ਅਸ਼ੋਕ ਵਰਮਾ
- ਲੇਖਕ ਅਧਿਆਪਕ ਡਾ.ਸੁਖਦਰਸ਼ਨ ਸਿੰਘ ਚਹਿਲ ਹੋਏ ਸ਼ਾਮਲ
ਮਾਨਸਾ, 22 ਅਪਰੈਲ 2020 - ਸਿੱਖਿਆ ਵਿਭਾਗ ਵੱਲ੍ਹੋ ਵਿਦਿਆਰਥੀਆਂ ਵਿੱਚ ਸਾਹਿਤਕ ਅਤੇ ਸਭਿਆਚਾਰ ਰੁਚੀਆਂ ਨੂੰ ਵਿਕਸਤ ਕਰਨ ਲਈ ਵਿਦਿਆਰਥੀਆਂ ਦੀਆਂ ਬਾਲ ਸਭਾਵਾਂ ਦੀ ਸ਼ੁਰੂਆਤ ਕੀਤੀ ਗਈ ਹੈ, ਇਹ ਪਹਿਲ ਕਦਮੀ ਜ਼ਿਲ੍ਹੇ ਦੇ ਸਰਕਾਰੀ ਸੈਕੰਡਰੀ ਸਕੂਲ ਕੰਨਿਆਂ ਬੁਢਲਾਡਾ ਵਲੋਂ ਪ੍ਰਿੰਸੀਪਲ ਮੁਕੇਸ਼ ਕੁਮਾਰ ਦੀ ਅਗਵਾਈ ਚ ਕੀਤੀ ਗਈ।ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ) ਸੁਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਬੇਸ਼ੱਕ ਹੁਣ ਕਰੋਨਾ ਕਰਫਿਊ ਕਾਰਨ ਬੱਚੇ ਘਰਾਂ ਵਿੱਚ ਬੈਠੇ ਹਨ,ਪਰ ਉਨ੍ਹਾਂ ਦੀ ਪੜ੍ਹਾਈ ਦੇ ਮਿਆਰ ਨੂੰ ਉਚਾ ਚੁੱਕਣ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਹਰ ਉਪਰਾਲੇ ਕੀਤੇ ਜਾਣਗੇ।
ਜ਼ੂਮ ਐਪ 'ਤੇ ਹੋਈ ਇਸ ਬਾਲ ਸਭਾ ਦੌਰਾਨ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਰੀਨਾ ,ਪ੍ਰੇਰਨਾ, ਪ੍ਰੀਤੀ ਵਰਮਾ ,ਅਰਸ਼ਦੀਪ ਕੌਰ ਹਿਮਾਨੀ ਸ਼ਰਮਾ,ਮਨਪ੍ਰੀਤ ਗਿੱਲ ਆਦਿ 20 ਵਿਦਿਆਰਥਣਾਂ ਨੇ ਆਪਣੀਆਂ ਵੱਖ-ਵੱਖ ਪੇਸ਼ਕਾਰੀਆਂ ਰਾਹੀਂ ਚੰਗਾ ਰੰਗ ਬੰਨਿਆ।ਵਿਸ਼ੇਸ਼ ਤੌਰ 'ਤੇ ਵਰਨਣਯੋਗ ਹੈ ਕਿ ਸਾਰੀਆਂ ਰਚਨਾਵਾਂ ਕਰੋਨਾ ਦੀ ਰੋਕਥਾਮ ਨੂੰ ਸਮਰਪਿਤ ਸਨ।ਇਨ੍ਹਾਂ ਰਚਨਾਵਾਂ ਵਿੱਚ ਮਨੁੱਖ ਨੂੰ ਇਸ ਸਮੇਂ ਚੜ੍ਹਦੀ ਕਲਾ ਰਹਿੰਦੇ ਹੋਏ ਘਰ ਵਿਖੇ ਰਹਿਕੇ ਇਸ ਮਹਾਂਮਾਰੀ ਦਾ ਟਾਕਰਾ ਕਰਨ ਦਾ ਉਪਦੇਸ਼ ਦਿੱਤਾ ਗਿਆ।
ਸਕੂਲ ਅਧਿਆਪਕਾਂ ਆਸ਼ੂ ਕੰਪਿਊਟਰ ਫੈਕਲਟੀ,ਸ੍ਰੀਮਤੀ ਰਜਨੀ ਪੰਜਾਬੀ ਮਿਸਟ੍ਰੈੱਸ ਅਤੇ ਸ੍ਰੀ ਬਿਮਲ ਜੈਨ ਅੰਗਰੇਜ਼ੀ ਲੈਕਚਰਾਰ ਨੇ ਵੀ ਆਪਣੀਆਂ ਸਾਹਿਤਕ ਕਿਰਤਾਂ ਰਾਹੀਂ ਹਾਜ਼ਰੀ ਲਵਾਈ।ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਉੱਘੇ ਖੇਡ ਲੇਖਕ ਡਾ.ਸੁਖਦਰਸ਼ਨ ਚਹਿਲ ਪਟਿਆਲਾ ਨੇ ਬੱਚਿਆਂ ਨੂੰ ਸੋਸ਼ਲ ਮੀਡੀਆ ਵਰਤਣ ਨਾਲੋਂ ਪੁਸਤਕਾਂ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਕਿਤਾਬਾਂ ਪੜ੍ਹਨ ਨਾਲ ਨਵੇਂ ਵਿਚਾਰ ਪੈਦਾ ਹੁੰਦੇ ਹਨ।