ਰਜਨੀਸ਼ ਸਰੀਨ
ਨਵਾਂ ਸ਼ਹਿਰ, 23 ਅਪ੍ਰੈਲ 2020 - ਮਿਡ ਡੇ ਮੀਲ ਵਰਕਰਜ਼ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪ੍ਰਧਾਨ ਰਿੰਪੀ ਰਾਣੀ, ਸੂਬਾ ਕਮੇਟੀ ਮੈਂਬਰ ਸੁਨੀਤਾ ਰਾਣੀ, ਸੁਖਵਿੰਦਰ ਕੌਰ, ਮਨਜੀਤ ਕੌਰ, ਲੱਛਮੀ ਦੇਵੀ, ਪਰਮਜੀਤ ਕੌਰ, ਸੀਮਾ ਰਾਏ ਕੁਲਵਿੰਦਰ ਕੌਰ, ਕਿਰਨਾ ਦੇਵੀ, ਕਮਲਜੀਤ ਕੌਰ, ਅੰਜੂ ਰਾਣੀ ਆਦਿ ਆਗੂਆਂ ਨੇ ਇੱਕ ਸਾਂਝੇ ਬਿਆਨ ਵਿੱਚ ਸਰਕਾਰ ਵੱਲੋਂ ਉਨ੍ਹਾਂ ਨੂੰ ਮਾਰਚ ਮਹੀਨੇ ਦੀ ਤਨਖਾਹ ਨਾ ਦੇਣ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਜੋ ਕਿ ਸਿਰਫ 1700 ਰੁਪਏ ਸਾਲ ਵਿੱਚ 10 ਮਹੀਨੇ ਹੀ ਦਿੱਤੇ ਜਾਂਦੇ ਹਨ ਜਦੋਂ ਕਿ ਗੁਆਂਢੀ ਰਾਜ ਹਰਿਆਣਾ ਵਿੱਚ 3500 ਰੁਪਏ ਸਾਲ ਦੇ ਬਾਰਾਂ ਮਹੀਨੇ ਦਿੱਤੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਦੀ ਵਿਸ਼ਵ ਵਿਆਪੀ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਦੇ ਚੱਲਦਿਆਂ ਲਾਕ ਡਾਉਨ ਅਤੇ ਕਰਫ਼ਿਊ ਲਗਾਇਆ ਹੋਣ ਕਾਰਨ ਮਜ਼ਦੂਰਾਂ ਨੂੰ ਤਿੰਨ ਹਜ਼ਾਰ ਰੁਪਿਆ ਦਿੱਤਾ ਜਾ ਰਿਹਾ ਹੈ। ਪਰ ਉਨ੍ਹਾਂ ਨੂੰ ਬਣਦੀ ਸਤਾਰਾਂ ਸੌ ਰੁਪਏ ਦੀ ਨਿਗੁਣੀ ਉਜਰਤ ਵੀ ਨਹੀਂ ਦਿੱਤੀ ਜਾ ਰਹੀ। ਜਿੱਥੇ ਮਿਡ ਡੇ ਮੀਲ ਵਰਕਰ ਸਕੂਲਾਂ ਵਿੱਚ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਬਣਾ ਕੇ ਖੁਆਉਣ ਦੇ ਸਥਾਈ ਤੌਰ ਤੇ ਚਲਣ ਵਾਲੇ ਕਾਰਜ ਨੂੰ ਪੂਰਾ ਕਰਨ ਲਈ ਸੇਵਾਵਾਂ ਨਿਭਾ ਰਹੇ ਹਨ, ਉਥੇ ਅੱਜ ਉਹ ਸਰਕਾਰ ਦੀ ਬੇਰੁਖੀ ਦਾ ਸ਼ਿਕਾਰ ਹੋਣ ਕਾਰਨ ਆਪ ਢਿੱਡੋਂ ਭੁੱਖੇ ਹਨ। ਆਗੂਆਂ ਨੇ ਪੰਜਾਬ ਸਰਕਾਰ ਤੋਂ ਘੱਟੋ ਘੱਟ ਉਜਰਤ 10000 ਰੁਪਏ ਲਾਗੂ ਕਰਕੇ ਰੈਗੂਲਰ ਕਰਨ ਅਤੇ ਸੰਕਟ ਸਮੇਂ ਵਿਸ਼ੇਸ਼ ਰਾਹਤ ਸਮੇਤ ਮਾਰਚ ਮਹੀਨੇ ਦੀ ਉਜਰਤ ਦੇਣ ਦੀ ਜ਼ੋਰਦਾਰ ਮੰਗ ਕੀਤੀ ਹੈ।