ਅਸ਼ੋਕ ਵਰਮਾ
ਮਾਨਸਾ, 3 ਮਈ 2020 - ਮਜਦੂਰ ਮੁਕਤੀ ਮੋਰਚਾ ਪੰਜਾਬ ਅਤੇ ਪੰਜਾਬ ਕਿਸਾਨ ਯੂਨੀਅਨ ਨੇ ਬੜੀ ਮੁਸ਼ਕਲ ਨਾਲ ਕਰਫਿਊਂ ਪਾਸ ਬਣਵਾ ਕੇ ਆਪਣੇ ਖਰਚੇ ਤੇ ਔਰੰਗਾਬਾਦ ਤੋਂ ਪੰਜਾਬ ਪਹੁੰਚੇ 30 ਪੰਜਾਬੀ ਮਜਦੂਰਾਂ ਨੂੰ ਪਾਤੜਾਂ ਦੇ ਐਸ ਡੀ ਐਮ ਅਤੇ ਪੁਲਿਸ ਅਫਸਰਾਂ ਵੱਲੋਂ ਸੂਬੇ ਦੀ ਹੱਦ ਤੋਂ ਵਾਪਿਸ ਭੇਜਣ ਦੀ ਸਖਤ ਨਿਖੇਧੀ ਕੀਤੀ ਹੈ।
ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇੰਨਾਂ ਮਜਦੂਰਾਂ ਤੋਂ ਮੁਆਫੀ ਮੰਗਣ , ਜਿੰਮੇਵਾਰ ਅਧਿਕਾਰੀਆਂ ਖਿਲਾਫ ਕਾਨੂੰਨੀ ਕਰਵਾਈ ਕਰਨ ਅਤੇ ਵਾਪਿਸ ਭੇਜੇ ਮਜਦੂਰਾਂ ਨੂੰ ਸਰਕਾਰ ਤੋਂ ਆਪਣੇ ਖਰਚੇ ਤੇ ਪੰਜਾਬ ਲਿਆਉਣ ਦੀ ਮੰਗ ਕੀਤੀ ਹੈ।
ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਉਂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਇੱਕ ਪਾਸੇ ਸਰਕਾਰਾਂ ਅਮੀਰ ਲੋਕਾਂ ਨੂੰ ਜਹਾਜਾਂ ਤੇ ਮਹਿੰਗੀਆਂ ਬੱਸਾਂ ਰਾਹੀਂ ਪੰਜਾਬ ਲਿਆ ਰਹੀ ਹੈ ਅਤੇ ਦੂਜੇ ਪਾਸੇ ਕੰਬਾਇਨਾਂ ਤੇ ਬਾਹਰਲੇ ਸੂਬਿਆਂ ਵਿੱਚ ਖੇਤੀ ਦਾ ਕੰਮ ਕਰਨ ਗਏ ਪੰਜਾਬ ਦੇ ਮਜਦੂਰਾਂ ਨੂੰ ਆਏ ਮਜਦੂਰਾਂ ਨੂੰ ਰਾਜ ਦੀ ਹੱਦ ਪਾਤੜਾਂ ਤੋਂ ਅਧਿਕਾਰੀਆਂ ਨੇ ਵਾਪਿਸ ਮੋੜ ਦਿੱਤਾ ਜਿਨਾਂ ਦਾ ਅੱਜ ਤੱਕ ਕੋਈ ਪਤਾ ਨਹੀਂ ਹੈ ।
ਉਹਨਾਂ ਕਿਹਾ ਕਿ ਕਰੋਨਾ ਦੀ ਬਿਮਾਰੀ ਦੇ ਟਾਕਰੇ ਲਈ ਬਿਨਾਂ ਅਗਾਊ ਸੂਚਨਾ ਦੇ ਲਾਏ ਕਰਫਿਊ ਕਾਰਨ ਆਮ ਲੋਕਾਂ ਮਜਦੂਰਾਂ ਦੀ ਜਿੰਦਗੀ ਨਰਕ ਬਣ ਗਈ ਹੈ। ਉਹਨਾਂ ਕਿਹਾ ਕਰਫਿਊ ਤੋਂ ਇੱਕ ਹਫਤਾ ਪਹਿਲਾ ਸਰਕਾਰ ਨੇ ਸੂਚਨਾ ਦਿੱਤੀ ਹੁੰਦੀ ਤਾਂ ਅੱਜ ਮਜਦੂਰਾਂ ਨੂੰ ਸੜਕਾਂ ਤੇ ਰੁਲਣਾ ਨਾ ਪੈਂਦਾ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਾਪਿਸ ਭੇਜੇ ਮਜਦੂਰਾਂ ਕਿੱਥੇ ਗਏ, ਦਾ ਪਤਾ ਜਨਤਕ ਕਰੇ ਪਾਤੜਾਂ ਦੇ ਅਫਸਰਾਂ ਖਿਲਾਫ ਕਾਰਵਾਈ ਕਰੇ ਅਤੇ ਇਸ ਘਟਨਾਂ ਲਈ ਮੁੱਖ ਮੰਤਰੀ ਕੈਪਟਨ ਮਜਦੂਰਾਂ ਤੋਂ ਮਾਫੀ ਮੰਗਣ।