ਅਸ਼ੋਕ ਵਰਮਾ
- ਪੀਪੀਈ ਕਿੱਟਾਂ ਵਰਤਣ ਬਾਰੇ ਵੀ ਦਿੱਤੀ ਸਿਖਲਾਈ
ਬਠਿੰਡਾ, 21 ਅਪ੍ਰੈਲ 2020- ਬਠਿੰਡਾ ਉਪਮੰਡਲ ਦੀ ਰੈਵਿਨਿਊ ਪਟਵਾਰ ਐਸੋਸੀਏਸ਼ਨ ਅਤੇ ਦਫ਼ਤਰੀ ਸਟਾਫ ਤਹਿਸੀਲ ਬਠਿੰਡਾ ਨੇ ਸ਼ਹਿਰ ਦਦੀ ਸਮਾਜਸੇਵੀ ਸੰਸਥਾ ਨੌਜਵਾਨ ਵੇਲਫੇਅਰ ਸੁਸਾਇਟੀ ਬਠਿੰਡਾਂ ਨੂੰ ਰਾਹਤ ਕਾਰਜਾਂ ਲਈ 50 ਹਜਾਰ ਰੁਪਏ ਦੀ ਸਹਿਯੋਗ ਰਾਸ਼ੀ ਭੇਂਟ ਕੀਤੀ ਹੈ। ਅੱਜ ਇਹ ਰਾਸ਼ੀ ਐਸ.ਡੀ.ਐਮ. ਸ: ਅਮਰਿੰਦਰ ਸਿੰਘ ਟਿਵਾਣਾ ਵੱਲੋਂ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੂੰ ਭੇਂਟ ਕੀਤੀ ਗਈ।
ਇਸ ਮੌਕੇ ਐਸ.ਡੀ.ਐਮ. ਸ: ਅਮਰਿੰਦਰ ਸਿੰਘ ਟਿਵਾਣਾ ਨੇ ਸਮਾਜਿਕ ਸੰਸਥਾਵਾਂ ਖਾਸ ਕਰਕੇ ਨੌਜਵਾਨ ਵੇਲਫੇਅਰ ਸੁਸਾਇਟੀ ਦੇ ਸਹਿਯੋਗ ਦੀ ਸਲਾਘਾ ਕਰਦਿਆਂ ਕਿਹਾ ਕਿ ਸਮਾਜ ਲਈ ਇਸ ਮੁਸਕਿਲ ਦੌਰ ਵਿਚ ਜੋ ਲੋਕ ਮੁਹਰਲੀਆਂ ਕਤਾਰਾਂ ਵਿਚ ਕੰਮ ਕਰ ਰਹੇ ਹਨ, ਸਮਾਜ ਨੂੰ ਆਪਣੇ ਇੰਨਾਂ ਬਹਾਦੁਰ ਜੰਗਜੂਆਂ ਤੇ ਮਾਣ ਹੈ। ਉਨਾਂ ਨੇ ਕਿਹਾ ਕਿ ਇਸ ਸਮੇਂ ਸਾਨੂੰ ਦਲੇਰੀ ਦੇ ਨਾਲ ਨਾਲ ਸਵੈ ਅਨੁਸ਼ਾਸਣ ਦਾ ਵੀ ਪਾਲਣ ਕਰਨਾ ਚਾਹੀਦਾ ਹੈ।
ਇਸ ਮੌਕੇ ਆਇਸੋਲੇਸ਼ਨ ਸੈਂਟਰ ਵਿਚ ਡਿਊਟੀ ਕਰਨ ਵਾਲੇ ਸਟਾਫ, ਸਮਾਜਿਕ ਸੰਸਥਾਵਾਂ ਅਤੇ ਨਗਰ ਨਿਗਮ ਦੇ ਸਟਾਫ ਨੂੰ ਪੀਪੀਈ ਕਿੱਟਾਂ ਵਰਤਣ, ਕਿੱਟ ਪਾਉਣ ਤੇ ਉਤਾਰਨ ਦਾ ਤਰੀਕਾ, ਰੋਜਮਰਾ ਦੇ ਜੀਵਨ ਵਿਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ, ਹੱਥ ਅਤੇ ਕਪੜੇ ਧੋਣ ਦੀ ਵਿਧੀ ਆਦਿ ਸਬੰਧੀ ਸਿਖਲਾਈ ਵੀ ਦਿੱਤੀ ਗਈ।
ਇਸ ਮੌਕੇ ਜ਼ਿਲਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ: ਵਿਕਾਸ ਛਾਬੜਾ ਨੇ ਕਿਹਾ ਆਈਐਮਏ ਸਿਹਤ ਵਿਭਾਗ ਨਾਲ ਪੂਰਾ ਸਹਿਯੋਗ ਕਰ ਰਿਹਾ ਹੈ ਅਤੇ ਕਿਸੇ ਵੀ ਹੰਗਾਮੀ ਹਾਲਤ ਵਿਚ ਆਈ.ਐਮ.ਏ. ਵਿਭਾਗ ਨੂੰ 8 ਵੈਂਟੀਲੇਟਰ ਉਪਲਬੱਧ ਕਰਵਾਏਗੀ।
ਡਾ: ਜੈਯੰਤ ਅਵਰਵਾਲ ਨੇ ਇਸ ਮੌਕੇ ਕਰੋਨਾ ਦੇ ਪਸਾਰ ਨੂੰ ਰੋਕਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਨੁੰਮਾਇੰਦਿਆਂ ਤੋਂ ਇਲਾਵਾ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ, ਨੌਜਵਾਨ ਵੇਲਫੇਅਰ ਸੁਸਾਇਟੀ ਤੋਂ ਰੋਹਿਤ ਗਰਗ, ਗੌਤਮ ਸ਼ਰਮਾ, ਅਮਿਤ ਗਰਗ ਆਦਿ ਵੀ ਹਾਜਰ ਸਨ।