ਜ਼ਰੂਰੀ ਸਾਵਧਾਨੀਆਂ ਰੱਖ ਕੇ ਕੋਵਿਡ 19 ਬਿਮਾਰੀ ਨੂੰ ਰੱਖ ਸਕਦੇ ਹਾਂ ਆਪਣੇ ਤੋਂ ਦੂਰ
ਮਗਨਰੇਗਾ ਮਜ਼ਦੂਰਾਂ ਤੇ ਪਿੰਡ ਦੇ ਲੋਕਾਂ ਨੂੰ ਦੱਸਿਆ ਕਿ ਕੋਵਿਡ ਦੇ ਖਤਰੇ ਪ੍ਰਤੀ ਖਬਰਦਾਰ
ਲੋਕਾਂ ਨੂੰ ਕੋਵਾ ਐਪ ਡਾਉਨਲੋਡ ਕਰਨ ਦੀ ਕੀਤੀ ਅਪੀਲ
ਨਵਾਂ ਸ਼ਹਿਰ, 18 ਜੂਨ 2020: ਪੰਜਾਬ ਸਰਕਾਰ ਵੱਲੋਂ ਕੋਵਿਡ 19 ਬਿਮਾਰੀ ਪ੍ਰਤੀ ਜਨ ਜਾਗਰੂਕਤਾ ਲਈ ਆਰੰਭੇ ਮਿਸ਼ਨ ਫ਼ਤਿਹ ਤਹਿਤ ਬੁੱਧਵਾਰ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਤੇ ਜੀ ਓ ਜੀਜ਼ ਵੱਲੋਂ ਜ਼ਿਲ੍ਹੇ ਵਿਚ ਸਰਪੰਚਾਂ, ਪੰਚਾਂ ਦੇ ਸਹਿਯੋਗ ਨਾਲ ਜਮੀਨੀ ਗਤੀਵਿਧੀਆਂ ਕੀਤੀਆਂ ਗਈਆਂ ਅਤੇ ਘਰ-ਘਰ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਓ ਸਬੰਧੀ ਜਾਗਰੂਕ ਕੀਤਾ।
ਇਸ ਸਬੰਧੀ ਡੀ ਡੀ ਪੀ ਓ ਦਵਿੰਦਰ ਸ਼ਰਮਾ ਅਤੇ ਜੀ ਓ ਜੀਜ਼ ਦੇ ਜ਼ਿਲ੍ਹਾ ਮੁਖੀ ਕਰਨਲ ਚੂਹੜ ਸਿੰਘ ਨੇ ਦੱਸਿਆ ਕਿ ਅੱਜ ਸਰਪੰਚਾਂ, ਪੰਚਾਂ ਅਤੇ ਜੀ ਓ ਜੀਜ਼ ਨੇ ਆਪੋ-ਆਪਣੇ ਪਿੰਡਾਂ ’ਚ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਕੋਵਿਡ-19 ਬਿਮਾਰੀ ਨੂੰ ਆਪਣੇ ਤੋਂ ਦੂਰ ਰੱਖਣਾ ਅਸਾਨ ਹੈ ਜੇਕਰ ਅਸੀਂ ਕੁਝ ਸਾਵਧਾਨੀਆਂ ਰੱਖੀਏ। ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਬਾਹਰ ਜਾਣ ਸਮੇਂ ਮਾਸਕ ਲਾਈਏ, ਸਮਾਜਿਕ ਦੂਰੀ ਰੱਖੀਏ ਅਤੇ ਵਾਰ ਵਾਰ ਹੱਥ ਧੌਂਦੇ ਰਹੀਏ ਤਾਂ ਇਸ ਬਿਮਾਰੀ ਤੇ ਸਾਡੀ ਫ਼ਤਿਹ ਨਿਸ਼ਚਿਤ ਹੈ।
ਐਸ ਡੀ ਐਮ ਬਲਾਚੌਰ ਜਸਬੀਰ ਸਿੰਘ ਵੱਲੋਂ ਖੁਦ ਪਿੰਡ ਰੱਕੜਾਂ ਢਾਹਾਂ ’ਚ ਜਾ ਕੇ ਲੋਕਾਂ ਨੂੰ ਪੰਚਾਇਤ ਅਤੇ ਆਂਗਨਵਾੜੀ ਵਰਕਰਾਂ ਦੀ ਮੌਜੂਦਗੀ ’ਚ ਕੋੋਰਨਾ ਦੇ ਖਤਰੇ ਤੋਂ ਸੁਚੇਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਜੋ ਹਾਲਾਤ ਵਿਸ਼ਵ ਅਤੇ ਦੇਸ਼ ਪੱਧਰ ’ਤੇ ਬਣ ਰਹੇ ਹਨ, ਉਨ੍ਹਾਂ ਨੂੰ ਆਪਣੇ ਰਾਜ/ਜ਼ਿਲ੍ਹੇ ’ਚ ਬਣਨ ਤੋਂ ਰੋਕਣ ਲਈ ਸਾਡਾ ਜਾਗਰੂਕ ਹੋਣਾ ਜ਼ਰੂਰੀ ਹੈ ਅਤੇ ਤਿੰਨ ਚੀਜ਼ਾਂ ਮਾਸਕ, ਸਮਾਜਿਕ ਦੂਰੀ ਤੇ ਹੱਥ ਧੋਣ ਨੂੰ ਨਿਯਮਿਤ ਤੌਰ ’ਤੇ ਕੀਤਾ ਜਾਵੇ।
