ਜ਼ਿਲ੍ਹਾ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਨ ਨਾਲ ਕੁਝ ਘੰਟਿਆਂ ਦੇ ਅੰਦਰ ਅੱਗ ‘ਤੇ ਕਾਬੂ ਪਾਇਆ, ਜਾਨੀ ਨੁਕਸਾਨ ਤੋਂ ਬਚਾਅ
ਐਸ ਏ ਐਸ ਨਗਰ, 20 ਅਪ੍ਰੈਲ 2020: "ਪਿੰਡ ਮੁੱਲਾਂਪੁਰ ਵਿਖੇ ਕੱਲ੍ਹ ਦੁਪਹਿਰ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੁਰੰਤ ਅਤੇ ਤੇਜ਼ ਕਾਰਵਾਈ ਕਰਦਿਆਂ ਕੁਝ ਹੀ ਘੰਟਿਆਂ ਵਿੱਚ ਅੱਗ ਨੂੰ ਕਾਬੂ ਵਿਚ ਕਰ ਲਿਆ ਗਿਆ।"
ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਪਿੰਡ ਦੇ ਬਾਹਰਵਾਰ ਅਤੇ ਆਈ.ਏ.ਐੱਸ. / ਪੀ ਸੀ ਐਸ ਸੁਸਾਇਟੀ ਦੇ ਨਜ਼ਦੀਕ ਸਰਕੰਡਾ ਘਾਹ ਨੂੰ ਅੱਗ ਲੱਗ ਗਈ। ਉਨ੍ਹਾਂ ਅੱਗੇ ਦੱਸਿਆ ਕਿ ਗ੍ਰਾਮ ਪੰਚਾਇਤ ਮੁੱਲਾਂਪੁਰ ਅਤੇ ਪਿੰਡ ਵਾਸੀਆਂ ਦਰਮਿਆਨ ਅਦਾਲਤੀ ਕੇਸ ਚੱਲਣ ਕਾਰਨ ਘਾਹ ਨਹੀਂ ਵੱਢਿਆ ਜਾ ਸਕਿਆ।
ਉਹਨਾਂ ਇਹ ਵੀ ਦੱਸਿਆ ਕਿ ਸਰਕੰਡਾ ਘਾਹ 200 ਏਕੜ ਵਿੱਚ ਫੈਲਿਆ ਹੋਇਆ ਹੈ ਅਤੇ ਇਸ ਵਿੱਚੋਂ 20 ਏਕੜ ਸੜ ਗਿਆ। ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਜੰਗਲਾਤ ਵਿਭਾਗ ਦਾ ਪਾਣੀ ਵਾਲਾ ਟੈਂਕਰ ਤੁਰੰਤ 50-60 ਮਜ਼ਦੂਰਾਂ, ਬੇਲਦਾਰਾਂ, ਰੇਂਜ ਅਫ਼ਸਰ ਬਲਜਿੰਦਰ ਸਿੰਘ ਅਤੇ ਡੀਐਫਓ ਗੁਰਅਮਨ ਸਿੰਘ ਦੇ ਨਾਲ ਪਹੁੰਚ ਗਿਆ। ਪਰ ਤੇਜ਼ ਹਵਾ ਦੇ ਚੱਲਣ ਕਾਰਨ ਐਮ ਸੀ ਖਰੜ ਅਤੇ ਮੁਹਾਲੀ ਤੋਂ 2 ਅੱਗ ਬੁਝਾਊ ਟੈਂਡਰਾਂ ਨੂੰ ਲਗਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।