ਮਾਸਕ ਅਤੇ ਦੋ ਗ਼ਜ਼ ਦੀ ਦੂਰੀ ਦੇਸ਼ ਦੇ ਹਾਕਮਾਂ ਲਈ ਨਹੀਂ ਜ਼ਰੂਰੀ
ਗੌਰਵ ਮਾਣਿਕ
- ਦੇਸ਼ ਵਿੱਚ ਕੋਰੋਨਾ ਦੇ ਨਿਯਮਾਂ ਦੀ ਪਾਲਣਾ ਦੀ ਜ਼ਿੰਮੇਵਾਰੀ ਸਿਰਫ਼ ਆਮ ਜਨਤਾ ਦੀ
ਫਿਰੋਜ਼ਪੁਰ 25 ਜੂਨ 2021 - ਮਾਸਕ ਅਤੇ ਦੋ ਗਜ਼ ਦੀ ਦੂਰੀ ਕੀ ਆਮ ਜਨਤਾ ਲਈ ਹੀ ਜ਼ਰੂਰੀ ਹੈ। ਅੱਜ ਇਹ ਸਵਾਲ ਖੜ੍ਹਾ ਹੋਇਆ ਹੈ ਦੇਸ਼ ਦੇ ਉਨ੍ਹਾਂ ਹਾਕਮਾਂ ਵੱਲੋਂ ਪਾਈ ਗਈ ਇੱਕ ਫ਼ੋਟੋ ਤੇ ਜਿਸ ਨੂੰ ਲੈ ਕੇ ਆਮ ਲੋਕਾਂ ਵਿੱਚ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਦੇਸ਼ ਵਿੱਚ ਨਿਯਮ, ਕਾਇਦੇ ਕਾਨੂੰਨ, ਸਿਰਫ਼ ਆਮ ਆਦਮੀ ਲਈ ਹੀ ਹਨ ਜਾਂ ਫਿਰ ਸਰਕਾਰਾਂ ਚਲਾ ਰਹੇ ਹਾਕਮਾਂ ਤੇ ਵੀ ਇਹ ਲਾਗੂ ਹੁੰਦੇ ਹਨ, ਜੇਕਰ ਇਹ ਤਸਵੀਰ ਵੇਖਿਆ ਤਾਂ ਇੰਜ ਜਾਪਦਾ ਹੈ ਕਿ ਸ਼ਾਇਦ ਕਾਨੂੰਨ ਆਮ ਆਦਮੀ ਲਈ ਹਨ ,ਇਹਨਾਂ ਹਾਕਮਾਂ ਲਈ ਨਹੀਂ, ਮੌਕਾ ਸੀ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਜੰਮੂ ਕਸ਼ਮੀਰ ਦੇ ਮੁੱਦੇ ਤੇ ਉੱਥੋਂ ਦਿਆਂ ਸਿਆਸੀ ਪਾਰਟੀਆਂ ਦੇ ਪ੍ਰਮੁਖਾਂ ਦੀ ਬੁਲਾਈ ਇੱਕ ਮੀਟਿੰਗ ਦਾ ਜਿਸ ਵਿੱਚ ਜੰਮੂ ਕਸ਼ਮੀਰ ਦੇ ਹਾਲਾਤ ਤੇ ਚਰਚਾ ਅਤੇ ਉੱਥੋਂ ਦੀ ਖ਼ੁਸ਼ਹਾਲੀ ਲਈ ਕਿ ਕੀਤਾ ਜਾ ਸਕਦਾ ਹੈ।
ਮੀਟਿੰਗ ਤੋਂ ਬਾਅਦ ਸਾਰੇ ਨੇਤਾ ਇੱਕ ਮੰਚ ਤੇ ਇਕੱਠੇ ਹੋਕੇ ਫ਼ੋਟੋਆਂ ਖਿਚਵਾਉਣ ਲਈ ਆ ਗਏ। ਇਹ ਦਿਖਾਉਣ ਕਿ ਉਹ ਜੰਮੂ ਕਸ਼ਮੀਰ ਨੂੰ ਲੈ ਕੇ ਕਿੰਨੇ ਸੰਜੀਦਾ ਨੇ, ਪਰ ਉਹ ਸ਼ਾਇਦ ਭੁੱਲ ਗਏ ਕਿ ਉਨ੍ਹਾਂ ਸਿਰ ਹੋਰ ਵੀ ਬੜੀਆਂ ਜ਼ਿੰਮੇਵਾਰੀਆਂ ਨੇ ਅਤੇ ਇਸ ਫ਼ੋਟੋ ਦੇ ਮਾਇਨੇ ਦੇਸ਼ ਲਈ ਹੋਰ ਵੀ ਬਹੁਤ ਸੰਦੇਸ਼ ਛੱਡਣਗੇ, ਅਤੇ ਹਾਕਮਾਂ ਦਿਆਂ ਸੰਜੀਦਗੀਆਂ ਵੀ ਬਿਆਨ ਹੋਣਗੀਆਂ।
