ਅਸ਼ੋਕ ਵਰਮਾ
ਮਾਨਸਾ, 17 ਮਈ 2020 - ਮਾਨਸਾ ਪੁਲਿਸ ਨੇ ਬੈਂਕ ਪ੍ਰਤੀਨਿਧੀਆਂ ਦੇ ਸਹਿਯੋਗ ਨਾਲ ਸਿਰਫ ਛੇ ਦਿਨਾਂ ਦੇ ਰਿਕਾਰਡ ਸਮੇਂ ’ਚ ਬੁਢਾਪਾ, ਵਿਧਵਾ, ਅੰਗਹੀਣ ਅਤੇ ਅਨਾਥ ਬੱਚਿਆਂ ਦੀ ਪੈਨਸ਼ਨਾਂ ਘਰੋ ਘਰੀ ਵੰਡਣ ’ਚ ਸਫਲਤਾ ਹਾਸਲ ਕੀਤੀ ਹੈ। ਇਸ ਮੁਹਿੰਮ ਤਹਿਤ ਅਪ੍ਰੈਲ, 2020 ਦੀ ਪੈਨਸ਼ਨ (ਜੋ ਬੈਂਕਾਂ ਵਿੱਚ 8 ਮਈ ਨੂੰ ਪਹੁੰਚੀ ਸੀ) ਵੰਡੀ ਜਾ ਚੁੱਕੀ ਹੈ। ਸੀਨੀਅਰ ਕਪਤਾਨ ਪੁਲਿਸ ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਚੱਲ ਰਹੇ ਕਰਫਿਊ ਦੌਰਾਨ ਪੈਨਸ਼ਨ ਧਾਰਕਾਂ ਨੂੰ ਬਹੁਤ ਮੁਸਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਕਰਫਿਊ ਕਾਰਨ ਟਰਾਂਸਪੋਰਟ ਦਾ ਉਪਲਬਧ ਨਾ ਹੋਣਾ, ਬੈਂਕਾਂ ਦੇ ਅੱਗੇ ਭੀੜ ਤੇ ਲੰਬੀਆਂ ਕਤਾਰਾਂ ਲੱਗਣੀਆਂ, ਤਪਦੀ ਗਰਮੀ ਅਤੇ ਕੋਵਿਡ19 ਜਿਹੀ ਮਹਾਂਮਾਰੀ ਦਾ ਪ੍ਰਕੋਪ ਫੈਲਣ ਦੇ ਡਰ ਦੇ ਮੱਦੇਨਜਰ ਜਿਲਾ ਪੁਲਿਸ ਮਾਨਸਾ ਵੱਲੋਂ ਇੰਨਾਂ ਲਾਭਪਾਤਰੀਆਂ ਦੀਆਂ ਪੈਂਡਿੰਗ ਪਈਆਂ ਪੈਨਸਨਾਂ ਵੀਪੀਓਜ ਅਤੇ ਬੈਂਕ ਬੀਸੀਜ ਰਾਹੀਂ ਤਕਸੀਮ ਕਰਨ ਲਈ ਵਿਸ਼ੇਸ਼ ਮੁਹਿੰਮ ਦੀ ਸੁਰੂਆਤ ਕੀਤੀ ਗਈ। ਮਾਨਸਾ ਪੁਲਿਸ ਦੇ ਇਸ ਕਾਰਜ ਦੀ ਸਮੂਹ ਪੈਨਸਨਧਾਰਕਾਂ ਵੱਲੋਂ ਸਰਾਹਨਾ ਕੀਤੀ ਗਈ ਹੈ।
