- ਦੁੱਧ, ਸਬਜ਼ੀਆਂ ਤੇ ਹੋਰ ਵਸਤਾਂ ਦੀ ਸਪਲਾਈ ਦੀ ਰਿਪੋਰਟ ਮੁੱਖ ਮੰਤਰੀ ਨੂੰ ਭੇਜੀ - ਚਹਿਲ
ਪਟਿਆਲਾ, 27 ਮਾਰਚ 2020 - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਸ. ਭਰਤਇੰਦਰ ਸਿੰਘ ਚਹਿਲ ਨੇ ਕੋਵਿਡ-19 ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਕਰਫਿਊ ਦੌਰਾਨ ਪਟਿਆਲਾ ਸ਼ਹਿਰ ਦੇ ਵੱਖ-ਵੱਖ ਥਾਵਾਂ ਵਿਖੇ ਜਾ ਕੇ ਜਿੱਥੇ ਝੁੱਗੀ ਝੌਂਪੜੀਆਂ ਵਿਖੇ ਲੋੜਵੰਦਾਂ ਨੂੰ ਰਾਸ਼ਨ ਅਤੇ ਹੋਰ ਵਸਤੂਆਂ ਵੰਡੇ ਜਾਣ ਦਾ ਜਾਇਜ਼ਾ ਲਿਆ ਉਥੇ ਹੀ ਉਨ੍ਹਾਂ ਨੇ ਦੁੱਧ, ਸਬਜ਼ੀਆਂ ਤੇ ਰਾਸ਼ਨ ਦੀ ਸਪਲਾਈ ਯਕੀਨੀ ਤੌਰ 'ਤੇ ਕੀਤੇ ਜਾਣ ਦੀਆਂ ਹਦਾਇਤਾਂ ਵੀ ਕੀਤੀਆਂ। ਚਹਿਲ ਨੇ ਇਸ ਸਬੰਧੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ਦੀ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਭੇਜੀ ਹੈ।
ਭਰਤਇੰਦਰ ਸਿੰਘ ਚਹਿਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਇਸ ਸੰਕਟ ਦੀ ਘੜੀ ਵਿੱਚ ਲੋਕਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਲੋਕਾਂ ਦੀਆਂ ਜਰੂਰੀ ਲੋੜਾਂ ਵਾਲੀਆਂ ਵਸਤਾਂ ਦੀ ਸਪਲਾਈ ਹਰ ਹਾਲ ਵਿੱਚ ਬਹਾਲ ਰੱਖੀ ਜਾਵੇਗੀ। ਚਾਹਲ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨ। ਇਸ ਤੋਂ ਬਿਨ੍ਹਾਂ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣ ਸਮੇਤ ਆਪਣੇ ਹੱਥ ਵਾਰ-ਵਾਰ ਧੋਂਹਦੇ ਰਹਿਣ ਤੇ ਹੱਥ ਆਪਣੇ ਮੂੰਹ, ਨੱਕ ਤੇ ਅੱਖਾਂ ਨੂੰ ਲਗਾਉਣ ਤੋਂ ਵੀ ਗੁਰੇਜ਼ ਕਰਨ।
ਚਹਿਲ ਨੇ ਕਿਹਾ ਕਿ ਇਹ ਕਰਫਿਊ ਲੋਕਾਂ ਦੀ ਜਾਨ ਦੀ ਹਿਫ਼ਾਜ਼ਤ ਦੇ ਮੱਦੇਨਜ਼ਰ ਲਗਾਇਆ ਗਿਆ ਹੈ, ਜਿਸ ਲਈ ਲੋਕ ਕਰਫਿਊ ਦੌਰਾਨ ਆਪਣੇ ਘਰਾਂ ਵਿੱਚੋਂ ਬਾਹਰ ਨਾ ਨਿਕਲਣ। ਉਨ੍ਹਾਂ ਨੇ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ 'ਤੇ ਤਸੱਲੀ ਦਾ ਇਜ਼ਹਾਰ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਅਜਿਹੇ ਪੁਖ਼ਤਾ ਪ੍ਰਬੰਧ ਲਗਾਤਾਰ ਕੀਤੇ ਜਾਣ ਕਿ ਆਮ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਿਲ ਨਾ ਆਵੇ।