ਰਜਨੀਸ਼ ਸਰੀਨ
ਐੱਸ.ਏ.ਐੱਸ.ਨਗਰ, 23 ਅਪਰੈਲ 2020 - ਜਿਵੇਂ ਕਿ ਹਰ ਸਾਲ ਸਿੱਖਿਆ ਵਿਭਾਗ ਦੀ ਮੈਰੀਟੋਰੀਅਸ ਸੁਸਾਇਟੀ ਵੱਲੋਂ ਦਸਵੀਂ ਜਮਾਤ 'ਚੋਂ ਮੈਰਿਟ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦੀ ਅੰਮਿ੍ਤਸਰ, ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ, ਜਲੰਧਰ, ਲੁਧਿਆਣਾ, ਮੋਹਾਲੀ, ਪਟਿਆਲਾ, ਸੰਗਰੂਰ ਅਤੇ ਤਲਵਾੜਾ (ਹੁਸ਼ਿਆਰਪੁਰ) ਵਿਖੇ ਸਥਿਤ ਮੈਰੀਟੋਰੀਅਸ ਸਕੂਲਾਂ ਵਿੱਚ 11ਵੀਂ ਜਮਾਤ ਵਿੱਚ ਦਾਖਲੇ ਲਈ ਪ੍ਰੀਖਿਆ ਲਈ ਜਾਂਦੀ ਹੈ।
ਪਰ ਇਸ ਸਾਲ ਕੋਵਿਡ-19 ਤੋਂ ਸੁਰੱਖਿਆ ਸਬੰਧੀ ਨਿਯਮਾਂ ਦੀ ਪਾਲਣਾ ਕਰਦਿਆਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਕਰਫਿਊ/ਲਾਕਡਾਊਨ ਦੀ ਮਿਆਦ ਨੂੰ 15 ਅਪਰੈਲ ਤੋਂ 3 ਮਈ ਤੱਕ ਵਧਾਉਣ ਕਰਕੇ ਸੈਸ਼ਨ 2020-21 ਲਈ ਪੰਜਾਬ ਦੇ ਇਹਨਾਂ ਸਾਰੇ ਮੈਰੀਟੋਰੀਅਸ ਸਕੂਲਾਂ ਵਿੱਚ 11ਵੀਂ ਜਮਾਤ ਦੇ ਦਾਖ਼ਲੇ ਸਬੰਧੀ ਰਜਿਟ੍ਰੇਸ਼ਨ ਕਰਵਾਉਣ ਦੀ ਮਿਤੀ ਵਿੱਚ ਵੀ ਮੈਰੀਟੋਰੀਅਸ ਸੁਸਾਇਟੀ ਵੱਲੋਂ ਤਬਦੀਲੀ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਵਿਭਾਗ ਦੀ ਮੈਰੀਟੋਰੀਅਸ ਸੁਸਾਇਟੀ ਵੱਲੋਂ ਇਸ ਸਬੰਧੀ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਮੌਜੂਦਾ ਸੈਸ਼ਨ ਲਈ ਪੰਜਾਬ ਦੇ ਸਾਰੇ ਮੈਰੀਟੋਰੀਅਸ ਸਕੂਲਾਂ ਵਿੱਚ 11ਵੀਂ ਜਮਾਤ ਲਈ ਦਾਖ਼ਲਾ ਪ੍ਰੀਖਿਆ ਦੀ ਰਜਿਸਟ੍ਰੇਸ਼ਨ ਕਰਵਾਉਣ ਦੀ ਮਿਤੀ ਨੂੰ ਵਧਾ ਕੇ 10 ਮਈ ਸ਼ਾਮ 5.00 ਵਜੇ ਤੱਕ ਕਰ ਦਿੱਤਾ ਹੈ।
ਜਿਕਰਯੋਗ ਹੈ ਕਿ ਤਲਵਾੜਾ ਵਿਖੇ ਮੈਰੀਟੋਰੀਅਸ ਸਕੂਲ ਵਿੱਚ 9ਵੀਂ ਜਮਾਤ ਵਿੱਚ ਵੀ ਦਾਖਲੇ ਕੀਤੇ ਜਾਂਦੇ ਹਨ| ਇਸ ਲਈ ਰਜਿਸਟ੍ਰੇਸ਼ਨ ਕਰਵਾਉਣ ਦੀ ਪ੍ਰਕਿਰਿਆ ਹਿੱਤ ਆਖਰੀ ਮਿਤੀ ਨੂੰ ਵਧਾ ਕੇ 10 ਮਈ ਸ਼ਾਮ 5 ਵਜੇ ਤੱਕ ਕਰ ਦਿੱਤਾ ਗਿਆ ਹੈ।