ਪੰਜਾਬ ਰੋਡਵੇਜ਼ ਦੇ 100 ਮਿਸ਼ਨ ਫਤਹਿ ਵਾਰੀਅਰਜ਼ ਨੂੰ ਬੈਜਾਂ ਨਾਲ ਕੀਤਾ ਸਨਮਾਨਤ
ਐਸ.ਏ.ਐੱਸ. ਨਗਰ, 25 ਜੂਨ 2020: ''ਤਾਲਾਬੰਦੀ ਦੀਆਂ ਪਾਬੰਦੀਆਂ ਵਿਚ ਢਿੱਲ ਦੇਣ ਅਤੇ ਜਨਤਕ ਆਵਾਜਾਈ ਪ੍ਰਣਾਲੀ ਖੁੱਲ੍ਹਣ ਨਾਲ, ਕੋਰੋਨਾ ਵਾਇਰਸ ਤੋਂ ਬਚਾਅ ਰੱਖਣ ਦੇ ਸੰਬੰਧ ਵਿੱਚ ਸਿਹਤ ਵਿਭਾਗ ਵੱਲੋਂ ਦਿੱਤੀਆਂ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਕਰਨ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਬੱਸਾਂ ਅਤੇ ਬੱਸ ਅੱਡਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਮਿਸ਼ਨ ਫਤਿਹ ਦੇ ਸੰਦੇਸ਼ ਨੂੰ ਘਰ ਪਹੁੰਚਾਉਣ ਲਈ ਵਰਤਿਆ ਜਾ ਰਿਹਾ ਹੈ।’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਜੀ ਐਮ, ਪੰਜਾਬ ਰੋਡਵੇਜ਼ ਸ੍ਰੀ ਕਰਨਜੀਤ ਸਿੰਘ ਕਲੇਰ ਨੇ ਵਿਭਾਗ ਦੇ 100 ਮਿਸ਼ਨ ਫਤਿਹ ਵਾਰੀਅਰਜ਼ ਨੂੰ ਬੈਜ ਲਗਾ ਕੇ ਸਨਮਾਨਿਤ ਕਰਨ ਮੌਕੇ ਕੀਤਾ।
ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਾਹਰ ਜਾਣ ਵੇਲੇ ਮਾਸਕ ਪਹਿਨਣ, ਸੈਨੇਟਾਈਜ਼ਰ ਨਾਲ ਹੱਥ ਧੋਣ ਅਤੇ ਜਿੰਨੇ ਵਾਰ ਸੰਭਵ ਹੋ ਸਕੇ 20 ਸੈਕਿੰਡ ਲਈ ਹੱਥ ਧੋਣ ਅਤੇ ਸਮਾਜਿਕ ਦੂਰੀ ਬਣਾਏ ਰੱਖਣ ਲਈ ਲਈ ਪ੍ਰੇਰਤ ਕਰਨ ਲਈ ਸਾਰੇ ਬੱਸ ਅੱਡਿਆਂ ਵਿਖੇ ਮਹੱਤਵਪੂਰਨ ਥਾਵਾਂ ‘ਤੇ ਪੋਸਟਰ ਲਗਾਏ ਗਏ ਹਨ। ਇਸ ਤੋਂ ਇਲਾਵਾ ਮਿਸ਼ਨ ਫਤਿਹ ਦਾ ਥੀਮ ਗੀਤ ਅਤੇ ਆਡੀਓ ਮੈਸੇਜ ਵੀ ਬੱਸਾਂ ਦੇ ਅੰਦਰ ਚਲਾਏ ਜਾਣ ਨੂੰ ਯਕੀਨੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ, ਲੋਕਾਂ ਨੂੰ ਕੋਵਾ ਐਪ ਡਾਊਨਲੋਡ ਕਰਨ ਦੀ ਅਪੀਲ ਕਰਨ ਸਬੰਧੀ ਸੰਦੇਸ਼ ਸਾਰੀਆਂ ਬੱਸਾਂ ਦੇ ਨਾਲ-ਨਾਲ ਬੱਸ ਅੱਡਿਆਂ ਵਿਚ ਪਬਲਿਕ ਅਡਰੈਸ ਸਿਸਟਮ ਰਾਹੀਂ ਚਲਾਇਆ ਜਾ ਰਿਹਾ ਹੈ।
ਪੰਜਾਬ ਰੋਡਵੇਜ਼ ਦੇ ਕਰਮਚਾਰੀ ਵੀ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿਚ ਇਕ ਨਾਇਕ ਬਣ ਕੇ ਉੱਭਰੇ ਹਨ, ਜਿਨ੍ਹਾਂ ਵਿਚੋਂ ਬਹੁਤ ਸਾਰੇ ਆਪਣੀ ਜਾਨ ਨੂੰ ਜੋਖਮ ਵਿਚ ਪਾ ਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਫਸੇ ਸ਼ਰਧਾਲੂਆਂ ਨੂੰ ਵਾਪਸ ਲਿਆਏ ਸਨ। ਇਸ ਸਬੰਧ ਵਿਚ ਜ਼ਿਕਰਯੋਗ ਹੈ ਕਿ ਬੱਸ ਕੰਡਕਟਰ ਗੁਰਿੰਦਰ ਸਿੰਘ ਅਤੇ ਰਾਜਵੀਰ ਸਿੰਘ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਆਏ ਸਨ ਅਤੇ ਕੋਰੋਨਾ ਵਾਇਰਸ ਲਈ ਪਾਜੇਟਿਵ ਪਾਏ ਗਏ ਸਨ। ਪਰ ਉਹ ਸਫਲਤਾਪੂਰਵਕ ਆਈਸੋਲੇਸ਼ਨ ਮਿਆਦ ਪੂਰੀ ਕਰਨ ਤੋਂ ਬਾਅਦ, ਆਪਣੀ ਡਿਊਟੀ ‘ਤੇ ਮੁੜ ਪਰਤੇ ਹਨ।
ਉਨ੍ਹਾਂ ਸਮਾਜ ਦੇ ਸਾਰੇ ਵਰਗਾਂ ਨੂੰ ਅਪੀਲ ਕੀਤੀ ਕਿ ਉਹ ਇਕੱਠੇ ਹੋਣ ਅਤੇ ਸਿਹਤ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕਰਨ ਤਾਂ ਜੋ ਕੋਰੋਨਾ ਮਹਾਂਮਾਰੀ ਨੂੰ ਹਰਾਇਆ ਜਾ ਸਕੇ।