ਅਸ਼ੋਕ ਵਰਮਾ
ਮਾਨਸਾ, 17 ਅਪ੍ਰੈਲ 2020 - ਕੋਰੋਨਾ ਦੀ ਮਹਾਂਮਾਰੀ ਦੇ ਮੱਦੇ ਨਜ਼ਰ ਪੂਰੀ ਦੁਨੀਆਂ ਵਿੱਚ ਫੈਲੀ ਦਹਿਸ਼ਤ ਅਤੇ ਡਰ ਦੇ ਮਹੌਲ ਵਿੱਚ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆ ਹਨ ਅਤੇ ਪੰਜਾਬ ਵਿੱਚ ਅਧੂਰੇ ਪ੍ਰਬੰਧਾਂ ਅਤੇ ਸਟਾਫ ਦੀ ਘਾਟ ਕਾਰਨ ਹੈਲਥ ਕਾਮਿਆਂ ਵੱਲੋਂ ਆਪਣੀ ਜਾਨ ਤਲੀ ਦੇ ਰੱਖ ਕੇ ਤਨਦੇਹੀ ਨਾਲ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਕੰਮ ਕੀਤਾ ਜਾ ਰਿਹਾ ਹੈ ਜਦੋਂ ਕਿ ਪ੍ਰਾਈਵੇਟ ਵੱਡੇ ਹਸਪਤਾਲਾਂ ਵੱਲੋਂ ਇਸ ਸੰਕਟ ਦੌਰਾਨ ਹੱਥ ਖੜੇ ਕਰ ਦਿੱਤੇ ਗਏ ਸਨ ਅਤੇ ਕੋਰੋਨਾ ਦੇ ਡਰ ਦੇ ਮਾਰਿਆਂ ਹਸਪਤਾਲਾਂ ਨੂੰ ਜਿੰਦੇ ਲਾ ਲਏ ਸਨ।
ਜਦੋਂ ਕਿ ਪਿੰਡਾਂ ਅਤੇ ਸ਼ਹਿਰਾਂ ਦੀਆਂ ਸਲੱਮ ਏਰੀਏ ਵਿੱਚ ਲੰਮੇ ਸਮੇਂ ਤੋਂ ਕੰਮ ਕਰਦੇ ਮੈਡੀਕਲ ਪ੍ਰੈਕਟੀਸ਼ਨਰਾਂ ਵੱਲੋਂ ਇਸ ਸੰਕਟ ਦੇ ਸਮੇਂ ਵਿੱਚ ਆਪਣੀਆਂ ਸੇਵਾਵਾਂ ਆਮ ਲੋਕਾਂ ਵਿੱਚ ਜਾਰੀ ਰੱਖੀਆਂ ਗਈਆਂ ਜੋ ਕਿ ਸ਼ਲਾਘਾਯੋਗ ਕਦਮ ਹੈ। ਇਹ ਸ਼ਬਦ ਸੀ.ਪੀ.ਆਈ. ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾ. ਹਰਦੇਵ ਸਿੰਘ ਅਰਸ਼ੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕੀਤਾ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਜੋ ਸੰਕਟ ਦੇ ਸਮੇਂ ਵਿੱਚ ਲੋਕਾਂ ਦੀਆਂ ਸਿਹਤ ਸੇਵਾਵਾਂ ਨਾਲ ਸੇਵਾ ਕਰ ਰਹੇ ਨੂੰ ਕੋਈ ਸ਼ਾਰਟ ਟਰਮ ਕੋਰਸ ਕਰਵਾ ਕੇ ਕੰਮ ਕਰਨ ਦੀ ਇਜਾਜਤ ਦੇਵੇ ਤਾਂ ਜੋ ਮੈਡੀਕਲ ਪ੍ਰੈਕਟੀਸ਼ਨਰ ਦੇ ਖੌਫ ਲੋੜਵੰਦ ਲੋਕਾਂ ਦੀ ਸੇਵਾ ਕਰ ਸਕਣ। ਵੱਡੇ ਹਸਪਤਾਲਾਂ ਨੂੰ ਵੀ ਅਪੀਲ ਕੀਤੀ ਕਿ ਇਸ ਸੰਕਟ ਦੇ ਸਮੇਂ ਵਿੱਚ ਆਪਣੇ ਹਸਪਤਾਲ ਖੋਲ ਕੇ ਲੋਕਾਂ ਦੀ ਸਿਹਤ ਸੇਵਾਵਾਂ ਨਾਲ ਸੇਵਾ ਕਰਨ।