ਜ਼ਿਲ੍ਹੇ ਦੇ 1221ਲੋਕਾਂ ਨੂੰ ਮਾਸਕ ਨਾ ਪਹਿਨਣ ਕਾਰਨ ਜੁਰਮਾਨਾ
ਜ਼ਿਲ੍ਹੇ 'ਚ 25 ਵਿਅਕਤੀਆਂ ਨੂੰ ਜਨਤਕ ਸਥਾਨਾਂ 'ਤੇ ਥੁੱਕਣਾ ਪਿਆ ਮਹਿੰਗਾ, ਚਲਾਨ ਕੱਟੇ
ਵਾਹਨਾਂ 'ਚ ਸਵਾਰੀਆਂ ਦੀ ਨਿਯਮਿਤ ਗਿਣਤੀ ਦੀ ਉਲੰਘਣਾ 'ਤੇ ਵੀ ਹੋਵੇਗੀ ਸਖਤੀ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 08 ਜੂਨ 2020: ਫ਼ਰੀਦਕੋਟ ਦੇ ਸੀਨੀਅਰ ਪੁਲਿਸ ਕਪਤਾਨ ਸ. ਸਵਰਨਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਮਿਸ਼ਨ ਫ਼ਤਿਹ ਤਹਿਤ ਕਰੋਨਾ ਮਹਾਂਮਾਰੀ ਦੇ ਪ੍ਰਭਾਵ ਨੂੰ ਰੋਕਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਮੁਹਿੰਮ ਲਗਾਤਾਰ ਜਾਰੀ ਹੈ ਅਤੇ ਹੁਣ ਤੱਕ ਪੁਲਿਸ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ, ਜੂਡੀਸ਼ਰੀ, ਸਮਾਜਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਸਾਈਕਲ ਰੈਲੀਆਂ ਦਾ ਆਯੋਜਨ ਕੀਤਾ ਜਾ ਚੁੱਕਾ ਹੈ ਅਤੇ ਮਿਸ਼ਨ ਫ਼ਤਿਹ ਤਹਿਤ ਜਾਗਰੂਕਤਾ ਮੁਹਿੰਮ ਲਗਾਤਾਰ ਜਾਰੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੁਹਿੰਮ ਤਹਿਤ ਲਾਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤੀ ਕਰਕੇ ਜੁਰਮਾਨੇ ਵੀ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਕੋਰੋਨਾ ਦੇ ਖਤਰੇ ਤੋਂ ਸੁਚੇਤ ਕਰਨ ਦੀ ਕੋਸ਼ਿਸ਼ਾਂ ਦੀਆਂ ਜਾਣ ਬੁੱਝ ਕੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਹੁਣ ਜ਼ਿਲ੍ਹਾ ਪੁਲਿਸ ਵੱਲੋਂ ਸਖਤੀ ਕੀਤੀ ਜਾ ਰਹੀ ਹੈ। ਐਸ ਐਸ ਪੀ ਸ. ਸਵਰਨਜੀਤ ਸਿੰਘ ਅਨੁਸਾਰ ਕੋਰੋਨਾ ਤੋਂ ਬਚਾਅ ਲਈ ਸਭ ਤੋਂ ਜ਼ਰੂਰੀ ਨਿਯਮਾਂ 'ਚ ਮੂੰਹ ਤੇ ਮਾਸਕ ਪਹਿਨਣਾ ਅਤੇ ਜਨਤਕ ਥਾਂਵਾਂ 'ਤੇ ਬਿਲਕੁਲ ਵੀ ਨਾ ਥੁੱਕਣਾ ਹੈ, ਪਰੰਤੂ ਬਹੁਤ ਸਾਰੇ ਲੋਕ ਇਨ੍ਹਾਂ ਜ਼ਰੂਰੀ ਹਦਾਇਤਾਂ ਨੂੰ ਭੁੱਲ ਕੇ ਫ਼ਿਰ ਗਲਤੀਆਂ ਕਰਦੇ ਹਨ ਅਤੇ ਆਪਣੀਆਂ ਇਨ੍ਹਾਂ ਗਲਤੀਆਂ ਕਾਰਨ ਆਪਣੇ ਆਪ ਅਤੇ ਹੋਰ ਲੋਕਾਂ ਨੂੰ ਖਤਰੇ 'ਚ ਪਾਉਂਦੇ ਹਨ। ਉਨ੍ਹਾਂ ਦੱਸਿਆ ਕਿ ਅਜਿਹੇ ਵਿਅਕਤੀਆਂ ਨੂੰ ਸਮਝਾਉਣ 'ਚ ਅਸਫ਼ਲ ਰਹਿਣ ਬਾਅਦ ਪੁਲਿਸ ਵੱਲੋਂ ਹੁਣ ਇਨ੍ਹਾਂ ਦੇ ਚਲਾਣ ਕਰਨੇ ਸ਼ੁਰੂ ਕਰਨ ਦਿੱਤੇ ਗਏ ਹਨ ਤਾਂ ਜੋ ਉਹ ਆਪਣੀ ਗਲਤੀ ਕਾਰਨ ਲੱਗੇ ਜੁਰਮਾਨੇ ਨੂੰ ਯਾਦ ਰੱਖਦੇ ਹੋਏ ਅੱਗੇ ਤੋਂ ਦੁਬਾਰਾ ਗਲਤੀ ਨਾ ਕਰਨ।
