ਅਸ਼ੋਕ ਵਰਮਾ
ਮਾਨਸਾ, 27 ਅਪ੍ਰੈਲ 2020: ਮਾਨਸਾ ਪੁਲਿਸ ਨੇ ਵੀ ‘ਮੈਂ ਭੀ ਹਰਜੀਤ ਸਿੰਘ’ ਦੀ ਨੇਮ ਪਲੇਟ ਲਾਕੇ ਬਹਾਦਰ ਪੁਲਿਸ ਅਧਿਕਾਰੀ ਏਐਸਆਈ ਹਰਜੀਤ ਸਿੰਘ ਦਾ ਸਨਮਾਨ ਕੀਤਾ ਹੈ। ਅੱਜ ਐਸਐਸਪੀ ਸਮੇਤ ਸਮੂਹ ਪੁਲਿਸ ਅਧਿਕਾਰੀਆਂ ਨੇ ਇਹ ਪੱਟੀਆਂ ਲਾਈਆਂ ਅਤੇ ਪੁਲਿਸ ਦੀ ਅਪਰਾਧ ਖਿਲਾਫ ਏਕਤਾ ਦਾ ਮੁਜ਼ਾਹਰਾ ਕੀਤਾ।ਸੀਨੀਅਰ ਕਪਤਾਨ ਪੁਲਿਸ ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚ ਵੀ ਕੁੱਝ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਜਿੰਨਾਂ ਵਿੱਚ ਪਟਿਆਲਾ ਪੁਲਿਸ ਦੇ ਸਟਾਫ ’ਤੇ ਹੋਇਆ ਹਮਲਾ ਵਿਸ਼ੇਸ਼ ਤੌਰ ’ਤੇ ਜਿਕਰ ਯੋਗ ਹੈ। ਉਨਾਂ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਇਸ ਹਿੰਸਕ ਹਮਲੇ ਦੇ ਬਾਵਜੂਦ ਬੜੇ ਹੀ ਠਰੰਮੇ ਅਤੇ ਬਹਾਦਰੀ ਨਾਲ ਕਾਰਵਾਈ ਕਰਦੇ ਹੋਏ ਮੁਲਜਮਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਹਿੰਸਾ ’ਤੇ ਉਤਾਰੂ ਸ਼ਰਾਰਤੀ ਅਨਸਰਾਂ ਨੇ ਪੂਰੀ ਤਾਕਤ ਨਾਲ ਤਿੱਖੀਆਂ ਤਲਵਾਰਾਂ ਨਾਲ ਪੁਲਿਸ ਸਟਾਫ ’ਤੇ ਹਮਲਾ ਕੀਤਾ ਸੀ ਜਿਸ ਕਾਰਨ ਡਿਊਟੀ ’ਤੇ ਤਾਇਨਾਤ ਐਸ.ਆਈ. ਹਰਜੀਤ ਸਿੰਘ ਦਾ ਹੱਥ ਕੱਟੇ ਜਾਣ ਦੀ ਦੁਖਦਾਈ ਘਟਨਾ ਵਾਪਰ ਗਈ।
ਉਨਾਂ ਦੱਸਿਆ ਕਿ ਇਸ ਹਮਲੇ ਦੇ ਬਾਵਜੂਦ ਇਸ ਬਹਾਦਰ ਪੁਲਿਸ ਮੁਲਾਜ਼ਮ ਨੇ ਸ਼ਾਂਤਮਈ ਢੰਗ ਨਾਲ ਆਪਣੇ ਸਾਥੀਆਂ ਨੂੰ ਹਮਲਾਵਰਾਂ ਨੂੰ ਕਾਬੂ ਕਰਨ ਦੀ ਅਪੀਲ ਕੀਤੀ। ਉਨਾਂ ਦੱਸਿਆ ਕਿ ਹਸਪਤਾਲ ਲਿਜਾਂਦੇ ਸਮੇਂ ਇਹ ਆਪਣੇ ਕੱਟੇ ਹੋਏ ਹੱਥ ਨੂੰ ਆਪ ਹੀ ਚੁੱਕ ਕੇ ਨਾਲ ਲੈ ਗਿਆ ਜਿਸ ਨੂੰ ਬਾਅਦ ਵਿੱਚ ਪੀ.ਜੀ.ਆਈ. ਦੇ ਡਾਕਟਰਾਂ ਦੀ ਟੀਮ ਵੱਲੋਂ ਸਫਲਤਾਪੂਰਵਕ ਜੋੜ ਦਿੱਤਾ ਗਿਆ ਅਤੇ ਇਹ ਬਹਾਦਰ ਪੁਲਿਸ ਕਰਮਚਾਰੀ ਅਜੇ ਵੀ ਇਲਾਜ ਅਧੀਨ ਹੈ।