ਉਨ੍ਹਾਂ ਕਿਹਾ ਕਿ ਲਿਖਣਾ ਕੋਈ ਔਖਾ ਕੰਮ ਨਹੀਂ ਬੱਸ ਸਮਝ ਸ਼ਕਤੀ ਨੂੰ ਧਾਰਾਬੱਧ ਕਰਕੇ ਲਿਖਣ ਦੀ ਲੋੜ ਹੁੰਦੀ ਹੈ।ਉਨ੍ਹਾਂ ਕਿਹਾ ਕਿ ਉਹ ਦਸ ਕਿਤਾਬਾਂ ਲਿਖ ਚੁੱਕੇ ਹਨ ਅਤੇ ਲਿਖਣ ਦੀ ਸ਼ੁਰੂਆਤ ਸਰਕਾਰੀ ਪ੍ਰਾਇਮਰੀ ਸਕੂਲ ਆਲਮਪੁਰ ਮੰਦਰਾਂ ਵਿਖੇ ਪੰਜਵੀਂ ਜਮਾਤ ਤੋਂ ਕੀਤੀ ਸੀ।
ਅੰਗਰੇਜ਼ੀ/ਸਮਾਜਿਕ ਸਿੱਖਿਆ ਵਿਸ਼ਆਿਂ ਦੇ ਜ਼ਿਲ੍ਹਾ ਮੈਂਟਰ ਅੰਗਰੇਜ਼ੀ ਬਲਜਿੰਦਰ ਜੌੜਕੀਆਂ ਨੇ ਬੱਚਿਆਂ ਦੁਆਰਾ ਪੇਸ਼ ਕੀਤੀਆਂ ਰਚਨਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬੱਚੇ ਆਉਣ ਵਾਲੇ ਸਮੇਂ ੋਚ ਭਵਿੱਖ ਵਿੱਚ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਨਗੇ।ਮੁੱਖ ਦਫਤਰ ਵੱਲੋਂ ਜ਼ਿਲ੍ਹੇ ਦੇ ਨੋਡਲ ਸਹਾਇਕ ਡਾਇਰੈਕਟਰ ਰੇਨੂੰ ਮਹਿਤਾ ਨੇ ਬੱਚਿਆਂ ਦੀ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਇਹ ਪੇਸ਼ਕਾਰੀ ਨੂੰ ਮੰਜ਼ਿਲ ਨਾ ਸਮਝਣਾ,ਸਗੋਂ ਹੋਰ ਵਧੀਆ ਲਿਖਣ ਅਤੇ ਪੇਸ਼ ਕਰਨ ਲਈ ਮਿਹਨਤ ਕਰਦੇ ਰਹਿਣ।
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਜਗਰੂਪ ਸਿੰਘ ਭਾਰਤੀ ਨੇ ਕਿਹਾ ਕਿ ਇਹ ਸ਼ੁਰੂਆਤੀ ਪ੍ਰੋਗਰਾਮ ਸੀ ਆਉਣ ਵਾਲੇ ਦਿਨਾਂ ਵਿੱਚ ਸਾਰੇ ਸਕੂਲਾਂ ਵੱਲੋਂ ਬਾਲ ਸਭਾਵਾਂ ਦਾ ਆਯੋਜਨ ਕੀਤਾ ਜਾਵੇਗਾ।ਅੰਤ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਜੀਤ ਸਿੰਘ ਸਿੱਧੂ ਨੇ ਭਾਗ ਲੈਣ ਵਾਲੇ ਬੱਚਿਆਂ ਨੂੰ ਆਨਲਾਈਨ ਹੀ ਪ੍ਰਸ਼ੰਸਾ ਪੱਤਰ ਜਾਰੀ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਅਜਿਹੇ ਨੰਨ੍ਹੇ ਲੇਖਕਾਂ ਤੇ ਕਲਾਕਾਰ ਬੱਚਿਆਂ ਦਾ ਸਨਮਾਨ ਕੀਤਾ ਜਾਵੇਗਾ।ਉਨ੍ਹਾਂ ਬੱਚਿਆਂ ਨੂੰ ਸਵੈ ਅਧਿਐਨ ਨਾਲ ਜੋੜਨ ਬਾਰੇ ਵੀ ਕਿਹਾ। ਸਿੱਖਿਆ ਵਿਭਾਗ ਦੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਅਤੇ ਰਾਜੇਸ਼ ਕੁਮਾਰ ਨੇ ਕਿਹਾ ਕਿ ਅਜਿਹੇ ਮੰਚਾਂ ਰਾਹੀਂ ਵੱਡੇ ਕਲਾਕਾਰ ਪੈਦਾ ਹੋ ਸਕਦੇ ਹਨ। ਸਿੱਖਿਆ ਵਿਭਾਗ ਦਾ ਇਹ ਉਪਰਾਲਾ ਬਹੁਤ ਸ਼ਲਾਘਾਯੋਗ ਰਿਹਾ।