ਮਨਿੰਦਰਜੀਤ ਸਿੱਧੂ
ਜੈਤੋ, 22 ਅਪ੍ਰੈਲ 2020 - ਪੰਜਾਬ ਦੇ ਕਈ ਹਿੱਸਿਆਂ ਵਿੱਚ ਪਿਛਲੇ ਦਿਨਾਂ ਵਿੱਚ ਪਏ ਭਾਰੇ ਮੀਂਹ ਅਤੇ ਗੜੇਮਾਰੀ ਕਰਕੇ ਹਜਾਰਾਂ ਏਕੜ ਕਣਕ ਦੀ ਫਸਲ ਦਾ ਨੁਕਸਾਨ ਹੋਇਆ ਹੈ। ਪਿਛਲੇ ਤਿੰਨ ਦਿਨਾਂ ਤੋਂ ਸੂਬੇ ਵਿੱਚ ਪੈ ਰਹੇ ਮੀਂਹ ਅਤੇ ਗੜੇਮਾਰੀ ਨਾਲ ਖਾਸ ਤੌਰ `ਤੇ ਮੋਗਾ, ਫਰੀਦਕੋਟ, ਬਰਨਾਲਾ, ਸੰਗਰੂਰ, ਲੁਧਿਆਣਾ ਅਤੇ ਕਈ ਹੋਰ ਜ਼ਿਲ੍ਹਿਆਂ ਵਿੱਚ ਫਸਲਾਂ ਨੁਕਸਾਨੀਆਂ ਗਈਆਂ ਹਨ। ਇਸ ਤੋਂ ਇਲਾਵਾ ਜੈਤੋ ਦੀ ਅਨਾਜ ਮੰਡੀ ਵਿੱਚ ਪਾਣੀ ਭਰਨ ਨਾਲ ਕਣਕ ਦੀਆਂ ਢੇਰੀਆਂ ਦਾ ਵੀ ਨੁਕਸਾਨ ਹੋਇਆ ਹੈ ਇਹਨਾਂ ਸਬਦਾਂ ਦਾ ਪ੍ਰਗਟਾਵਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੈਤੋੋ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਮੋਲਕ ਸਿੰਘ ਨੇ ਕੀਤਾ।
ਉਹਨਾਂ ਕਿਹਾ ਕਿ ਕਈ ਥਾਵਾਂ `ਤੇ ਫਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ, ਜਿਸ ਨਾਲ ਕਈ ਏਕੜ ਫਸਲ ਸੜਕੇ ਸਵਾਹ ਹੋ ਗਈ ਹੈ।ਉਹਨਾਂ ਕਿਹਾ ਕਿ ਪਹਿਲਾਂ ਕਰੋਨਾ ਕਾਰਨ ਹੋਈ ਦੇਸ਼ਬੰਦੀ ਨਾਲ ਉੱਤੋਂ ਹੁਣ ਕੁਦਰਤ ਦੀ ਕਰੋਪੀ ਕਾਰਨ ਹਾੜੀ ਦੀ ਫਸਲ ਉੱਤੇ ਦੂਹਰੀ ਮਾਰ ਪਈ ਹੈ। ਜਿਸ ਨਾਲ ਜਿੱਥੇ ਖੇਤਾਂ ਵਿੱਚ ਖੜ੍ਹੀਆਂ ਫਸਲਾਂ ਤਾਂ ਬਰਬਾਦ ਹੋਈਆਂ ਹੀ ਹਨ, ਨਾਲ ਨਾਲ ਖਰੀਦ ਮੰਡੀਆਂ ਵਿੱਚਲੇ ਨਾਕਸ ਪ੍ਰਬੰਧ ਕਰਕੇ ਵਿੱਕਰੀ ਲਈ ਆਈ ਕੱਢੀ ਹੋਈ ਫਸਲ ਵੀ ਬਰਬਾਦ ਹੋ ਗਈ ਹੈ। ਉਹਨਾਂ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਮੀਂਹ, ਗੜਿਆਂ ਅਤੇ ਅੱਗਾਂ ਲੱਗਣ ਕਾਰਨ ਬਰਬਾਦ ਹੋਈਆਂ ਫਸਲਾਂ ਦਾ ਢੁੱਕਵਾਂ ਮੁਆਵਜਾ ਕਿਸਾਨਾਂ ਨੂੰ ਦਿੱਤਾ ਜਾਵੇ।