ਐਸ.ਐਸ.ਪੀ ਸ. ਸਵਰਨਦੀਪ ਸਿੰਘ ਨੇ ਹੋਰ ਦੱਸਿਆ ਕਿ ਸਭ ਤੋਂ ਵਧੇਰੇ ਅਣਗਹਿਲੀ ਲੋਕ ਮਾਸਕ ਨਾ ਪਹਿਨਣ 'ਚ ਕਰਦੇ ਹਨ। ਜ਼ਿਲ੍ਹੇ 'ਚ ਲਾਕਡਾਊਨ ਦੌਰਾਨ ਅਜਿਹੇ ਲੋਕਾਂ ਦੇ 1221 ਚਲਾਣ ਕੀਤੇ ਗਏ ਹਨ, ਜਿਨ੍ਹਾਂ ਤੋਂ 4,83,000 ਰੁਪਏ ਦਾ ਜੁਰਮਾਨਾ ਵਸੂਲ ਕੀਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮਾਸਕ ਜਰੂਰ ਪਹਿਣਨ ਅਤੇ ਸਰਕਾਰ ਦੁਆਰਾ ਜਾਰੀ ਕੀਤੇ ਨਿਯਮਾਂ ਦੀ ਪਾਲਣਾ ਕਰਨ ਤਾਂਕਿ ਉਹ ਖੁਦ ਵੀ ਇਸ ਬਿਮਾਰੀ ਤੋਂ ਬਚਣ ਅਤੇ ਲੋਕਾਂ ਨੂੰ ਵੀ ਬਚਾਉਣ। ਇਸੇ ਤਰ੍ਹਾਂ ਜਨਤਕ ਥਾਂਵਾਂ 'ਤੇ ਥੁੱਕ ਸੁੱਟਣ ਦੀ ਮਨਾਹੀ ਦੇ ਬਾਵਜੂਦ ਥੁੱਕਣ ਵਾਲੇ ਅਜਿਹੇ 25 ਵਿਅਕਤੀਆਂ ਨੂੰ ਜੁਰਮਾਨੇ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਦੱਸਿਆ ਕਿ ਮਾਸਕ ਨਾ ਪਹਿਨਣ ਜਾਂ ਥੁੱਕ ਸੁੱਟਣ ਦਾ ਜੁਰਮਾਨਾ ਇੱਕੋ ਜਿਹਾ ਭਾਵ 500 ਰੁਪਏ ਹੈ। ਉਨ੍ਹਾਂ ਦੱਸਿਆ ਕਿ ਥੁੱਕ ਸੁੱਟ ਕੇ ਅਸੀਂ ਕੋਰੋਨਾ ਦੇ ਫੈਲਣ ਦੇ ਖਤਰੇ ਨੂੰ ਵਧਾਉਂਦੇ ਹਾਂ, ਇਸ ਲਈ ਸਾਨੂੰ ਸਮਝਦਾਰ ਅਤੇ ਜਿੰਮੇਵਾਰ ਨਾਗਰਿਕ ਬਣਨਾ ਚਾਹੀਦਾ ਹੈ।
ਉਨ੍ਹਾਂ ਆਖਿਆ ਕਿ ਉਕਤ ਦੋ ਉਲੰਘਣਾਵਾਂ ਤੋਂ ਇਲਾਵਾ ਜਿਹੜੀ ਤੀਸਰੀ ਗਲਤੀ ਅਕਸਰ ਲੋਕ ਕਰਦੇ ਹਨ, ਉਹ ਵਾਹਨਾਂ 'ਚ ਮਿੱਥੀ ਗਿਣਤੀ ਤੋਂ ਵਧੇਰੇ ਸਵਾਰੀਆਂ ਨੂੰ ਬਿਠਾਉਣਾ ਹੈ, ਜਿਸ ਕਾਰਨ ਸਰਕਾਰ ਵੱਲੋਂ ਨਿਰਧਾਰਿਤ ਪ੍ਰੋਟੋਕਾਲ ਦੀ ਉਲੰਘਣਾ ਹੁੰਦੀ ਹੈ ਪਰ ਜ਼ਿਲ੍ਹੇ 'ਚ ਅਜਿਹੇ ਕੋਈ ਉਲੰਘਣਾ ਸਾਹਮਣੇ ਆਵੇਗੀ ਤਾਂ ਉਨ੍ਹਾਂ ਦਾ ਵੀ ਚਲਾਨ ਕੀਤਾ ਜਾਵੇਗਾ।
ਐਸ ਐਸ ਪੀ ੋਸਵਰਨਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਰੰਭੇ ਮਿਸ਼ਨ ਫ਼ਤਿਹ ਨੂੰ ਕਾਮਯਾਬ ਕਰਨ 'ਚ ਸਮਾਜ ਦਾ ਵੱਡਾ ਹੱਥ ਹੈ। ਜੇਕਰ ਅਸੀਂ ਲਾਕਡਾਊਨ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਾਂਗੇ ਤਾਂ ਇਸ ਨਾਲ ਜਿੱਥੇ ਕੋਰੋਨਾ ਦੇ ਖਤਰੇ ਨੂੰ ਦੂਰ ਕਰਾਂਗੇ ਉੱਥੇ ਆਪਣੇ ਜ਼ਿਲ੍ਹੇ ਅਤੇ ਰਾਜ ਵਿੱਚੋਂ ਕੋਵਿਡ ਨੂੰ ਖ਼ਤਮ ਕਰਨ 'ਚ ਵੀ ਸਰਕਾਰ ਦੀ ਸਹਾਇਤਾ ਕਰਾਂਗੇ। ਉਨ੍ਹਾਂ ਮੁੜ ਦੁਹਰਾਇਆ ਕਿ ਜਾਣਬੁੱਝ ਕੇ ਮਾਸਕ ਨਾ ਪਹਿਣਨ, ਜਨਤਕ ਥਾਵਾਂ ਤੇ ਥੁੱਕਣ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਭਵਿੱਖ ਵਿਚ ਵੀ ਚਲਾਨ ਕੀਤੇ ਜਾਣਗੇ।