ਅਸ਼ੋਕ ਵਰਮਾ
- ਕਪਾਹ ਨਿਗਮ ਵੱਲੋਂ ਕਿਸਾਨਾਂ ਤੋਂ ਸਿੱਧੀ ਖਰੀਦ ਸ਼ੁਰੂ
ਮਾਨਸਾ, 9 ਮਈ 2020 - ਮਾਨਸਾ ਜ਼ਿਲ੍ਹੇ ’ਚ ਖੇਤੀ ਵਿਭਾਗ ਨੂੰ ਐਤਕੀ ਵਾਰ ਨਰਮੇ-ਕਪਾਹ ਹੇਠਲੇ ਰਕਬੇ ਵਿੱਚ ਵਾਧੇ ਦਾ ਅਨੁਮਾਨ ਹੈ। ਨਰਮੇ ਤੇ ਕਪਾਹ ਦੇ ਭਾਅ ਚੰਗੇ ਰਹਿਣ ਕਰਕੇ ਕਿਸਾਨ ਮੁੜ ਇਸ ਫਸਲ ਦੀ ਗੱਲ ਕਰਨ ਬਾਰੇ ਸੋਚਣ ਲੱਗੇ ਹਨ। ਖੇਤੀ ਵਿਭਾਗ ਨੇ ਵੀ ਹੁਣ ਰਕਬੇ ਵਿੱਚ ਵਾਧੇ ਲਈ ਸਰਗਰਮੀ ਸ਼ੁਰੂ ਕਰ ਦਿੱਤੀ ਹੈ। ਚਿੱਟੀ ਮੱਖੀ ਦੇ ਹੱਲੇ ਮਗਰੋਂ ਕਿਸਾਨਾਂ ਨੇ ਇਸ ਫਸਲ ਤੋਂ ਮੂੰਹ ਮੋੜ ਲਿਆ ਸੀ। ਲੰਘੇ ਸੀਜ਼ਨ ਵਿੱਚ ਨਰਮੇ ਦੀ ਫਸਲ 5100 ਰੁਪਏ ਪ੍ਰਤੀ ਕੁਇੰਟਲ ਵਿਕੀ ਹੈ ਜਦੋਂਕਿ ਇਸ ਵਾਰ ਕਪਾਹ ਨਿਗਮ ਐਮਐਸਪੀ 5450 ਰੁਪਏ ਕੀਮਤ ਤੱਕ ਖਰੀਦਣ ਲੱਗਿਆ ਹੈ।
ਕਾਟਨ ਕਾਰਪੋਰੇਸ਼ਨ ਆਫ ਇੰਡੀਆ (ਸੀ.ਸੀ.ਆਈ.) ਨੇ ਮੁੜ ਤੋਂ ਜ਼ਿਲੇ ਦੀਆਂ ਮੰਡੀਆਂ ਵਿਚ ਸਿੱਧੇ ਤੌਰ ਤੇ ਕਿਸਾਨਾਂ ਤੋਂ ਨਰਮੇ ਦੀ ਫਸਲ ਖਰੀਦਣ ਦੀ ਸ਼ੁਰੂਆਤ ਕੀਤੀ ਹੈ। ਇਸ ਕਰਕੇ ਵੀ ਜ਼ਿਲਾ ਖੇਤੀਬਾੜੀ ਅਧਿਕਾਰੀ ਆਖਦੇ ਹਨ ਕਿ ਚਿੱਟੇ ਸੋਨੇ’ ਦੇ ਪੁਰਾਣੇ ਦਿਨ ਬਹਾਲ ਹੋਣ ਦੀ ਸੰਭਾਵਨਾ ਬਣ ਗਈ ਹੈ। ਨਰਮੇ/ਕਪਾਹ ਦੇ ਭਾਅ ਵਿੱਚ ਉਛਾਲ ਨੇ ਕਿਸਾਨਾਂ ਵਿੱਚ ਉਤਸ਼ਾਹ ਭਰ ਦਿੱਤਾ ਹੈ ਅਤੇ ਨਰਮੇ/ਕਪਾਹ ਦੀ ਫਸਲ ਹੇਠਲੇ ਰਕਬੇ ਵਿੱਚ ਵਾਧਾ ਹੋ ਸਕਦਾ ਹੈ। ਖੇਤੀ ਮਾਹਿਰਾਂ ਅਨੁਸਾਰ ਨਰਮੇ/ਕਪਾਹ ਹੇਠਲੇ ਰਕਬੇ ਵਿੱਚ 15 ਤੋਂ 20 ਫੀਸਦੀ ਵਾਧਾ ਹੋਣ ਦੀ ਉਮੀਦ ਹੈ।
