ਅਸ਼ੋਕ ਵਰਮਾ
ਬਠਿੰਡਾ,29 ਜੂਨ 2020: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਨੰੂ ਕਾਮਯਾਬ ਕਰਨ ਲਈ ਰੈੱਡ ਕਰਾਸ ਸੁਸਾਇਟੀ ਬਠਿੰਡਾ ਵੱਲੋਂ ਚਲਾਈ ਗਈ ਜਾਗਰੂਕਤਾ ਮੁਹਿੰਮ ਤਹਿਤ ਸਾਵਣ ਕਿਰਪਾਲ ਰੁਹਾਨੀ ਮਿਸ਼ਨ ਬ੍ਰਾਂਚ ਬਠਿੰਡਾ ਦੇ ਸ਼ਰਧਾਲੂ ਪਰਿਵਾਰਾਂ ਨੰੂ ਕੋਵਿਡ-19 ਤੋਂ ਬਚਾਅ ਸੰਬੰਧੀ ਜਾਣਕਾਰੀ ਦਿੱਤੀ ਗਈ। ਮਿਸ਼ਨ ਦੇ ਸਥਾਨਕ ਖੇਡ ਸਟੇਡੀਅਮ ਦੇ ਸਾਹਮਣੇ ਸਤਿਸੰਗ ਭਵਨ ਵਿਖੇ ਰੈੱਡ ਕਰਾਸ ਸੁਸਾਇਟੀ ਤੋਂ ਪਹੰੁਚੇ ਫਸਟ ਏਡ ਟ੍ਰੇਨਰ ਨਰੇਸ਼ ਪਠਾਣੀਆ ਅਤੇ ਯੂਨਾਈਟਿਡ ਸੰਸਥਾ ਦੇ ਬਾਨੀ ਵਿਜੇ ਭੱਟ ਨੇ ਪਰਿਵਾਰਾਂ ਨੰੂ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਬਾਰੇ ਜਾਣਕਾਰੀ ਦਿੱਤੀ। ਉਹਨਾਂ ਇਲਾਕਾ ਨਿਵਾਸੀਆਂ ਨੰੂ ਹੱਥ ਧੋਣ ਦੇ ਤਰੀਕੇ ਸਿਖਾਏ ਅਤੇ ਮਾਸਕ ਦੀ ਸਹੀ ਢੰਗ ਨਾਲ ਵਰਤੋਂ ਕਰਨ ਸਬੰਧੀ ਨੁਕਤੇ ਦੱਸੇ। ਉਹਨਾਂ ਕਿਹਾ ਕਿ ਕੋਵਿਡ-19 ਤੋਂ ਬਚਣ ਲਈ ਘਰੋਂ ਬਾਹਰ ਨਿਕਲ ਵੇਲੇ ਮੰੂਹ ਤੇ ਮਾਸਕ ਲਗਾਓ, ਹੱਥਾਂ ਨੰੂ ਚੰਗੀ ਤਰਾਂ ਸਾਬਣ ਪਾਣੀ ਨਾਲ ਬਾਰ-ਬਾਰ ਧੋਵੋ, ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖੋ ਅਤੇ ਭੀੜ ਭਾੜ ਵਾਲੀਆਂ ਥਾਵਾਂ ਵਿੱਚ ਜਾਣ ਤੋਂ ਪਰਹੇਜ਼ ਕਰੋ।
ਉਹਨਾਂ ਕਿਹਾ ਕਿ ਇਹ ਵਾਇਰਸ ਇੱਕ ਪ੍ਰਭਾਵਿਤ ਵਿਅਕਤੀ ਤੋਂ ਦੂਜੇ ਇਨਸਾਨ ਵਿੱਚ ਸਾਹ ਰਾਹੀਂ ਫੈਲਦਾ ਹੈ। ਇਸ ਦੇ ਆਮ ਲੱਛਣਾਂ ਵਿੱਚ ਬੁਖ਼ਾਰ, ਸੁੱਕੀ ਖਾਂਸੀ, ਅਤੇ ਸਾਹ ਲੈਣ ਚ ਤਕਲੀਫ ਹੰੁਦੀ ਹੈ ਪਰੰਤੂ ਇਸ ਦੀ ਪੁਸ਼ਟੀ ਲਈ ਡਾਕਟਰੀ ਸਲਾਹ ਲੈਣੀ ਹੰੁਦੀ ਹੈ। ਜਿਸ ਵਿਅਕਤੀ ਨੰੂ ਜੁਕਾਮ, ਖਾਂਸੀ ਜਾਂ ਬੁਖ਼ਾਰ ਹੈ ਤਾਂ ਉਸ ਤੋਂ ਘੱਟੋ ਘੱਟ ਇੱਕ ਦੋ ਗੱਜ ਦੀ ਦੂਰੀ ਬਣਾ ਕੇ ਰੱਖੋ, ਹੱਥ ਨਾ ਮਿਲਾਓ, ਗਲੇ ਨਾ ਮਿਲੋ। ਸਾਵਲ ਕਿਰਪਾਲ ਰੁਹਾਨੀ ਮਿਸ਼ਨ ਦੇ ਸਕੱਤਰ ਰਾਜਿੰਦਰ ਦਾਨੇਵਾਲੀਆ ਅਤੇ ਪ੍ਰਬੰਧਕੀ ਕਮੇਟੀ ਮੈਂਬਰਾਂ ਨੇ ਕੋਰੋਨਾ ਤੋਂ ਬਚਾਅ ਸੰਬੰਧੀ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਮੈਂਬਰਾਂ ਨੰੂ ਮਿਸ਼ਨ ਫਤਿਹ ਦੇ ਬੈਜ ਲਗਾਏ ਗਏ ਅਤੇ ਮਾਸਕ ਵੀ ਵੰਡੇ ਗਏ। ਉਨਾਂ ਰੈਡ ਕਰਾਸ ਟੀਮ ਦਾ ਇਸ ਮਹੱਤਵਪੂਰਨ ਜਾਣਕਾਰੀ ਦੇਣ ਲਈ ਟੀਮ ਮੈਂਬਰਾਂ ਦਾ ਧੰਨਵਾਦ ਕਰਦਿਆਂ ਆਸ ਪ੍ਰਗਟ ਕੀਤੀ ਕਿ ਇਹ ਨੁਕਤੇ ਹਰ ਕਿਸੇ ਨੂੰ ਸਹਾਈ ਹੋਣਗੇ।