ਜ਼ਿਲ੍ਹਾ ਪੁਲਿਸ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਾਂਝ ਕੇਂਦਰਾਂ ਵਿਚ ਭੀੜ ਵਧਣ ਦਾ ਸਖਤ ਨੋਟਿਸ ਲਿਆ, ਲੋਕਾਂ ਨੂੰ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਕੀਤੀ ਅਪੀਲ
ਐਸ ਏ ਐਸ ਨਗਰ, 8 ਜੂਨ 2020: ਐਸਐਸਪੀ ਸ੍ਰੀ ਕੁਲਦੀਪ ਸਿੰਘ ਚਾਹਲ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ‘ਮਿਸ਼ਨ ਫਤਿਹ’ ਦੇ ਇੱਕ ਸਭ ਤੋਂ ਮਹੱਤਵਪੂਰਨ ਉਦੇਸ਼ ਭਾਵ ਮਾਸਕ ਪਹਿਨਣ ਅਤੇ ਸਮਾਜਕ ਦੂਰੀਆਂ ਨੂੰ ਕਾਇਮ ਰੱਖਣ ਵਿੱਚ ਲਿਆਉਣ ਲਈ ਵੱਡਮੁੱਲੀ ਸੇਵਾ ਨਿਭਾ ਰਹੀ ਹੈ। ਢੁਕਵੇਂ ਮਾਸਕ ਨਾ ਪਹਿਨਣ ਵਾਲਿਆਂ, ਢੁੱਕਵੀਂ ਸਮਾਜਕ ਦੂਰੀ ਨਾ ਬਣਾਈ ਰੱਖਣ ਵਾਲਿਆਂ ਅਤੇ ਜਨਤਕ ਥਾਵਾਂ 'ਤੇ ਥੁੱਕਣ ਵਾਲਿਆਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ।
ਉਪਰੋਕਤ ਉਦੇਸ਼ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਿਲ੍ਹਾ ਪੁਲਿਸ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਾਂਝ ਕੇਂਦਰ ਵਿਚ ਲੋਕਾਂ ਦੇ ਹੋਏ ਜਿਆਦਾ ਇਕੱਠ ਦਾ ਸਖਤ ਨੋਟਿਸ ਲਿਆ। ਪਰ ਸਜ਼ਾ ਦੀ ਬਜਾਏ ਇਸ ਘਟਨਾ ਪ੍ਰਤੀ ਸੁਧਾਰਾਤਮਕ ਨਜ਼ਰੀਆ ਅਪਣਾਉਂਦਿਆਂ, ਕਿਉਂਕਿ ਇਹ ਅਨਲੌਕ 1.0 ਤੋਂ ਬਾਅਦ ਪਹਿਲੀ ਵਾਰ ਹੋਇਆ ਸੀ, ਜ਼ਿਲ੍ਹਾ ਪੁਲਿਸ ਨੇ ਸ਼ਾਂਤੀ ਨਾਲ ਲੋਕਾਂ ਨੂੰ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਅਤੇ ਭਵਿੱਖ ਵਿਚ ਢੁਕਵੀਂ ਸਮਾਜਿਕ ਦੂਰੀ ਕਾਇਮ ਰੱਖਣ ਲਈ ਵਾਧੂ ਅਮਲੇ ਤਾਇਨਾਤ ਕਰਨ ਦਾ ਵੀ ਫੈਸਲਾ ਲਿਆ।
ਜ਼ਿਕਰਯੋਗ ਹੈ ਕਿ 20 ਮਈ, 2020 ਤੋਂ ਅੱਜ ਤੱਕ ਜ਼ਿਲ੍ਹਾ ਪੁਲਿਸ ਨੇ ਕੁੱਲ 2021 ਚਲਾਨ ਕੀਤੇ ਹਨ। ਇਨ੍ਹਾਂ ਵਿਚ ਢੁੱਕਵੇਂ ਮਾਸਕ ਨਾ ਪਾਉਣ ਲਈ 1977 ਚਲਾਨ, ਜਨਤਕ ਥਾਵਾਂ 'ਤੇ ਥੁੱਕਣ ਦੇ 43 ਚਲਾਨ ਅਤੇ ਸਮਾਜਿਕ ਦੂਰੀ ਨਾ ਬਣਾਈ ਰੱਖਣ ਦਾ 1 ਚਲਾਨ ਸ਼ਾਮਲ ਹੈ। ਇਹਨਾਂ ਚਲਾਨਾਂ ਨਾਲ ਕੁੱਲ 5,78,700 ਰੁਪਏ ਦੀ ਰਕਮ ਇਕੱਤਰ ਹੋਈ।