ਜ਼ਿਲ੍ਹਾ ਮੰਡੀ ਅਫ਼ਸਰ ਦੇ ਅੰਕੜਿਆਂ ਅਨੁਸਾਰ ਪਿਛਲੇ ਸੀਜ਼ਨ ਵਿਚ ਨਰਮੇ ਦੀ ਆਮਦ ਲਗਭਗ 907023 ਕੁਇੰਟਲ ਸੀ, ਜੋ ਇਸ ਸੀਜ਼ਨ ਵਧ ਕੇ 1057997 ਕੁਇੰਟਲ ਹੋ ਗਈ ਹੈ। ਇਸ ਹਿਸਾਬ ਨਾਲ ਇਸ ਆਮਦ ਵਿਚ ਤਕਰੀਬਨ 17 ਫ਼ੀਸਦੀ ਵਾਧਾ ਹੋਇਆ ਹੈ। ਜ਼ਿਲਾ ਮੰਡੀ ਅਫ਼ਸਰ-ਕਮ-ਸੂਬਾ ਕਪਾਹ ਕੋਆਰਡੀਨੇਟਰ ਰਜਨੀਸ਼ ਗੋਇਲ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਮਾਨਸਾ ਅਤੇ ਪੰਜਾਬ ਮੰਡੀ ਬੋਰਡ ਦੇ ਯਤਨਾਂ ਸਦਕਾ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਮੈਦਾਨ ’ਚ ਆਇਆ ਹੈ।
ਉਨਾਂ ਦੱਸਿਆ ਕਿ ਮੰਡੀਆਂ ਵਿਚ ਸੀ.ਸੀ.ਆਈ. ਦੇ ਆਉਣ ਨਾਲ ਕਿਸਾਨਾਂ ਨੂੰ ਸਰਕਾਰ ਦੁਆਰਾ ਤੈਅ ਕੀਤਾ ਗਿਆ ਘੱਟੋ ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਲਗਭਗ 5450 ਰੁਪਏ ਪ੍ਰਤੀ ਕੁਇੰਟਲ ਮਿਲਣਾ ਸ਼ੁਰੂ ਹੋਇਆ ਹੈ, ਜਦੋਂ ਕਿ ਪਹਿਲਾਂ ਉਹ ਆਪਣੀ ਪੈਦਾਵਾਰ 5100 ਰੁਪਏ ਪ੍ਰਤੀ ਕੁਇੰਟਲ ਤੋਂ ਵੱਧ ਨਹੀਂ ਵੇਚ ਰਹੇ ਸਨ। ਸ੍ਰੀ ਗੋਇਲ ਨੇ ਦੱਸਿਆ ਕਿ ਨਰਮੇ ਦਾ ਭਾਅ ਉਤਪਾਦਾਂ ਦੀ ਗੁਣਵੱਤਾ ‘ਤੇ ਨਿਰਭਰ ਕਰਦਾ ਹੈ ਅਤੇ ਬਹੁਤੇ ਕਿਸਾਨਾਂ ਨੂੰ ਉਨਾਂ ਦੀ ਉਪਜ ਲਈ ਘੱਟੋ ਘੱਟ ਪ੍ਰਤੀ ਕੁਇੰਟਲ 5400 ਰੁਪਏ ਤਾਂ ਮਿਲੇ ਹੀ ਹਨ , ਜੋ ਕਿ ਪਹਿਲਾਂ ਨਾਲੋਂ 250 ਤੋਂ 300 ਰੁਪਏ ਵੱਧ ਹੈ।
ਜਾਣਕਾਰੀ ਮੁਤਾਬਿਕ ਸੀ.ਸੀ.ਆਈ. ਨੇ ਇਸ ਸੀਜ਼ਨ ਵਿਚ ਮਾਨਸਾ ਜ਼ਿਲੇ ਤੋਂ 449164 ਕੁਇੰਟਲ ਨਰਮੇ ਦੀ ਖਰੀਦ ਕੀਤੀ ਹੈ, ਜਦੋਂ ਕਿ 608828 ਕੁਇੰਟਲ ਫਸਲ ਪ੍ਰਾਈਵੇਟ ਵਪਾਰੀਆਂ ਵੱਲੋਂ ਖਰੀਦੀ ਗਈ ਹੈ। ਖੇਤੀਬਾੜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ (ਕੋਵਿਡ-19) ਦੇ ਮੱਦੇਨਜ਼ਰ ਲੇਬਰ ਦੀ ਕਮੀ ਹੋਣ ਕਰਕੇ ਉਹ ਕਿਸਾਨਾਂ ਨੂੰ ਨਰਮੇ ਦੀ ਕਾਸ਼ਤ ਵਿਚ ਵਾਧੇ ਦੀ ਚੋਣ ਕਰਨ ਵਿਚ ਕਿਸਾਨਾਂ ਨੂੰ ਉਤਸ਼ਾਹਿਤ ਕਰ ਰਹੇ ਹਨ। ਪਿਛਲੇ ਸੀਜ਼ਨ ਵਿਚ ਨਰਮੇ ਦੀ ਫਸਲ ਹੇਠਲਾ ਰਕਬਾ 72000 ਹੈਕਟੇਅਰ ਦੇ ਟੀਚੇ ਦੇ ਮੁਕਾਬਲੇ 54000 ਹੈਕਟੇਅਰ ਸੀ।
ਉਮੀਦ ਜਤਾਈ ਜਾ ਰਹੀ ਹੈ ਕਿ ਇਸ ਸੀਜ਼ਨ ਦੌਰਾਨ ਕਿਸਾਨ ਨਰਮੇ ਨੂੰ ਪਹਿਲ ਦੇਣਗੇ ਕਿਉਂਕਿ ਉਨਾਂ ਨੂੰ ਪਿਛਲੇ ਸੀਜ਼ਨ ਵਿਚ ਚੰਗੀ ਪੈਦਾਵਾਰ ਅਤੇ ਚੰਗਾ ਮੁਨਾਫਾ ਹੋਇਆ ਸੀ। ਨਰਮੇ ਦੀ ਕਾਸ਼ਤ ਦੀ ਚੋਣ ਕਰਨ ਦਾ ਇੱਕ ਕਾਰਨ ਮਜ਼ਦੂਰਾਂ ਦੀ ਘਾਟ ਹੋਣਾ ਵੀ ਹੈ। ਦੱਸਣਯੋਗ ਹੈ ਕਿ ਸੀ.ਸੀ.ਆਈ. ਨੇ ਪਿਛਲੇ ਤਕਰੀਬਨ ਪੰਜ ਸਾਲਾਂ ਤੋਂ ਨਰਮੇ ਦੀ ਸਿੱਧੇ ਤੌਰ ਤੇ ਖਰੀਦ ਨਹੀਂ ਕੀਤੀ ਸੀ।
ਇੱਕ ਲੱਖ ਹੈਕਟੇਅਰ ਦਾ ਟੀਚਾ: ਮੁੱਖ ਖੇਤੀ ਬਾੜੀ ਅਫਸਰ
ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਮ ਸਰੂਪ ਦਾ ਕਹਿਣਾ ਸੀ ਕਿ ਉਨਾਂ ਵੱਲੋਂ ਐਤਕੀਂ ਮਾਨਸਾ ਜਿਲੇ ਵਿੱਚ 1 ਲੱਖ ਹੈਕਟੇਅਰ ਰਕਬੇ ਵਿੱਚ ਨਰਮੇ-ਕਪਾਹ ਦੀ ਬਿਜਾਈ ਦਾ ਟੀਚਾ ਰੱਖਿਆ ਹੈ । ਉਨਾਂ ਦੱਸਿਆ ਕਿ ਕਿਸਾਨਾਂ ਨੂੰ ਪ੍ਰੇਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਰਕਬੇ ਵਿੱਚ ਵਾਧੇ ਦਾ ਅਨੁਮਾਨ ਹੈ। ਉਨਾਂ ਦੱਸਿਆ ਕਿ ਉਹ ਨਹਿਰੀ ਵਿਭਾਗ ਨੂੰ ਪੂਰਾ ਨਹਿਰੀ ਪਾਣੀ ਅਤੇ ਪਾਵਰਕੌਮ ਨੂੰ ਨਿਰਵਿਘਨ ਬਿਜਲੀ ਸਪਲਾਈ ਲਈ ਵੀ ਪੱਤਰ ਲਿਖਣਗੇ।