ਐਸ.ਐਸ.ਪੀ. ਨੇ ਕਿਹਾ ਕਿ ਐਸ.ਆਈ. ਹਰਜੀਤ ਸਿੰਘ ਦੀ ਇਹ ਬਹਾਦਰੀ ਅਤੇ ਡਿਊਟੀ ਪ੍ਰਤੀ ਸਮਰਪਤ ਹੋਣ ਦੀ ਭਾਵਨਾ ਉਦਾਹਰਣ ਯੋਗ ਹੈ ਜਿਸ ਨੂੰ ਸਨਮਾਨ ਦਿੰਦੇ ਹੋਏ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦਿਨਕਰ ਗੁਪਤਾ ਨੇ ਡਿਊਟੀ ਪ੍ਰਤੀ ਸਪਰਪਿਤ ਹੋਣ ਦੀ ਭਾਵਨਾ ਦੇ ਸਨਮਾਨ ਅਤੇ ਸਮੁੱਚੀ ਪੁਲਿਸ ਫੋਰਸ ਦੀ ਹੌਸਲਾ ਅਫਜਾਈ ਕਰਨ ਲਈ ਨੂੰ ਹਰ ਇੱਕ ਰੈਂਕ ਦੇ ਪੁਲਿਸ ਅਧਿਕਾਰੀ ਵੱਲੋਂ ‘ਮੈਂ ਭੀ ਹਰਜੀਤ ਸਿੰਘ’ ਦੇ ਨਾਮ ਦਾ ਬੈਜ ਆਪਣੀ ਨਾਮ ਦੀ ਪੱਟੀ ਉੱਪਰ ਲਗਾਉਣ ਲੲਂ ਕਿਹਾ ਸੀ।
ਐਸ.ਐਸ.ਪੀ. ਨੇ ਦੱਸਿਆ ਕਿ ਅੱਜ ਸਮੂਹ ਪੁਲਿਸ ਸਟਾਫ ਵੱਲੋਂ ‘ਮੈਂ ਭੀ ਹਰਜੀਤ ਸਿੰਘ’ ਲਿਖੇ ਹੋਏ ਬੈਜ ਆਪੋ ਆਪਣੀਆਂ ਨੇਮ ਪਲੇਟਾਂ ’ਤੇ ਲਗਾ ਕੇ ਅਤੇ ਇਸ ਬਹਾਦਰ ਕਰਮਚਾਰੀ ਦੇ ਨਾਮ ਵਾਲੇ ਪੋਸਟਰ ਜਿਲਾ ਪ੍ਰਬੰਧਕੀ ਕੰਪਲੈਕਸ ਦੀਆਂ ਮੁੱਖ ਥਾਵਾਂ ’ਤੇ ਲਗਾਕੇ ਇਸ ਬਹਾਦਰ ਕਰਮਚਾਰੀ ਦੇ ਅਨੁਸਾਸ਼ਨ ਅਤੇ ਬਹਾਦਰੀ ਦਾ ਸਨਮਾਨ ਕੀਤਾ ਗਿਆ ਤਾਂ ਕਿ ਸਮੂਹ ਪੁਲਿਸ ਫੋਰਸ ਦੀ ਹੌਸਲਾ ਅਫਜਾਈ ਹੋਵੇ ਅਤੇ ਆਮ ਪਬਲਿਕ ਨੂੰ ਪੁਲਿਸ ਕਰਮਚਾਰੀਆਂ ਦੇ ਕਰਤੱਵ-ਪਾਲਣਾ ਦਾ ਅਹਿਸਾਸ ਹੋਵੇ।
ਐਸ.ਐਸ.ਪੀ. ਮਾਨਸਾ ਡਾ. ਭਾਰਗਵ ਨੇ ਕਿਹਾ ਕਿ ਪੁਲਿਸ ਆਮ ਲੋਕਾਂ ਦੀ ਰੱਖਿਆ ਲਈ ਆਪਣੀ ਜਾਨ ਜੋਖਿਮ ਵਿੱਚ ਪਾਕੇ ਅਤੇ ਆਪਣੇ ਪਰਿਵਾਰਾਂ ਤੋਂ ਦੂਰ ਰਹਿਕੇ ਇਸ ਮਾੜੇ ਸਮੇਂ ਵਿੱਚ ਡਿਊਟੀ ਦੇ ਰਹੀ ਹੈ, ਇਸ ਲਈ ਸਮੂਹ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਨਾਲ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਸਮੁੱਚੀ ਪੁਲਿਸ ਫੋਰਸ ਨੂੰ ਐਸ.ਆਈ. ਹਰਜੀਤ ਸਿੰਘ ਦੀ ਬਹਾਦਰੀ ਅਤੇ ਅਨੁਸ਼ਾਸਨ ਦੇ ਪਾਲਣ ਦੀ ਉਦਾਹਰਣ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਡਾ. ਭਾਰਗਵ ਨੇ ਦੱਸਿਆ ਕਿ ਇਸ ਬਹਾਦਰ ਕਰਮਚਾਰੀ ਦੇ ਸਨਮਾਨ ਵਿੱਚ ਮਸ਼ਹੂਰ ਪੰਜਾਬੀ ਗਾਇਕਾਂ ਨੇ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਐਸ.ਆਈ. ਹਰਜੀਤ ਸਿੰਘ ਦਾ ਇਸ ਤਰਾਂ ਸਨਮਾਨ ਕਰਨਾ ਸ਼ਲਾਘਾਯੋਗ ਕਾਰਜ ਹੈ।