ਹਰੀਸ਼ ਕਾਲੜਾ
ਰੂਪਨਗਰ, 2 ਅਪ੍ਰੈਲ 2020 - ਸਾਰਾ ਦੇਸ਼ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਨਾਲ ਜੰਗ ਕਰ ਰਿਹਾ ਹੈ ਇਸ ਜੰਗ ਵਿੱਚ ਹਰ ਵਿਅਕਤੀ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ ਕੁਝ ਲੋਕ ਘਰ ਬੈਠ ਕੇ ਕਰਫਿਊ ਦਾ ਪਾਲਣ ਕਰਦੇ ਹੋਏ ਆਪਣਾ ਯੋਗਦਾਨ ਪਾ ਰਹੇ ਹਨ ਤਾਂ ਕੁਝ ਲੋਕ ਆਪਣੇ ਵੱਲੋਂ ਦਿੱਤੀਆਂ ਜਾਣ ਵਾਲੀਆਂ ਜ਼ਰੂਰੀ ਸੇਵਾਵਾਂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਦੇ ਰਹੇ ਹਨ।
ਇਸ ਸਬੰਧੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਦਿੱਤੇ ਗਏ ਭਾਸ਼ਣ ਵਿੱਚ ਤਿੰਨ ਵਰਗਾਂ ਨੂੰ ਬਾਹਰ ਰਹਿਣ ਅਤੇ ਇਸ ਮਹਾਂਮਾਰੀ ਨਾਲ ਲੜਨ ਦੇ ਹੁਕਮ ਦਿੱਤੇ ਸਨ ਜਿਨ੍ਹਾਂ ਦੀ ਪਾਲਣਾ ਇੰਨ ਬਿੰਨ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਕਰਨ ਦੀ ਗੱਲ ਵੀ ਕਹੀ ਸੀ। ਇਨ੍ਹਾਂ ਤਿੰਨ ਵਰਗਾਂ ਦੇ ਵਿੱਚ ਪਹਿਲਾ ਵਰਗ ਜਨ ਪ੍ਰਤੀਨਿਧੀ ਸੀ ਦੂਸਰਾ ਵਰਗ ਜ਼ਰੂਰੀ ਸੇਵਾਵਾਂ ਦੇਣ ਵਾਲੇ ਅਧਿਕਾਰੀ ਅਤੇ ਮੁਲਾਜ਼ਮ ਸਨ ਅਤੇ ਤੀਸਰਾ ਵਰਗ ਮੀਡੀਆ ਸੀ।
ਜੇਕਰ ਗੱਲ ਕਰੀਏ ਪਹਿਲੇ ਵਰਗ ਜਨ ਪ੍ਰਤੀਨਿਧੀ ਵਰਗ ਦੀ ਤਾਂ ਉਨ੍ਹਾਂ ਨੇ ਤਾਂ ਪਹਿਲਾਂ ਹੀ ਆਪਣੇ ਆਪ ਨੂੰ ਆਪਣੇ ਘਰਾਂ ਵਿੱਚ ਆਈਸੋਲੇਟ ਕਰ ਲਿਆ ਹੈ ਅਤੇ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਮੀਟਿੰਗਾਂ ਲੈ ਰਹੇ ਹਨ ਅਤੇ ਆਪਣੇ ਹੁਕਮ ਸੁਣਾ ਰਹੇ ਹਨ। ਦੂਸਰਾ ਵਰਗ ਹੈ ਪੁਲਿਸ ਅਤੇ ਪ੍ਰਸ਼ਾਸਨ ਜੋ ਕਿ ਸੜਕਾਂ ਤੇ ਨਿਕਲ ਕੇ ਮਰੀਜ਼ਾਂ ਦੀ ਦੇਖ ਰੇਖ ਕਰ ਰਹੇ ਹਨ ਅਤੇ ਪਹਿਲੇ ਵਰਗ ਵੱਲੋਂ ਦਿੱਤੇ ਗਏ ਹੁਕਮਾਂ ਦਾ ਲੋਕਾਂ ਤੋਂ ਪਾਲਣ ਕਰਵਾ ਰਹੇ ਹਨ ਅਤੇ ਇਸ ਵਰਗ ਲਈ ਸਰਕਾਰ ਵੱਲੋਂ ਮਾਸਕ ,ਸੈਨੀਟਾਈਜ਼ਰ, ਗਲਬਜ਼ ਅਤੇ ਹੋਰ ਜੋ ਜ਼ਰੂਰੀ ਚੀਜ਼ਾਂ ਚਾਹੀਦੀਆਂ ਹਨ ਉਹ ਦੂਸਰੇ ਵਰਗ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਪਰ ਜੋ ਵਰਗ ਇੱਕ ਇੱਕ ਮਿੰਟ ਦੀ ਖ਼ਬਰ ਘਰ ਬੈਠੇ ਲੋਕਾਂ ਤੱਕ ਪਹੁੰਚਾ ਰਿਹਾ ਹੈ ਅਤੇ ਇਸ ਮਹਾਂਮਾਰੀ ਦੇ ਵਿੱਚ ਦੂਜੇ ਵਰਗ ਦੇ ਨਾਲ ਮੋਢੇ ਦੇ ਮੋਢਾ ਜੋੜ ਕੇ ਤੁਰ ਰਿਹਾ ਹੈ ਉਸ ਮੀਡੀਆ ਵਰਗ ਨੂੰ ਸਰਕਾਰ ਵੱਲੋਂ ਬਿਲਕੁਲ ਹੀ ਅਣਗੌਲਿਆ ਕੀਤਾ ਜਾ ਰਿਹਾ ਹੈ। ਹੁਣ ਤੱਕ ਵੀ ਸਰਕਾਰ ਵੱਲੋਂ ਨਾ ਤਾਂ ਮੀਡੀਆ ਵਰਗ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਗਰੀ ਮੁਹੱਈਆ ਕਰਵਾਈ ਗਈ ਹੈ ਅਤੇ ਨਾ ਹੀ ਮੀਡੀਆ ਵਰਗ ਇਸ ਲਈ ਕੋਈ ਬੀਮੇ ਜਾਂ ਹੋਰ ਮਦਦ ਦਾ ਪੀੜਤ ਹੋਣ ਤੋਂ ਬਾਅਦ ਐਲਾਨ ਕੀਤਾ ਗਿਆ ਹੈ। ਜੇਕਰ ਇਹ ਕਹਿ ਲਿਆ ਜਾਵੇ ਕਿ ਮੀਡੀਆ ਕਰਮਚਾਰੀ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਦੇਸ਼ ਦੀ ਸੇਵਾ ਕਰ ਰਹੇ ਹਨ ਤਾਂ ਇਹ ਕੋਈ ਅੱਤਕਥਨੀ ਨਹੀਂ ਹੋਵੇਗਾ।
ਜੇਕਰ ਗੱਲ ਕਰੀਏ ਮੀਡੀਆ ਦੇ ਰੋਲ ਦੀ ਤਾਂ ਅੱਜ ਕਿਸੇ ਵੀ ਸ਼ਹਿਰ ਦੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਦੀ ਗੱਲ ਅਖਬਾਰਾਂ ਅਤੇ ਇਲੈਕਟ੍ਰੋਨਿਕ ਮੀਡੀਆ ਤੋਂ ਬਗੈਰ ਨਹੀਂ ਚੱਲਦੀ। ਅੱਜ ਲੋਕਾਂ ਤਕ ਪ੍ਰਸ਼ਾਸਨ ਵੱਲੋਂ ਜੋ ਵੀ ਸੁਨੇਹਾ ਲਗਵਾਉਣਾ ਹੈ ਉਹ ਮੀਡੀਆ ਰਾਹੀਂ ਲਗਵਾਇਆ ਜਾਂਦਾ ਹੈ ਪਰ ਫਿਰ ਵੀ ਮੀਡੀਆ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜ਼ਿਲ੍ਹਾ ਪ੍ਰੈੱਸ ਕਲੱਬਜ਼ ਐਸੋਸੀਏਸ਼ਨ ਰੂਪਨਗਰ ਦੇ ਪ੍ਰਧਾਨ ਬਹਾਦਰਜੀਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਅੱਤ ਮਹੱਤਵਪੂਰਨ ਵਰਗ ਨੂੰ ਇਸ ਤਰ੍ਹਾਂ ਅਣਗੌਲਿਆ ਕੀਤਾ ਜਾਣਾ ਬਹੁਤ ਹੀ ਮੰਦਭਾਗਾ ਹੈ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਫੀਲਡ ਵਿਚ ਕੰਮ ਕਰ ਰਹੇ ਪੱਤਰਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਪੰਜਾਬ ਸਰਕਾਰ ਆਪਣਾ ਰੋਲ ਅਦਾ ਕਰੇ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਛੇਤੀ ਹੀ ਉੱਚ ਅਧਿਕਾਰੀਆਂ ਨਾਲ ਵੀ ਗੱਲ ਕਰਨਗੇ।