ਕੋਰੋਨਾ ਕਾਲ ਦੀ ਪਹਿਲੀ ਲਹਿਰ ਆਈ ਦੂਜੀ ਲਹਿਰ ਆਈ ਅਤੇ ਹੁਣ ਤੀਜੀ ਲਹਿਰ ਦੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ। ਪਰ ਇਸ ਵਿੱਚ ਦੇਸ਼ ਦਿਆਂ ਸਰਕਾਰਾਂ ਵਿੱਚ ਬੈਠੇ ਹਾਕਮਾਂ ਵੱਲੋਂ ਇੱਕ ਹੀ ਮੂਲ ਮੰਤਰ ਹਰ ਵਾਰ ਦਿੱਤਾ ਜਾ ਰਿਹਾ ਹੈ ਕਿ ਮਾਸਕ ਪਹਿਨ ਕੇ ਰੱਖੋ ਅਤੇ ਦੋ ਗਜ਼ ਦੀ ਦੂਰੀ ਬਣਾ ਕੇ ਰੱਖੋ। ਸਰਕਾਰਾਂ ਵੱਲੋਂ ਸਮੇਂ ਸਮੇਂ ਤੇ ਕਰੋਨਾ ਤੋਂ ਬਚਾਅ ਲਈ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਰਹੀਆਂ ਹਨ। ਉਹ ਚਾਹੇ ਕਰਫ਼ਿਊ ਹੋਵੇ ਵਿਆਹ ਸ਼ਾਦੀ ਤੇ ਲਗਾਈਆਂ ਰੋਕਾਂ ਹੋਣ ਯਾ ਫਿਰ ਅੰਤਿਮ ਸੰਸਕਾਰ ਹੋਵੇ ਜਾਂ ਫਿਰ ਅੰਤਿਮ ਅਰਦਾਸਾਂ ਹਰ ਇੱਕ ਖ਼ੁਸ਼ੀ ਗ਼ਮੀ ਦੀ ਘੜੀ ਨੂੰ ਪਾਬੰਦੀਆਂ ਵਿੱਚ ਬੰਨ੍ਹ ਕੇ ਰੱਖ ਦਿੱਤਾ ਗਿਆ।
ਉਹ ਸਿਰਫ ਇਸ ਲਈ ਕਿ ਲੋਕ ਇਕ ਦੂਜੇ ਦੇ ਸੰਪਰਕ ਚ ਨਾ ਆਉਣ, ਅਤੇ ਕੋਰੋਨਾ ਜਿਹੀ ਭੈੜੀ ਮਹਾਂਮਾਰੀ ਦੇ ਸ਼ਿਕਾਰ ਹੋਣ ਤੋਂ ਬੱਚ ਸਕਣ। ਪਰ ਇਹ ਸਾਰੇ ਨਿਯਮ ਕਾਇਦੇ ਕਾਨੂੰਨ ਆਮ ਜਨਤਾ ਲਈ ਹੀ ਬਣਾਏ ਗਏ ਹਨ। ਇਨ੍ਹਾਂ ਵਿੱਚ ਰਾਜਨੀਤਿਕ ਪਾਰਟੀਆਂ ਐਮ ਪੀ ਐਮ ਐਲ ਏ ਮੰਤਰੀ ਇੱਥੋਂ ਤੱਕ ਕਿ ਹੁਣ ਪ੍ਰਧਾਨ ਮੰਤਰੀ ਵੀ ਹੋਣ ਉਨ੍ਹਾਂ ਲਈ ਕੋਈ ਵੀ ਨਿਯਮ ਕਾਨੂੰਨ ਮਾਇਨੇ ਨਹੀਂ ਰੱਖਦਾ। ਪੱਛਮ ਬੰਗਾਲ ਦਿਆਂ ਚੋਣਾਂ ਹੋਣ ਉਸ ਵਿੱਚ ਲੱਖਾਂ ਦੀ ਤਾਦਾਦ ਵਿੱਚ ਲੋਕਾਂ ਨੂੰ ਇਕੱਠਾ ਕੀਤਾ ਗਿਆ ਹੋਵੇ ਉੱਥੇ ਕਦੀ ਵੀ ਕੋਰੋਨਾ ਨਹੀਂ ਫੈਲਦਾ, ਯੂ ਪੀ ਦੀਆਂ ਪੰਚਾਇਤ ਚੋਣਾਂ ਹੋਣ ਉੱਥੇ ਵੀ ਕੋਰੋਨਾ ਨਹੀਂ ਫੈਲਦਾ। ਰਾਜਸੀ ਪਾਰਟੀਆਂ ਦੇ ਧਰਨੇ ਰੈਲੀਆਂ ਹੋਣ ਜਾਂ ਫਿਰ ਪਾਰਟੀਆਂ ਹੋਣ ਉੱਥੇ ਕਦੀ ਵੀ ਕੋਰੋਨਾ ਨਹੀਂ ਫੈਲਦਾ। ਜੇਕਰ ਕੋਰੋਨਾ ਫੈਲਦਾ ਹੈ ਤਾਂ ਇੱਕ ਆਮ ਬੰਦੇ ਦੇ ਸ਼ਾਦੀ ਵਿਆਹ ਦੇ ਪ੍ਰੋਗਰਾਮ ਵਿੱਚ ਜਾਂ ਫਿਰ ਸਸਕਾਰ ਵੇਲੇ ਤੇ ਜਾਂ ਫਿਰ ਭੋਗ ਵੇਲੇ ਦੇਸ਼ ਦੀ ਜਨਤਾ ਇਸ ਫੋਟੋ ਨੂੰ ਵੇਖ ਕੇ ਬੜੀ ਆਹਤ ਹੈ। ਕਰੀਬ ਡੇਢ ਸਾਲ ਹੋ ਚੱਲਿਆ ਹੈ ਕੋਰੋਨਾ ਕਾਲ ਦੌਰਾਨ ਪਾਬੰਦੀਆਂ, ਨਿਯਮ ,ਚਾਲਾਨ, ਹੋਣ ਜਾ ਫਿਰ ਪਰਚੇ ਦਰਜ ਇਹ ਸਭ ਕੁਝ ਝੱਲਦੇ ਹੋਏ ਆਮ ਆਦਮੀ ਜ਼ਿੰਦਗੀ ਜੀਨ ਨੂੰ ਮਜਬੂਰ ਹੈ।
ਵਿਆਹ ਸ਼ਾਦੀ ਦੇ ਸਮਾਗਮਾਂ ਚ ਪਾਬੰਦੀਆਂ ਸੰਸਕਾਰ ਵਿੱਚ ਸ਼ਾਮਿਲ ਹੋਣ ਨੂੰ ਲੈ ਕੇ ਪਾਬੰਦੀਆਂ, ਰਸਮ ਕਿਰਿਆ ਦੀਆਂ ਪਾਬੰਦੀਆਂ, ਹੋਟਲ ਰੈਸਟੋਰੈਂਟ ਆਦਿ ਵਿੱਚ ਲੱਗੀਆਂ ਪਾਬੰਦੀਆਂ ਸਿਨੇਮਾ ਦੇ ਬੱਸਾਂ, ਟਰੇਨਾਂ , ਕਾਰ ਵਿੱਚ ਬੈਠਣ ਲਈ ਲੱਗੀਆਂ ਪਾਬੰਦੀਆਂ ਕੀ ਸਿਰਫ਼ ਆਮ ਲੋਕਾਂ ਲਈ ਹੀ ਹਨ ਕੋਰੋਨਾ ਕੱਲ੍ਹ ਦੀਆਂ ਪਾਬੰਦੀਆਂ ਵਿਚ ਬੜੀਆਂ ਐਸੀਆਂ ਤਸਵੀਰਾਂ ਵੀਡੀਓ ਸਾਡੇ ਸਾਹਮਣੇ ਆਈਆਂ ਜਿਸ ਵਿੱਚ ਆਮ ਲੋਕਾਂ ਨੂੰ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕੋਈ ਗ਼ਰੀਬ ਦੁਕਾਨ ਖੋਲ੍ਹ ਕੇ ਬੈਠਾ ਹੈ ਤਾਂ ਉਸ ਦੀ ਕੁੱਟਮਾਰ ਉਸ ਤੇ ਚਾਲਾਨ ਅਗਰ ਕੋਈ ਆਪਣੀ ਬੁੱਢੀ ਦਾਦੀ ਮਾਂ ਲਈ ਦਵਾਈ ਲੈਣ ਚਲਾ ਹੈ ਤੇ ਅਫ਼ਸਰ ਵੱਲੋਂ ਉਸ ਦੀ ਚਾਲਾਂ ਕੁਟਾਈ, ਸੈਂਕੜੇ ਕਿਲੋਮੀਟਰ ਪੈਦਲ ਘਰਾਂ ਨੂੰ ਜਾਣ ਲਈ ਮਜਬੂਰ ਲੋਕ, ਐਸੀਆਂ ਕਈ ਹੋਰ ਦਿੱਕਤਾਂ ਦੇਸ਼ ਦੇ ਲੋਕਾਂ ਨੇ ਝੱਲੀਆਂ ਅਤੇ ਕਈ ਵਿਚਾਰੇ ਆਪਣੀ ਜਾਨ ਵੀ ਗਵਾ ਬੈਠੇ, ਇਸ ਕੋਰੋਨਾ ਕਾਲ ਦੌਰਾਨ ਲੋਕਾਂ ਨੇ ਬੜੇ ਔਖ ਵੀ ਕੱਟੀ ਪਰ ਨਿਯਮਾਂ ਹਿਦਾਇਤਾਂ ਦੀ ਪਾਲਣਾ ਕਰਦੇ ਰਹੇ। ਰਾਜ ਨੇਤਾਵਾਂ ਦੀਆਂ ਕੁਝ ਐਸੀਆਂ ਹਰਕਤਾਂ ਉਨ੍ਹਾਂ ਨੂੰ ਕਿਤੇ ਨਾ ਕਿਤੇ ਆਹਤ ਕਰ ਰਹੀਆਂ ਹਨ ਕੀ ਉਨ੍ਹਾਂ ਦਾ ਕਸੂਰ ਸਿਰਫ਼ ਇਹ ਹੈ ਕਿ ਉਨ੍ਹਾਂ ਨੇ ਸੇਵਕ ਨਹੀਂ ਰਾਜੇ ਚੁਣੇ ਹਨ , ਪ੍ਰਧਾਨ ਮੰਤਰੀ ,ਮੁੱਖ ਮੰਤਰੀ, ਮੰਤਰੀ, ਵਿਧਾਇਕ, ਸਾਂਸਦ ਜੋ ਚਾਹੇ ਕਰਨ ,ਉਹ ਰੈਲੀਆਂ ਕਰਨ ਇਕੱਠ ਕਰਨ ਧਰਨੇ ਪ੍ਰਦਰਸ਼ਨ ਕਰਨ ਪਾਰਟੀਆਂ ਕਰਨ ਉਨ੍ਹਾਂ ਨੂੰ ਸਭ ਮੁਆਫ਼ ਹੈ ਕਿਉਂਕਿ ਉਹ ਸਾਡੇ ਚੁਣੇ ਹੋਏ ਨੁਮਾਇੰਦੇ ਹਨ, ਅਤੇ ਆਮ ਆਦਮੀ ਦਾ ਕਸੂਰ ਸਿਰਫ ਇਹ ਹੈ ਕਿ ਉਨ੍ਹਾਂ ਨੇ ਇਹਨਾਂ ਹਾਕਮਾਂ ਨੂੰ ਇਸ ਲਈ ਚੁਣਿਆ ਕਿ ਸ਼ਾਇਦ ਉਹ ਕੋਈ ਭਲਾ ਉਨ੍ਹਾਂ ਦਾ ਵੀ ਕਰ ਦੇਣ, ਪਰ ਐਸਾ ਹੁੰਦਾ ਨਹੀਂ ਦਿੱਖਦਾ ਕਿਉਂ ਕਿ ਹਾਕਮ ਜਦੋਂ ਸੱਤਾ ਦੇ ਸਰੂਰ ਵਿੱਚ ਹੁੰਦੇ ਨੇ ਤਾਂ ਸਾਰੀ ਕਾਇਨਾਤ ਨੂੰ ਆਪਣਾ ਗ਼ੁਲਾਮ ਹੀ ਸਮਝਦੇ ਹਨ।
ਜੇਕਰ ਇਸ ਫੋਟੋ ਵਿੱਚ ਦੋ ਗਜ਼ ਦੀ ਦੂਰੀ ਦਾ ਧਿਆਨ ਰੱਖਿਆ ਗਿਆ ਹੁੰਦਾ ਅਤੇ ਚਿਹਰੇ ਤੇ ਮਾਸਕ ਲਗਾ ਕੇ ਰੱਖਿਆ ਗਿਆ ਹੁੰਦਾ ਤਾਂ ਸਾਰੇ ਸਮਾਜ ਨੂੰ ਇੱਕ ਵਧੀਆ ਸੰਦੇਸ਼ ਜਾਣਾ ਸੀ ਕਿ ਅੱਜ ਵੀ ਸਾਡੇ ਹੁਕਮਰਾਨ ਇਸ ਮਹਾਂਮਾਰੀ ਨੂੰ ਲੈ ਕੇ ਕਿੰਨੇ ਗੰਭੀਰ ਹਨ।