ਡੀ ਡੀ ਪੀ ਓ ਅਨੁਸਾਰ ਅੱਜ 466 ਪੰਚਾਇਤਾਂ ਵਿਚ ਸਰਪੰਚਾਂ, ਪੰਚਾਂ ਜੀ ਓ ਜੀਜ਼ ਨੇ ਲੋਕਾਂ ਨੂੰ ਘਰ ਘਰ ਜਾ ਕੇ ਜ਼ਰੂਰੀ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵਿਸੇਸ਼ ਤੌਰ ’ਤੇ ਮਗਨਰੇਗਾ ਮਜਦੂਰਾਂ ਨੂੰ ਵੀ ਜਾਣਕਾਰੀ ਦਿੱਤੀ ਕਿ ਉਹ ਕੰਮ ਦੇ ਸਥਾਨ ’ਤੇ ਇਕ ਦੂਜੇ ਤੋਂ 6 ਗਜ ਦੀ ਦੂਰੀ ਬਣਾ ਕੇ ਰੱਖਣ ਅਤੇ ਹਮੇਸ਼ਾਂ ਮਾਸਕ ਜਾਂ ਕਪੜੇ ਨਾਲ ਆਪਣਾ ਨੱਕ ਅਤੇ ਮੁੰਹ ਢੱਕ ਕੇ ਰੱਖਣ, ਆਪਣੇ ਬਰਤਨ ਇਕ ਦੂਜੇ ਨਾਲ ਸਾਂਝੇ ਨਾ ਕਰਨ ਅਤੇ ਤੰਬਾਕੂ ਦੀ ਵਰਤੋਂ ਤੋਂ ਪ੍ਰਹੇਜ਼ ਕਰਨ।
ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਜ਼ਿਲ੍ਹੇ ਦੀਆਂ ਪੰਚਾਇਤਾਂ ਨੇ ਇਸ ਬਿਮਾਰੀ ਦੇ ਪਿੰਡਾਂ ਵਿਚ ਦਾਖਲੇ ਨੂੰ ਰੋਕਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਅਤੇ ਪਿੰਡਾਂ ਵਿਚ ਚੌਕਸੀ ਰੱਖੀ ਸੀ। ਉਨ੍ਹਾਂ ਦੱਸਿਆ ਕਿ ਬੀ ਡੀ ਪੀ ਓਜ਼ ਰਾਜੇਸ਼ ਚੱਢਾ, ਸਰਵਜੀਤ ਸਿੰਘ, ਧਰਮਪਾਲ ਅਤੇ ਈਸ਼ਾਨ ਚੌਧਰੀ ਅਤੇ ਜੀ ਓ ਜੀਜ਼ ਦੇ ਤਹਿਸੀਲ ਮੁਖੀਆਂ ਸ਼ਰਨਜੀਤ ਸਿੰਘ, ਸਤਪਾਲ ਸਿੰਘ ਤੇ ਭਗਤ ਰਾਮ ਵੱਲੋਂ ਅੱਜ ਦੀ ਮੁਹਿੰਮ ਨੂੰ ਨੇਪਰੇ ਚਾੜ੍ਹਨ ’ਚ ਵਿਸ਼ੇਸ਼ ਭੂਮਿਕਾ ਨਿਭਾਈ ਗਈ।
ਉਨ੍ਹਾਂ ਨੇ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਜਦ ਵੀ ਪਿੰਡ ਵਿਚ ਕੋਈ ਬਾਹਰੀ ਵਿਅਕਤੀ ਆਵੇ ਤਾਂ ਇਸਦੀ ਸੂਚਨਾ ਬਲਾਕ ਦਫ਼ਤਰ ਤੇ ਸਿਹਤ ਵਿਭਾਗ ਨੂੰ ਦਿੱਤੀ ਜਾਵੇ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਕੋਵਾ ਐਪ ’ਤੇ ਕੋਵਿਡ ਦੀਆਂ ਸਾਵਧਾਨੀਆਂ ਤਹਿਤ ਆਪਣੀ ਫੋਟੋ ਅਪਲੋਡ ਕਰਨ ਵਾਲੇ ਵਿਅਕਤੀ/ਸੰਸਥਾ ਦੀ ਚੋਣ ਸੂਬਾਈ ਪੱਧਰ ’ਤੇ ਕੀਤੀ ਜਾਵੇਗੀ, ਜਿਸ ਦੀ ਸੂਚੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜੀ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਬੈਜ ਅਤੇ ਟੀ-ਸ਼ਰਟ ਰਾਹੀਂ ਹੌਂਸਲਾ ਅਫ਼ਜ਼ਾਈ ਕੀਤੀ ਜਾ ਸਕੇ। ਇਸ ਮੁਕਾਬਲੇ ਵਿਚ ਭਾਗ ਲੈਣ ਲਈ ਲੋਕ ਕੋਵਾ ਐਪ ਆਪਣੇ ਮੋਬਾਇਲ ਵਿਚ ਡਾਊਨਲੋਡ ਕਰਨ ਅਤੇ ਇਸ ਤਹਿਤ ਕੋਵਾ ਐਪ ਤੇ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਇਸ ਤੋਂ ਬਿਨਾਂ ਲੋਕ 94653-39933 ’ਤੇ ਮਿਸ ਕਾਲ ਕਰਕੇ ਵੀ ਮਿਸ਼ਨ ਫਤਿਹ ਨਾਲ ਜੁੜ ਸਕਦੇ ਹਨ।