪਾਸ ਰੱਦ ਕਰ ਦਿੱਤੇ ਹਨ। ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਕੁਲਵੰਤ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਜ਼ਰੂਰੀ ਵਸਤੂਆਂ ਗ੍ਰੇਸਰੀ, ਫਲ-ਸਬਜੀਆਂ, ਦੁੱਧ ਉਤਪਾਦਾਂ ਅਤੇ ਦਵਾਈਆਂ ਦੇ ਸਹੀ ਰੇਟ ਤੇ ਉਪਲੱਬਧ ਕਰਵਾਉਣ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਸਰਪ੍ਰਾਇਜ਼ ਚੈਕਿੰਗ ਸ਼ੁਰੂ ਕਰਵਾਈ ਗਈ ਹੈ। ਇਹ ਚੈਕਿੰਗ ਸਬੰਧਿਤ ਵਿਭਾਗਾਂ ਵੱਲੋਂ ਗਠਿਤ ਸਪੈਸ਼ਲ ਟੀਮਾਂ ਵੱਲੋਂ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਦੱਸਿਆ ਕਿ ਕੁੱਝ ਸ਼ਿਕਾਇਤਾਂ ਉਨ੍ਹਾਂ ਦੇ ਕੋਲ ਆਈਆਂ ਸੀ ਕਿ ਕੁੱਝ ਦੁਕਾਨਦਾਰ ਜ਼ਰੂਰੀ ਵਸਤੂਆਂ ਜਿਵੇਂ ਕਿ ਗ੍ਰੇਸਰੀ ਅਤੇ ਸਬਜ਼ੀਆਂ ਦੇ ਰੇਟ ਮਾਰਕੀਟ ਰੇਟ ਜਾਂ ਫਿਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਧਾਰਿਤ ਰੇਟਾਂ ਤੋਂ ਜ਼ਿਆਦਾ ਰੇਟ ਤੇ ਵੇਚ ਰਹੇ ਹਨ। ਉਨ੍ਹਾਂ ਨੇ ਇਸ ਤਰ੍ਹਾਂ ਦੇ ਸਵਾਰਥੀ ਦੁਕਾਨਦਾਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸੰਕਟ ਦੀ ਇਸ ਘੜੀ ਵਿੱਚ ਲੋਕਾਂ ਦੀ ਸੇਵਾ ਕਰਨ ਅਤੇ ਉਨ੍ਹਾਂ ਨੂੰ ਉਚਿਤ ਰੇਟਾਂ ਤੇ ਜ਼ਰੂਰੀ ਵਸਤੂਆਂ ਮੁਹੱਈਆ ਕਰਵਾਉਣ ਦੇ ਲਈ ਸਪੈਸ਼ਲ ਕਰਫ਼ਿਊ ਪਾਸ ਜਾਰੀ ਕੀਤੇ ਗਏ ਸੀ ਨਾ ਕਿ ਮੁਨਾਫਾਖੋਰੀ ਦੇ ਲਈ। ਉਨ੍ਹਾਂ ਨੇ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਵੀ ਮੁਨਾਫਾਖੋਰੀ ਦੀ ਸੋਚਣ ਵਾਲੇ ਦੁਕਾਨਦਾਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਸਾਰੀਆਂ ਜ਼ਰੂਰੀ ਵਸਤੂਆਂ ਉੱਚਿਤ ਰੇਟਾਂ ਤੇ ਉੱਪਲੱਬਧ ਕਰਵਾਉਣ ਦੇ ਲਈ ਪੂਰਨ ਰੂਪ ਵਿੱਚ ਵਚਨਬੱਧ ਹੈ ਅਤੇ ਇਸ ਦੇ ਲਈ ਮਾਰਕੀਟ ਕਮੇਟੀ, ਖਾਦ ਤੇ ਆਪਰੂਤੀ ਵਿਭਾਗ, ਜ਼ੋਨਲ ਲਾਇਸਸਿੰਗ ਅਥਾਰਟੀ ਨੂੰ ਲਗਾਤਾਰ ਚੈਕਿੰਗ ਕਰਨ ਅਤੇ ਮੁਨਾਫਾਖੋਰੀ ਤੇ ਕਾਲਾਬਾਜ਼ਾਰੀ ਤੇ ਰੋਕ ਲਗਾਉਣ ਦੇ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿਭਾਗਾਂ ਦੀ ਸਪੈਸ਼ਲ ਟੀਮਾਂ ਲਗਾਤਾਰ ਸਰਪ੍ਰਾਇਜ਼ ਚੈਕਿੰਗ ਕਰ ਰਹੀਆਂ ਹਨ ਅਤੇ ਡਿਫਾਲਟਰਾਂ ਦੇ ਕਰਫਿਊ ਪਾਸ ਰੱਦ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਜ਼ਰੂਰੀ ਵਸਤੂਆਂ ਦੇ ਮੁੱਲ ਪ੍ਰਸ਼ਾਸਨ ਵੱਲੋਂ ਪਹਿਲਾ ਹੀ ਨਿਰਧਾਰਿਤ ਕੀਤੇ ਜਾ ਚੁੱਕੇ ਹਨ ਇਸ ਲਈ ਕੋਈ ਵੀ ਦੁਕਾਨਦਾਰ ਇਸ ਤੋਂ ਜ਼ਿਆਦਾ ਮੁੱਲ ਨਹੀਂ ਵਸੂਲ ਸਕਦਾ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਓਵਰਚਾਰਜਿੰਗ ਦੇ ਖਿਲਾਫ ਖੁੱਲ੍ਹ ਕੇ ਸ਼ਿਕਾਇਤ ਕਰਨ ਅਤੇ ਤਾਂ ਜੋ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦੇ ਦੁਕਾਨਦਾਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦੇ ਇਹ ਸਮਾਂ ਕਾਫ਼ੀ ਸੰਕਟ ਭਰਿਆ ਹੈ ਅਤੇ ਲੋਕਾਂ ਦੀ ਸੁਰੱਖਿਆ ਦੇ ਲਈ ਕਰਫ਼ਿਊ ਲਗਾਇਆ ਗਿਆ ਹੈ। ਪਰ ਕੁੱਝ ਲੋਕ ਫਿਰ ਵੀ ਓਵਰ ਚਾਰਜਿੰਗ ਤੋਂ ਬਾਜ਼ ਨਹੀਂ ਆ ਰਹੇ।