ਪੈਨਸ਼ਨਾਂ ਤਕਸੀਮ ਕਰਨ ਦੇ ਫੈਸਲੇ ਤਹਿਤ 326 ਵੀਪੀਓਜ ਵੱਲੋਂ ਬੈਂਕਾਂ ਦੇ ਬੀਸੀਜ ਦੇ ਸਹਿਯੋਗ ਨਾਲ ਇਸ ਸਬੰਧੀ ਡਾਟਾ ਤਿਆਰ ਕੀਤਾ ਗਿਆ ਅਤੇ 11 ਮਈ ਨੂੰ ਪੈਨਸ਼ਨਾਂ ਤਕਸੀਮ ਕਰਨ ਦਾ ਕੰਮ ਆਰੰਭ ਕੀਤਾ ਗਿਆ। ਇਹ ਕਾਫੀ ਮੁਸਕਿਲ ਕੰਮ ਸੀ ਪਰ ਸਮੂਹ ਸਟਾਫ ਵੱਲੋਂ ਸਖਤ ਮਿਹਨਤ ਕਰਦੇ ਹੋਏ ਇਹ ਕੰਮ ਮਹਿਜ 6 ਦਿਨਾਂ ਦੇ ਰਿਕਾਰਡ ਸਮੇਂ ਵਿੱਚ ਪੂਰਾ ਕਰ ਦਿੱਤਾ ਗਿਆ।
ਇਸ ਸਮੇਂ ਦੌਰਾਨ ਕੁੱਲ 90,804 ਪੈਨਸ਼ਨ ਧਾਰਕਾਂ, ਜਿੰਨਾਂ ਵਿੱਚ 16,103 ਵਿਧਵਾ ਪੈਨਸ਼ਨਰਜ, 9,121 ਅੰਗਹੀਣ ਪੈਨਸ਼ਨਰਜ, 61,658 ਬੁਢਾਪਾ ਪੈਨਸ਼ਨਰਜ ਅਤੇ 3,922 ਅਨਾਥ ਬੱਚੇ ਪੈਨਸ਼ਨਰਜ ਸ਼ਾਮਲ ਹਨ, ਨੂੰ ਪੈਨਸ਼ਨ ਵੰਡੀ ਗਈ ਹੈ। ਇੰਨਾਂ ਪੈਨਸ਼ਨਰਜ ਵਿੱਚ 15,892 ਸ਼ਹਿਰੀ ਖੇਤਰ ਅਤੇ 74,912 ਪੇਂਡੂ ਖੇਤਰ ਵਿੱਚ ਰਹਿਣ ਵਾਲੇ ਹਨ।
ਐਸ.ਐਸ.ਪੀ. ਮਾਨਸਾ ਡਾ. ਭਾਰਗਵ ਨੇ ਦੱਸਿਆ ਕਿ ਇਹ ਸਚਮੁੱਚ ਬਹੁਤ ਹੀ ਮਿਹਨਤ ਵਾਲਾ ਕੰਮ ਸੀ ਜਿਸ ਨੂੰ ਸਮੂਹ ਵੀਪੀਓਜ ਅਤੇ ਬੀਸੀਜ ਦੀ ਸਖਤ ਮਿਹਨਤ ਸਦਕਾ ਰਿਕਾਰਡ ਸਮੇਂ ਅੰਦਰ ਮੁਕੰਮਲ ਕਰਨਾ ਯਕੀਨੀ ਹੋ ਸਕਿਆ ਹੈ। ਉਨਾਂ ਕਿਹਾ ਕਿ ਸਟਾਫ ਦੇ ਇਸ ਪ੍ਰਸ਼ੰਸਾਯੋਗ ਕੰਮ ਸਦਕਾ ਜਿਲਾ ਪੁਲਿਸ ਵੱਲੋਂ ਜਿਲਾ ਲੀਡ ਬੈਂਕ ਮੈਨੇਜਰ ਸਮੇਤ ਸਮੂਹ ਸਟਾਫ ਨੂੰ ਪ੍ਰਸੰਸਾ ਪੱਤਰਾਂ ਨਾਲ ਸਨਮਾਨਿਤ ਕੀਤਾ ਜਾਏਗਾ।